੧੮
ਯਿਸੂ ਨੂੰ ਫੜਵਾਇਆ ਜਾਣਾ
(ਮੱਤੀ 26:47-56; ਮਰਕੁਸ 14:43-50; ਲੂਕਾ 22:47-53)
੧ ਜਦੋਂ ਯਿਸੂ ਗੱਲਾਂ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉਹ ਕਿਦਰੋਨ ਦਰਿਆ ਦੇ ਪਾਰ ਚਲੇ ਗਏ । ਉੱਥੇ ਇੱਕ ਜੈਤੂਨ ਦੇ ਰੁੱਖਾਂ ਦਾ ਬਾਗ ਸੀ, ਯਿਸੂ ਅਤੇ ਉਸ ਦੇ ਚੇਲੇ ਉੱਥੇ ਚਲੇ ਗਏ । ੨ ਅਤੇ ਯਹੂਦਾ ਇਸ ਥਾਂ ਤੋਂ ਵਾਕਫ਼ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਉਸ ਥਾਂ ਤੇ ਜਾਂਦਾ ਸੀ । ਇਹ ਯਹੂਦਾ ਹੀ ਸੀ ਜਿਸ ਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀਂ ਫ਼ੜਵਾਉਣਾ ਸੀ । ੩ ਫ਼ਿਰ ਯਹੂਦਾ ਉੱਥੇ ਸਿਪਾਹੀਆਂ ਦਾ ਇੱਕ ਜੱਥਾ ਲੈ ਕੇ ਆਇਆ, ਇਹੀ ਨਹੀਂ ਸਗੋਂ ਉਹ ਆਪਣੇ ਨਾਲ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਕੋਲੋਂ ਕੁੱਝ ਪਿਆਦੇ ਵੀ ਲੈ ਆਇਆ । ਉਨ੍ਹਾਂ ਦੇ ਹੱਥਾਂ ਵਿੱਚ ਦੀਵੇ, ਮਸ਼ਾਲਾਂ ਅਤੇ ਹਥਿਆਰ ਸਨ । ੪ ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ । ਯਿਸੂ ਬਾਹਰ ਆਇਆ ਅਤੇ ਆਖਿਆ, “ਤੁਸੀਂ ਕਿਸਨੂੰ ਲੱਭ ਰਹੇ ਹੋ ? ” ੫ ਉਨਾਂ ਉਸ ਨੂੰ ਉੱਤਰ ਦਿੱਤਾ, “ਨਾਸਰਤ ਦੇ ਯਿਸੂ ਨੂੰ ।” ਯਿਸੂ ਨੇ ਆਖਿਆ, “ਮੈਂ ਹੀ ਯਿਸੂ ਹਾਂ ।” ਯਹੂਦਾ ਜਿਸ ਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀਂ ਫ਼ੜਵਾਇਆ ਸੀ, ਉਹ ਵੀ ਉਸ ਨਾਲ ਵਿੱਚ ਖੜ੍ਹਾ ਸੀ । ੬ ਜਦੋਂ ਉਸ ਨੇ ਉਨ੍ਹਾਂ ਨੂੰ ਆਖਿਆ, “ਮੈਂ ਯਿਸੂ ਹਾਂ” ਉਹ ਆਦਮੀ ਪਿੱਛੇ ਹਟੇ ਤੇ ਹੇਠਾਂ ਡਿੱਗ ਪਏ । ੭ ਯਿਸੂ ਨੇ ਉਨ੍ਹਾਂ ਨੂੰ ਫੇਰ ਪੁੱਛਿਆ, “ਤੁਸੀਂ ਕਿਸ ਦੀ ਭਾਲ ਕਰ ਰਹੇ ਹੋ ? ” ਉਹਨਾਂ ਨੇ ਆਖਿਆ, “ਨਾਸਰਤ ਦੇ ਯਿਸੂ ਦੀ ।” ੮ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਆਖਿਆ ਤਾਂ ਹੈ ਕਿ ਮੈਂ ਹੀ ਯਿਸੂ ਹਾਂ, ਇਸ ਲਈ ਜੇਕਰ ਤੁਸੀਂ ਮੈਨੂੰ ਭਾਲ ਰਹੇ ਹੋ ਤਾਂ ਇਨ੍ਹਾਂ ਲੋਕਾਂ ਨੂੰ ਜਾਣ ਦਿਉ ।” ੯ ਇਹ ਯਿਸੂ ਦੇ ਵਾਕ ਨੂੰ ਪੂਰੇ ਕਰਨ ਲਈ ਹੋਇਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ ।” ੧੦ ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਪ੍ਰਧਾਨ ਜਾਜਕ ਦੇ ਨੌਕਰ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ । (ਉਸ ਨੌਕਰ ਦਾ ਨਾਮ ਮਲਖੁਸ ਸੀ) ੧੧ ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਪਾ । ਕੀ ਮੈਨੂੰ ਇਹ ਦੁੱਖਾਂ ਦਾ ਪਿਆਲਾ, ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਪੀਣਾ ਨਹੀਂ ਚਾਹੀਦਾ ? ”
ਅੰਨਾਸ ਦੇ ਸਨਮੁਖ ਯਿਸੂ
੧੨ ਉਸ ਤੋਂ ਬਾਅਦ ਸੈਨਾਂ ਅਧਿਕਾਰੀ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯਿਸੂ ਨੂੰ ਫ਼ੜਕੇ ਬੰਨ੍ਹ ਲਿਆ । ੧੩ ਬੰਨ੍ਹ ਕੇ ਉਸ ਨੂੰ ਅੰਨਾਸ ਕੋਲ ਲਿਆਂਦਾ ਗਿਆ । ਅੰਨਾਸ ਕਯਾਫ਼ਾ ਦਾ ਸਹੁਰਾ ਸੀ ਅਤੇ ਉਸ ਸਾਲ ਦਾ ਕਯਾਫ਼ਾ ਪ੍ਰਧਾਨ ਜਾਜਕ ਸੀ । ੧੪ ਓਹ ਕਯਾਫ਼ਾ ਸੀ, ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਸਾਰੇ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ ।
ਪਤਰਸ ਯਿਸੂ ਦਾ ਇਨਕਾਰ ਕਰਦਾ ਹੈ
(ਮੱਤੀ 26:69,70; ਮਰਕੁਸ 14:66-68; ਲੂਕਾ 22:55-57)
੧੫ ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਮਗਰ ਹੋ ਤੁਰਿਆ । ਉਹ ਚੇਲਾ ਪ੍ਰਧਾਨ ਜਾਜਕ ਦਾ ਵਾਕਫ਼ ਸੀ ਅਤੇ ਯਿਸੂ ਦੇ ਨਾਲ ਪ੍ਰਧਾਨ ਜਾਜਕ ਦੇ ਘਰ ਵਿਹੜੇ ਤੱਕ ਗਿਆ । ੧੬ ਪਰ ਪਤਰਸ ਬਾਹਰ ਦਰਵਾਜ਼ੇ ਕੋਲ ਠਹਿਰ ਗਿਆ, ਦੂਜਾ ਚੇਲਾ, ਜਿਹੜਾ ਪ੍ਰਧਾਨ ਜਾਜਕ ਨੂੰ ਜਾਣਦਾ ਸੀ, ਦਰਵਾਜ਼ੇ ਕੋਲ ਖੜ੍ਹਾ ਸੀ ਅਤੇ ਇੱਕ ਨੌਕਰਾਨੀ ਨੂੰ ਮਿਲਿਆ, ਜੋ ਕਿ ਦੁਆਰਪਾਲ ਸੀ । ਤਦ ਉਹ ਪਤਰਸ ਨੂੰ ਅੰਦਰ ਲਿਆਇਆ । ੧੭ ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਆਖਿਆ, “ਕੀ ਤੂੰ ਉਸ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਹੈਂ ? ” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ ।” ੧੮ ਇਹ ਸਰਦੀ ਦਾ ਮੌਸਮ ਸੀ, ਨੌਕਰਾਂ ਅਤੇ ਪਹਿਰੇਦਾਰਾਂ ਨੇ ਬਾਹਰ ਅੱਗ ਬਾਲੀ ਹੋਈ ਸੀ ਅਤੇ ਉਹ ਅੱਗ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਅੱਗ ਸੇਕ ਰਹੇ ਸਨ । ਪਤਰਸ ਵੀ ਇਨ੍ਹਾਂ ਲੋਕਾਂ ਨਾਲ ਖੜ੍ਹਾ ਅੱਗ ਸੇਕ ਰਿਹਾ ਸੀ ।
ਪ੍ਰਧਾਨ ਜਾਜਕ ਯਿਸੂ ਤੋਂ ਪ੍ਰਸ਼ਨ ਪੁੱਛਦਾ ਹੈ
(ਮੱਤੀ 26:59-66; ਮਰਕੁਸ 14:55-64; ਲੂਕਾ 22:66-71)
੧੯ ਪ੍ਰਧਾਨ ਜਾਜਕ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪ੍ਰਸ਼ਨ ਕੀਤੇ । ੨੦ ਯਿਸੂ ਨੇ ਆਖਿਆ, “ਮੈਂ ਸਦਾ ਲੋਕਾਂ ਨੂੰ ਖੁੱਲ੍ਹ ਕੇ ਬੋਲਿਆ ਹਾਂ । ਮੈਂ ਹਮੇਸ਼ਾਂ ਪ੍ਰਾਰਥਨਾ ਘਰ ਅਤੇ ਹੈਕਲ ਵਿੱਚ ਵੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ । ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ । ੨੧ ਤਾਂ ਫਿਰ ਤੂੰ ਮੈਨੂੰ ਅਜਿਹੇ ਸਵਾਲ ਕਿਉਂ ਕਰਦਾ ਹੈਂ ? ਉਨ੍ਹਾਂ ਲੋਕਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਸਿਖਿਆਵਾਂ ਸੁਣੀਆਂ ਹਨ । ਉਹ ਜਾਣਦੇ ਹਨ ਕਿ ਮੈਂ ਕੀ ਦੱਸਿਆ ਹੈ ।” ੨੨ ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਕੋਲ ਖੜ੍ਹੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਉਸ ਨੂੰ ਮਾਰਿਆ ਤੇ ਆਖਿਆ, “ਤੈਨੂੰ ਪ੍ਰਧਾਨ ਜਾਜਕ ਨਾਲ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ।” ੨੩ ਯਿਸੂ ਨੇ ਆਖਿਆ, “ਜੇਕਰ ਮੈਂ ਗਲਤ ਕਿਹਾ ਹੈ ਤਾਂ ਲੋਕਾਂ ਸਾਹਮਣੇ ਦੱਸ ਮੈਂ ਕੀ ਗਲਤ ਬੋਲਿਆ । ਪਰ ਜੇਕਰ ਮੈਂ ਸਹੀ ਬੋਲਿਆ ਹਾਂ, ਤਾਂ ਤੂੰ ਮੈਨੂੰ ਕਿਉਂ ਮਾਰਦਾ ਹੈ ? ” ੨੪ ਤਾਂ ਫਿਰ ਅੰਨਾਸ ਨੇ ਯਿਸੂ ਨੂੰ ਪ੍ਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ ।
ਪਤਰਸ ਯਿਸੂ ਦਾ ਇਨਕਾਰ ਦੂਸਰੀ ਵਾਰ ਕਰਦਾ ਹੈ
(ਮੱਤੀ 26:71-75; ਮਰਕੁਸ 14:69-72; ਲੂਕਾ 22:58-62)
੨੫ ਸ਼ਮਊਨ ਪਤਰਸ ਅੱਗ ਕੋਲ ਖੜ੍ਹਾ ਅੱਗ ਸੇਕ ਰਿਹਾ ਸੀ । ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈਂ ? ” ਪਰ ਪਤਰਸ ਨੇ ਹਾਮੀ ਨਾ ਭਰੀ । ਉਸ ਨੇ ਕਿਹਾ, “ਨਹੀਂ, ਮੈਂ ਨਹੀਂ ਹਾਂ ।” ੨੬ ਪ੍ਰਧਾਨ ਜਾਜਕ ਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸੰਬੰਧੀ ਸੀ ਜਿਸ ਦਾ ਪਤਰਸ ਨੇ ਕੰਨ ਵੱਢ ਦਿੱਤਾ ਸੀ ਤਾਂ ਉਸ ਨੌਕਰ ਨੇ ਕਿਹਾ, “ਕੀ ਮੈਂ ਤੈਨੂੰ ਉਸ ਆਦਮੀ (ਯਿਸੂ) ਨਾਲ ਬਾਗ ਵਿੱਚ ਵੇਖਿਆ ਸੀ ।” ੨੭ ਪਰ ਫ਼ਿਰ ਪਤਰਸ ਨੇ ਆਖਿਆ, “ਨਹੀਂ, ਮੈਂ ਉਸ ਦੇ ਨਾਲ ਨਹੀਂ ਸੀ !” ਅਤੇ ਉਸੇ ਸਮੇਂ ਕੁੱਕੜ ਨੇ ਬਾਂਗ ਦਿੱਤੀ ।
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 27:1,2,11-14; ਮਰਕੁਸ 15:1-5; ਲੂਕਾ 23:1-5)
੨੮ ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਰਾਜਪਾਲ ਦੇ ਮਹਿਲ ਵਿੱਚ ਲੈ ਗਏ । ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ । ਉਹ ਆਪਣੇ ਆਪ ਨੂੰ ਅਸ਼ੁੱਧ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਖਾਣਾ ਚਾਹੁੰਦੇ ਸਨ । ੨੯ ਇਸ ਲਈ ਪਿਲਾਤੁਸ ਉਨ੍ਹਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੋਸ਼ ਲਗਾਉਂਦੇ ਹੋ ? ” ੩੦ ਯਹੂਦੀਆਂ ਨੇ ਉੱਤਰ ਦਿੱਤਾ, “ਇਹ ਇੱਕ ਬੁਰਾ ਆਦਮੀ ਹੈ, ਇਸ ਕਰਕੇ ਅਸੀਂ ਇਸ ਨੂੰ ਤੇਰੇ ਕੋਲ ਲੈ ਕੇ ਆਏ ਹਾਂ ।” ੩੧ ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪ ਇਸ ਨੂੰ ਲੈ ਜਾਵੋ ਅਤੇ ਆਪਣੀ ਬਿਵਸਥਾ ਅਨੁਸਾਰ ਇਸ ਦਾ ਨਿਆਂ ਕਰੋ ।” ਯਹੂਦੀਆਂ ਨੇ ਉੱਤਰ ਦਿੱਤਾ, “ਪਰ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ ।” ੩੨ ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਾ ਹੋਣ ਲਈ ਉਹ ਵਾਪਰਿਆ । ੩੩ ਪਿਲਾਤੁਸ ਮਹਿਲ ਵਿੱਚ ਵਾਪਸ ਚਲਾ ਗਿਆ ਅਤੇ ਉੱਥੇ ਯਿਸੂ ਨੂੰ ਉਸ ਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ? ” ੩੪ ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਇਹ ਆਪਣੇ ਆਪ ਆਖਦਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਕੁੱਝ ਆਖਿਆ ਹੈ ? ” ੩੫ ਪਿਲਾਤੁਸ ਨੇ ਕਿਹਾ, “ਮੈਂ ਇੱਕ ਯਹੂਦੀ ਨਹੀਂ ਹਾਂ ਤੇਰੇ ਆਪਣੇ ਹੀ ਲੋਕ ਅਤੇ ਮੁੱਖ ਜਾਜਕਾਂ ਤੈਨੂੰ ਮੇਰੇ ਕੋਲ ਲੈ ਕੇ ਆਏ ਹਨ । ਤੂੰ ਕੀ ਗਲਤ ਕੀਤਾ ਹੈ ? ” ੩੬ ਯਿਸੂ ਨੇ ਆਖਿਆ, “ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ । ਜੇਕਰ ਇਹ ਇਸ ਧਰਤੀ ਦਾ ਹੁੰਦਾ ਤਾਂ ਮੇਰੇ ਚੇਲੇ ਉਨ੍ਹਾਂ ਨਾਲ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ । ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇੱਥੋਂ ਦਾ ਨਹੀਂ ।” ੩੭ ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ ? ” ਯਿਸੂ ਨੇ ਆਖਿਆ, “ਤੂੰ ਜੋ ਆਖਿਆ, ਉਹ ਸੱਚ ਹੈ । ਮੈਂ ਇੱਕ ਰਾਜਾ ਹਾਂ । ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਨ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸਕਾਂ । ਅਤੇ ਹਰ ਮਨੁੱਖ ਜੋ ਸਚਿਆਈ ਜਾਣਦਾ, ਹੈ ਉਹ ਮੇਰੀ ਅਵਾਜ਼ ਸੁਣਦਾ ਹੈ ।” ੩੮ ਪਿਲਾਤੁਸ ਨੇ ਕਿਹਾ, “ਸੱਚ ਕੀ ਹੈ ? ”
ਮੌਤ ਦੀ ਸਜ਼ਾ ਦਾ ਹੁਕਮ
(ਮੱਤੀ 27:15-31; ਮਰਕੁਸ 15:6-20; ਲੂਕਾ 23:13-25)
ਇਹ ਆਖਣ ਤੋਂ ਬਾਅਦ ਉਹ ਫ਼ੇਰ ਤੋਂ ਯਹੂਦੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਆਦਮੀ ਤੇ ਲਾਉਣ ਵਾਸਤੇ ਮੈਨੂੰ ਕੋਈ ਦੋਸ਼ ਨਹੀਂ ਮਿਲਿਆ । ੩੯ ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਛੱਡ ਕਰ ਸਕਦਾ ਹਾਂ । ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ ? ” ੪੦ ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਬੋਲੇ, “ਨਹੀਂ, ਉਸ ਨੂੰ ਨਹੀਂ, ਪਰ ਤੂੰ ਬਰੱਬਾ ਨੂੰ ਛੱਡ ਦੇ ।” ਬਰੱਬਾ ਇੱਕ ਡਾਕੂ ਸੀ ।