੨੦
ਖਾਲੀ ਕਬਰ
(ਮੱਤੀ 28:1-8; ਮਰਕੁਸ 16:1-8; ਲੂਕਾ 24:1-12)
੧ ਹਫ਼ਤੇ ਦੇ ਪਹਿਲੇ ਦਿਨ, ਤੜਕੇ ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ । ਅਜੇ ਹਨ੍ਹੇਰਾ ਹੀ ਸੀ । ਉਸ ਨੇ ਵੇਖਿਆ ਜਿਸ ਪੱਥਰ ਨਾਲ ਕਬਰ ਬੰਦ ਸੀ ਉਹ ਪਰੇ ਕੀਤਾ ਹੋਇਆ ਸੀ । ੨ ਤਾਂ ਮਰਿਯਮ ਭੱਜਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਪਿਆਰ ਕਰਦਾ ਸੀ, ਕੋਲ ਗਈ । ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ ? ” ੩ ਤਾਂ ਪਤਰਸ ਅਤੇ ਦੂਜਾ ਚੇਲਾ ਕਬਰ ਵੱਲ ਗਏ । ੪ ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਗਿਆ । ੫ ਇਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹਦਾ ਕਫ਼ਨ ਪਿਆ ਵੇਖਿਆ, ਪਰ ਉਹ ਅੰਦਰ ਨਾ ਗਿਆ । ੬ ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਕਫ਼ਨ ਪਿਆ ਵੇਖਿਆ । ੭ ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ । ਅਤੇ ਉਹ ਕੱਪੜਾ ਤਹਿ ਕਰਕੇ ਉਸ ਕਫ਼ਨ ਤੋਂ ਹੱਟ ਕੇ ਇੱਕ ਪਾਸੇ ਪਿਆ ਹੋਇਆ ਸੀ । ੮ ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪਹੁੰਚਿਆ ਸੀ । ਜਦ ਉਸ ਨੇ ਇਹ ਸਭ ਹੋਇਆ ਵੇਖਿਆ ਤਾਂ ਉਸ ਨੂੰ ਵਿਸ਼ਵਾਸ ਹੋਇਆ । ੯ ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਮੁਰਦਿਆਂ ਚੋਂ ਜੀ ਉੱਠੇਗਾ । ੧੦ ਫ਼ੇਰ ਚੇਲੇ ਘਰ ਨੂੰ ਵਾਪਸ ਚਲੇ ਗਏ ।
ਮਰਿਯਮ ਮਗਦਲੀਨੀ ਨੂੰ ਦਿਖਾਈ ਦੇਣਾ
(ਮੱਤੀ 28:9,10; ਮਰਕੁਸ 16:9-11)
੧੧ ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜੀ ਰੋ ਰਹੀ ਸੀ ਜਦੋਂ ਉਸ ਨੇ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਅੰਦਰ ਵੇਖਿਆ । ੧੨ ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਰੱਖਿਆ ਹੋਇਆ ਸੀ । ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਸੀ । ੧੩ ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ ? ” ਮਰਿਯਮ ਨੇ ਉੱਤਰ ਦਿੱਤਾ, “ਕੁੱਝ ਲੋਕ ਮੇਰੇ ਪ੍ਰਭੂ ਦਾ ਸਰੀਰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ।” ੧੪ ਇਹ ਆਖ ਕੇ ਓਹ ਵਾਪਿਸ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ । ੧੫ ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈ ? ਅਤੇ ਤੂੰ ਕਿਸਨੂੰ ਭਾਲਦੀ ਹੈਂ ? ” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਭਈ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ । ਤਾਂ ਜੋ ਮੈਂ ਜਾ ਕੇ ਉਸ ਨੂੰ ਮਿਲਾ ।” ੧੬ ਯਿਸੂ ਨੇ ਉਸ ਨੂੰ ਆਖਿਆ, “ਹੇ ਮਰਿਯਮ । ” ਤਾਂ ਉਹ ਮੁੜੀ ਅਤੇ ਯਿਸੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਪ੍ਰਭੂ ।” ੧੭ ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਫ਼ੜ ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ । ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਆਖ: ਮੈਂ ਵਾਪਸ ਆਪਣੇ ਅਤੇ ਤੇਰੇ ਪਿਤਾ ਕੋਲ ਜਾ ਰਿਹਾ ਹਾਂ । ਮੇਰੇ ਪਰਮੇਸ਼ੁਰ ਅਤੇ ਤੇਰੇ ਪਰਮੇਸ਼ੁਰ ਕੋਲ ।” ੧੮ ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਬਚਨ ਵੀ ਜੋ ਯਿਸੂ ਨੇ ਉਸ ਨੂੰ ਆਖੇ ਸਨ ।
ਚੇਲਿਆਂ ਨੂੰ ਦਿਖਾਈ ਦੇਣਾ
(ਮੱਤੀ 28:16-20; ਮਰਕੁਸ 16:14-18; ਲੂਕਾ 24:36-49)
੧੯ ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇਕੱਠੇ ਹੋਏ । ਉਨ੍ਹਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ । ਤਦ ਯਿਸੂ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ l” ੨੦ ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵੱਖੀ ਵਿਖਾਈ । ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਖੁਸ਼ ਹੋਏ । ੨੧ ਤਦ ਯਿਸੂ ਨੇ ਫਿਰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ ।” ੨੨ ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਯਿਸੂ ਨੇ ਆਖਿਆ, “ਪਵਿੱਤਰ ਆਤਮਾ ਲਵੋ । ੨੩ ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ ।”
ਥੋਮਾ ਉੱਤੇ ਪ੍ਰਗਟ ਹੋਣਾ
੨੪ ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾ, ਜਿਸ ਨੂੰ ਦੀਦੁਮਸ ਵੀ ਕਹਿੰਦੇ ਸਨ, ਉੱਥੇ ਚੇਲਿਆਂ ਵਿੱਚ ਨਹੀਂ ਸੀ । ਥੋਮਾ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ ਸੀ । ੨੫ ਦੂਜੇ ਚੇਲਿਆਂ ਨੇ ਥੋਮਾ ਨੂੰ ਦੱਸਿਆ, “ਅਸੀਂ ਪ੍ਰਭੂ ਨੂੰ ਵੇਖਿਆ ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾ ਕੇ ਨਾ ਵੇਖ ਲਵਾਂ ਜਿੱਥੇ ਕਿੱਲਾਂ ਠੋਕੀਆਂ ਗਈਆਂ ਸਨ ਅਤੇ ਆਪਣਾ ਹੱਥ ਉਸ ਦੀ ਵੱਖੀ ਚ ਨਾ ਪਾਵਾਂ ।” ੨੬ ਇੱਕ ਹਫ਼ਤੇ ਬਾਅਦ ਚੇਲੇ ਉਸੇ ਘਰ ਵਿੱਚ ਫਿਰ ਇਕੱਠੇ ਹੋਏ । ਥੋਮਾ ਉਨ੍ਹਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ ।” ੨੭ ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਧਰ ਕਰ, ਅਤੇ ਮੇਰੇ ਹੱਥਾਂ ਵੱਲ ਵੇਖ । ਆਪਣਾ ਹੱਥ ਮੇਰੀ ਵੱਖੀ ਵਿੱਚ ਵਾੜ । ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ ।” ੨੮ ਥੋਮਾ ਨੇ ਯਿਸੂ ਨੂੰ ਕਿਹਾ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ ।” ੨੯ ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਵਿਸ਼ਵਾਸ ਕੀਤਾ ਹੈ ? ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਵਿਸ਼ਵਾਸ ਕਰਦੇ ।”
ਇਸ ਕਿਤਾਬ ਦਾ ਟੀਚਾ
੩੦ ਯਿਸੂ ਨੇ ਹੋਰ ਵੀ ਕਈ ਚਮਤਕਾਰ ਕੀਤੇ ਜਿਹੜੇ ਉਸ ਦੇ ਚੇਲਿਆਂ ਨੇ ਵੇਖੇ । ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ । ੩੧ ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ, ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ ।