ਅੱਯੂਬ ਦਾ ਆਪਣੇ ਪੈਦਾ ਹੋਣ ਦੇ ਦਿਨ ਨੂੰ ਫਿਟਕਾਰਨਾ
੧ ਇਹ ਦੇ ਬਾਅਦ, ਅੱਯੂਬ ਨੇ ਆਪਣਾ ਮੂੰਹ ਖੋਲ੍ਹ ਕੇ ਆਪਣੇ ਜੰਮਣ ਦੇ ਦਿਨ ਨੂੰ ਸਰਾਪ ਦਿੱਤਾ । ੨ ਅਤੇ ਅੱਯੂਬ ਆਖਣ ਲੱਗਾ,
੩ “ਨਾਸ ਹੋਵੇ ਉਹ ਦਿਨ ਜਿਸ ਦੇ ਵਿੱਚ ਮੈਂ ਜੰਮਿਆ ਸੀ, ਅਤੇ ਉਹ ਰਾਤ ਜਦੋਂ ਕਿਹਾ ਗਿਆ ਕਿ ਬੱਚਾ ਗਰਭ ਵਿੱਚ ਪਿਆ ! ੪ ਉਹ ਦਿਨ ਹਨੇਰਾ ਹੋ ਜਾਵੇ, ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ ! ੫ ਹਨੇਰ ਅਤੇ ਮੌਤ ਦਾ ਸਾਯਾ ਉਹ ਨੂੰ ਆਪਣਾ ਲੈਣ, ਉਹ ਦੇ ਉੱਤੇ ਬੱਦਲ ਛਾਇਆ ਰਹੇ, ਦਿਨ ਦਾ ਹਨੇਰਾ ਉਸ ਨੂੰ ਡਰਾਵੇ ! ੬ ਘੁੱਪ ਹਨੇਰਾ ਉਹ ਨੂੰ ਆ ਫੜ੍ਹੇ, ਉਹ ਸਾਲ ਦੇ ਦਿਨਾਂ ਵਿੱਚ ਅਨੰਦ ਨਾ ਮਨਾਵੇ , ਅਤੇ ਨਾ ਉਹ ਮਹੀਨਿਆਂ ਦੀ ਗਿਣਤੀ ਵਿੱਚ ਆਵੇ ! ੭ ਵੇਖੋ, ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜੈਕਾਰੇ ਦੀ ਗੂੰਜ ਸੁਣਾਈ ਨਾ ਦੇਵੇ ! ੮ ਦਿਨ ਨੂੰ ਫਿਟਕਾਰਣ ਵਾਲੇ ਅਤੇ ਜਿਹੜੇ ਲਿਵਯਾਥਾਨ ਨੂੰ ਛੇੜਨ ਵਿੱਚ ਨਿਪੁੰਨ ਹਨ, ਉਸ ਦਿਨ ਨੂੰ ਫਿਟਕਾਰਣ ! ੯ ਉਹ ਦੇ ਸ਼ਾਮ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਵੇਖੇ, ੧੦ ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਨੂੰ ਬੰਦ ਨਾ ਕੀਤਾ, ਅਤੇ ਨਾ ਕਸ਼ਟ ਨੂੰ ਮੇਰੀਆਂ ਅੱਖਾਂ ਤੋਂ ਛੁਪਾਇਆ !
੧੧ ਮੈਂ ਕੁੱਖ ਵਿੱਚ ਹੀ ਕਿਉਂ ਨਾ ਮਰ ਗਿਆ, ਪੇਟ ਵਿੱਚੋਂ ਨਿੱਕਲਦਿਆਂ ਹੀ ਮੈਂ ਪ੍ਰਾਣ ਕਿਉਂ ਨਾ ਛੱਡ ਦਿੱਤੇ ? ੧੨ ਗੋਡਿਆਂ ਨੇ ਮੈਨੂੰ ਕਿਉਂ ਕਬੂਲ ਕੀਤਾ, ਅਤੇ ਦੁੱਧੀਆਂ ਨੂੰ ਮੈਂ ਕਿਉਂ ਚੁੰਘ ਸਕਿਆ ? ੧੩ ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ, ਮੈਂ ਸੁੱਤਾ ਹੁੰਦਾ ਅਤੇ ਮੈਨੂੰ ਅਰਾਮ ਮਿਲਦਾ, ੧੪ ਮੈਂ ਧਰਤੀ ਦੇ ਉਨ੍ਹਾਂ ਰਾਜਿਆਂ ਅਤੇ ਹਾਕਮਾਂ ਨਾਲ ਹੁੰਦਾ, ਜਿਹੜੇ ਆਪਣੇ ਲਈ ਕਬਰਾਂ ਨੂੰ ਉਸਾਰਦੇ ਹਨ, ੧੫ ਜਾਂ ਉਨ੍ਹਾਂ ਰਾਜਕੁਮਾਰਾਂ ਨਾਲ ਹੁੰਦਾ, ਜਿਨ੍ਹਾਂ ਦੇ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰਿਆ ਸੀ । ੧੬ ਜਾਂ ਮੈਂ ਸਮੇਂ ਤੋਂ ਪਹਿਲਾਂ ਜੰਮੇ ਹੋਏ ਬੱਚੇ ਵਾਂਗੂੰ ਹੁੰਦਾ, ਜਾਂ ਅਜਿਹੇ ਬੱਚਿਆਂ ਵਾਂਗੂੰ ਜਿਨ੍ਹਾਂ ਨੇ ਚਾਨਣਾ ਕਦੀ ਵੇਖਿਆ ਹੀ ਨਹੀਂ । ੧੭ ਉੱਥੇ ਦੁਸ਼ਟ ਦੁੱਖ ਦੇਣ ਤੋਂ ਰੁੱਕ ਜਾਂਦੇ ਹਨ, ਉੱਥੇ ਥੱਕੇ-ਮਾਂਦੇ ਅਰਾਮ ਪਾਉਂਦੇ ਹਨ । ੧੮ ਬੰਦੀ ਇੱਕਠੇ ਹੋ ਕੇ ਸ਼ਾਂਤੀ ਨਾਲ ਰਹਿੰਦੇ ਹਨ, ਉਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ । ੧੯ ਛੋਟੇ ਅਤੇ ਵੱਡੇ ਸਾਰੇ ਉੱਥੇ ਰਹਿੰਦੇ ਹਨ, ਅਤੇ ਦਾਸ ਆਪਣੇ ਮਾਲਕ ਤੋਂ ਅਜ਼ਾਦ ਹੈ ।
੨੦ ਦੁਖਿਆਰਾਂ ਨੂੰ ਚਾਨਣ ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ ? ੨੧ ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਦੱਬੇ ਹੋਏ ਖ਼ਜ਼ਾਨਿਆਂ ਤੋਂ ਵੱਧ ਉਹ ਦੀ ਖੋਜ ਕਰਦੇ ਹਨ, ੨੨ ਜਿਹੜੇ ਵਧੇਰੇ ਅਨੰਦ ਹੁੰਦੇ, ਅਤੇ ਖ਼ੁਸ਼ੀ ਮਨਾਉਂਦੇ ਹਨ, ਜਦ ਉਹ ਕਬਰ ਨੂੰ ਪਾ ਲੈਂਦੇ ਹਨ, ੨੩ ਉਸ ਪੁਰਖ ਨੂੰ ਵੀ ਚਾਨਣ ਕਿਉਂ ਮਿਲਦਾ ਹੈ ਜਿਸ ਦਾ ਰਾਹ ਲੁਕਿਆ ਹੋਇਆ ਹੈ, ਅਤੇ ਜਿਸ ਦੇ ਚੁਫ਼ੇਰੇ ਪਰਮੇਸ਼ੁਰ ਨੇ ਵਾੜ ਲਾਈ ਹੋਈ ਹੈ ? ੨੪ ਕਿਉਂਕਿ ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹਾਉਂਕੇ ਨਿੱਕਲਦੇ ਹਨ, ਅਤੇ ਮੇਰਾ ਵਿਰਲਾਪ ਪਾਣੀ ਵਾਂਗੂੰ ਵਗਦਾ ਹੈ । ੨੫ ਜਿਸ ਗੱਲ ਤੋਂ ਮੈਂ ਡਰਦਾ ਹਾਂ, ਉਹ ਮੇਰੇ ਉੱਤੇ ਆ ਪੈਂਦੀ ਹੈ, ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦੀ ਹੈ । ੨੬ ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਅਰਾਮ ਹੈ, ਸਗੋਂ ਬੇਚੈਨੀ ਹੀ ਬੇਚੈਨੀ ਹੈ ।”