ਬਿਲਦਦ ਦਾ ਤਰਕ
੧ ਤਦ ਬਿਲਦਦ ਸ਼ੂਹੀ ਨੇ ਆਖਿਆ, ੨ “ਤੂੰ ਕਦੋਂ ਤੱਕ ਇਨ੍ਹਾਂ ਗੱਲਾਂ ਨੂੰ ਕਰਦਾ ਰਹੇਂਗਾ ਅਤੇ ਤੇਰੇ ਮੂੰਹ ਦੀਆਂ ਗੱਲਾਂ ਇੱਕ ਤੂਫ਼ਾਨੀ ਹਵਾ ਵਰਗੀਆਂ ਹੋਣਗੀਆਂ ? ੩ ਕੀ ਪਰਮੇਸ਼ੁਰ ਨਿਆਂ ਨੂੰ ਵਿਗਾੜਦਾ ਹੈ, ਜਾਂ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ ? ੪ ਜੇ ਤੇਰੇ ਪੁੱਤਰਾਂ ਨੇ ਉਹ ਦਾ ਪਾਪ ਕੀਤਾ, ਤਦ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ । ੫ ਜੇ ਤੂੰ ਪਰਮੇਸ਼ੁਰ ਨੂੰ ਵੱਡੇ ਯਤਨ ਨਾਲ ਭਾਲਦਾ, ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ, ੬ ਜੇ ਤੂੰ ਪਵਿੱਤਰ ਅਤੇ ਨੇਕ ਹੁੰਦਾ, ਤਦ ਹੁਣ ਉਹ ਤੇਰੇ ਲਈ ਜਾਗ ਉੱਠਦਾ, ਤੇਰੇ ਧਰਮ ਦੇ ਡੇਰੇ ਨੂੰ ਬਚਾਈ ਰੱਖਦਾ । ੭ ਭਾਵੇਂ ਤੇਰਾ ਹਿੱਸਾ ਥੋੜ੍ਹਾ ਹੀ ਰਿਹਾ ਹੋਵੇ, ਪਰ ਅੰਤ ਵਿੱਚ ਉਹ ਤੈਨੂੰ ਬਹੁਤ ਵਧਾਉਂਦਾ ।
੮ ਤੂੰ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਪੁੱਛ, ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇ, ੯ ਆਪਾਂ ਤਾਂ ਕੱਲ ਦੇ ਹਾਂ, ਅਤੇ ਕੁਝ ਨਹੀਂ ਜਾਣਦੇ ਕਿਉਂ ਜੋ ਸਾਡੇ ਦਿਨ ਧਰਤੀ ਉੱਤੇ ਪਰਛਾਵੇਂ ਵਰਗੇ ਹੀ ਹਨ । ੧੦ ਕੀ ਉਹ ਤੈਨੂੰ ਨਾ ਸਿਖਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ ? ੧੧ ਕੀ, ਬਿਨ੍ਹਾਂ ਚਿੱਕੜ ਤੋਂ ਕਾਨਾ ਉੱਗੇਗਾ ? ਕੀ, ਬਿਨ੍ਹਾਂ ਪਾਣੀ ਤੋਂ ਸਰਕੰਡਾ ਵਧੇਗਾ ? ੧੨ ਭਾਵੇਂ ਉਹ ਹਰਾ ਹੋਵੇ, ਅਤੇ ਵੱਢਿਆ ਵੀ ਨਾ ਗਿਆ ਹੋਵੇ, ਤਾਂ ਵੀ ਉਹ ਦੂਜੇ ਘਾਹ ਨਾਲੋਂ ਛੇਤੀ ਸੁੱਕ ਜਾਂਦਾ ਹੈ । ੧੩ ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ ਟੁੱਟ ਜਾਂਦੀ ਹੈ । ੧੪ ਉਸ ਦੀ ਆਸ ਦਾ ਮੁੱਢ ਟੁੱਟ ਜਾਂਦਾ ਹੈ, ਅਤੇ ਜਿਸ ਉੱਤੇ ਉਹ ਭਰੋਸਾ ਕਰਦਾ ਹੈ ਉਹ ਮੱਕੜੀ ਦਾ ਜਾਲਾ ਠਹਿਰਦਾ ਹੈ । ੧੫ ਭਾਵੇਂ ਉਹ ਆਪਣੇ ਘਰ ਉੱਤੇ ਭਰੋਸਾ ਰੱਖੇ, ਪਰ ਉਹ ਖੜ੍ਹਾ ਨਹੀਂ ਰਹੇਗਾ, ਉਹ ਉਸ ਨੂੰ ਤਕੜਾਈ ਨਾਲ ਫੜ੍ਹ ਲਵੇਗਾ, ਪਰ ਉਹ ਕਾਇਮ ਨਹੀਂ ਰਹੇਗਾ । ੧੬ ਉਹ ਧੁੱਪ ਵਿੱਚ ਹਰਾ-ਭਰਾ ਹੋ ਜਾਂਦਾ ਹੈ, ਅਤੇ ਉਸ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਫੈਲ ਜਾਂਦੀਆਂ ਹਨ । ੧੭ ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆਂ ਹਨ, ਉਹ ਪੱਥਰ ਦੇ ਘਰ ਨੂੰ ਲੱਭ ਲੈਂਦਾ ਹੈ । ੧੮ ਜੇ ਉਹ ਆਪਣੇ ਸਥਾਨ ਤੋਂ ਨਾਸ ਕੀਤਾ ਜਾਵੇ, ਤਾਂ ਉਹ ਇਹ ਆਖ ਕੇ ਉਸ ਦਾ ਇਨਕਾਰ ਕਰੇਗਾ ਕਿ ਮੈਂ ਇਸ ਨੂੰ ਵੇਖਿਆ ਹੀ ਨਹੀਂ । ੧੯ ਵੇਖ, ਉਸ ਦੀ ਖੁਸ਼ੀ ਰਾਤ ਭਰ ਲਈ ਹੁੰਦੀ ਹੈ ! ਫਿਰ ਦੂਜੇ ਉਸੇ ਮਿੱਟੀ ਵਿੱਚੋਂ ਨਿੱਕਲਣਗੇ ।
੨੦ ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੇਗਾ, ਅਤੇ ਨਾ ਬੁਰਿਆਰਾਂ ਦੇ ਹੱਥ ਨੂੰ ਥੰਮੇਗਾ । ੨੧ ਉਹ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰਿਆਂ ਨਾਲ ਭਰੇਗਾ । ੨੨ ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ !”