੨੨
ਤੀਸਰੀ ਗੱਲਬਾਤ (22:1-27:23)
ਅਲੀਫ਼ਜ਼ ਦਾ ਦੋਸ਼ ਲਾਉਣਾ
੧ ਫੇਰ ਅਲੀਫਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, ੨ “ਕੀ ਕੋਈ ਮਨੁੱਖ ਪਰਮੇਸ਼ੁਰ ਲਈ ਲਾਭਦਾਇਕ ਹੋ ਸਕਦਾ ਹੈ ? ਸੱਚ-ਮੁੱਚ ਸਿਆਣਾ ਮਨੁੱਖ ਵੀ ਆਪਣੇ ਹੀ ਜੋਗਾ ਹੈ । ੩ ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ ? ਜਾਂ ਤੇਰੀਆਂ ਖਰੀਆਂ ਚਾਲਾਂ ਨਾਲ ਉਹ ਨੂੰ ਕੀ ਲਾਭ ਹੁੰਦਾ ਹੈ ?
੪ ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ ? ੫ ਕੀ ਤੇਰੀ ਬੁਰਿਆਈ ਵੱਡੀ ਨਹੀਂ, ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਹੈ ? ੬ ਕਿਉਂਕਿ ਤੂੰ ਆਪਣੇ ਭਰਾਵਾਂ ਦੀਆਂ ਵਸਤਾਂ ਬੇਵਜ੍ਹਾ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਵੀ ਕੱਪੜੇ ਲਾਹ ਲਏ ਹਨ । ੭ ਤੂੰ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਨੂੰ ਰੋਟੀ ਦੇਣ ਤੋਂ ਇਨਕਾਰ ਕੀਤਾ । ੮ ਬਲਵੰਤ ਮਨੁੱਖ ਨੂੰ ਦੇਸ ਮਿਲ ਗਿਆ, ਅਤੇ ਜਿਹੜਾ ਮੰਨਿਆ-ਪ੍ਰਮੰਨਿਆ ਸੀ, ਉਹ ਉਸ ਵਿੱਚ ਵੱਸ ਗਿਆ । ੯ ਤੂੰ ਵਿਧਵਾਵਾਂ ਨੂੰ ਖਾਲੀ ਮੋੜ ਦਿੱਤਾ, ਅਤੇ ਯਤੀਮਾਂ ਦੀਆਂ ਬਾਹਾਂ ਭੰਨ ਦਿੱਤੀਆਂ । ੧੦ ਇਸ ਲਈ ਫੰਦੇ ਤੇਰੇ ਆਲੇ-ਦੁਆਲੇ ਹਨ, ਅਤੇ ਅਚਾਨਕ ਆਉਣ ਵਾਲੇ ਭੈ ਤੋਂ ਤੂੰ ਘਬਰਾਉਂਦਾ ਹੈ ! ੧੧ ਕੀ ਤੂੰ ਹਨੇਰੇ ਨੂੰ ਨਹੀਂ ਵੇਖਦਾ, ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ ?
੧੨ ਕੀ ਪਰਮੇਸ਼ੁਰ ਸਵਰਗ ਦੀ ਉਚਿਆਈ ਵਿੱਚ ਨਹੀਂ ? ਤਾਰਿਆਂ ਦੀ ਉਚਿਆਈ ਵੇਖ ਕਿ ਉਹ ਕਿੰਨੇ ਉੱਚੇ ਹਨ ! ੧੩ ਅਤੇ ਤੂੰ ਆਖਦਾ ਹੈਂ, ਪਰਮੇਸ਼ੁਰ ਕੀ ਜਾਣਦਾ ਹੈ ? ਕੀ ਉਹ ਘੁੱਪ ਹਨੇਰੇ ਵਿੱਚੋਂ ਨਿਆਂ ਕਰ ਸਕਦਾ ਹੈ ? ੧੪ ਬੱਦਲਾਂ ਦੀਆਂ ਘਟਾਂ ਉਹ ਦਾ ਪੜਦਾ ਹਨ, ਤਾਂ ਜੋ ਉਹ ਵੇਖ ਨਾ ਸਕੇ, ਅਤੇ ਉਹ ਤਾਂ ਅਕਾਸ਼ ਮੰਡਲ ਉੱਤੇ ਹੀ ਚਲਦਾ ਫਿਰਦਾ ਹੈ । ੧੫ ਕੀ ਤੂੰ ਉਸ ਪੁਰਾਣੇ ਰਾਹ ਨੂੰ ਫੜ੍ਹ ਕੇ ਰੱਖੇਂਗਾ, ਜਿਸ ਵਿੱਚ ਦੁਸ਼ਟ ਮਨੁੱਖ ਚਲਦੇ ਸਨ ? ੧੬ ਜਿਹੜੇ ਆਪਣੇ ਸਮੇਂ ਤੋਂ ਪਹਿਲਾਂ ਚੁੱਕੇ ਗਏ, ਜਿਹਨਾਂ ਦੀ ਨੀਂਹ ਦਰਿਆ ਨਾਲ ਰੁੜ੍ਹ ਗਈ, ੧੭ ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ ! ਅਤੇ ਸਰਬ ਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ ? ੧੮ ਤਾਂ ਵੀ ਉਸ ਨੇ ਉਹਨਾਂ ਦੇ ਘਰਾਂ ਨੂੰ ਉੱਤਮ ਪਦਾਰਥਾਂ ਨਾਲ ਭਰ ਦਿੱਤਾ, ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ ! ੧੯ ਧਰਮੀ ਵੇਖ ਕੇ ਖੁਸ਼ ਹੁੰਦੇ, ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ, ੨੦ ਸੱਚ-ਮੁੱਚ ਸਾਡੇ ਵਿਰੋਧੀ ਮਿੱਟ ਗਏ, ਅਤੇ ਅੱਗ ਨੇ ਉਹਨਾਂ ਦੀ ਰਹਿੰਦ-ਖੁਹੰਦ ਨੂੰ ਭੱਖ ਲਿਆ !
੨੧ ਪਰਮੇਸ਼ੁਰ ਦੇ ਨਾਲ ਮਿਲਿਆ ਰਹਿ ਅਤੇ ਸੁਖੀ ਰਹਿ, ਤਾਂ ਤੇਰੀ ਭਲਿਆਈ ਹੋਵੇਗੀ । ੨੨ ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ, ਅਤੇ ਉਹ ਦੇ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ । ੨੩ ਜੇ ਤੂੰ ਸਰਬ ਸ਼ਕਤੀਮਾਨ ਵੱਲ ਮੁੜੇਂ ਅਤੇ ਜੇ ਤੂੰ ਬਦੀ ਆਪਣੇ ਤੰਬੂਆਂ ਵਿੱਚੋਂ ਦੂਰ ਕਰੇਂ, ਤਾਂ ਤੂੰ ਬਣਿਆ ਰਹੇਂਗਾ, ੨੪ ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਸਗੋਂ ਓਫ਼ੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇਂ, ੨੫ ਤਾਂ ਸਰਬ ਸ਼ਕਤੀਮਾਨ ਆਪ ਤੇਰਾ ਸੋਨਾ, ਅਤੇ ਤੇਰੀ ਅਣਮੁੱਲ ਚਾਂਦੀ ਹੋਵੇਗਾ । ੨੬ ਤਦ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ, ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ । ੨੭ ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਂਗਾ । ੨੮ ਜੋ ਕੁਝ ਤੂੰ ਕਰਨਾ ਚਾਹੇਂ, ਉਹ ਤੇਰੇ ਲਈ ਠਹਿਰਾਈ ਜਾਵੇਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ । ੨੯ ਜਦ ਉਹ ਤੈਨੂੰ ਨੀਵਾਂ ਕਰਨ ਤਾਂ ਤੂੰ ਆਖੇਂਗਾ ਕਿ ਇਹ ਤਾਂ ਉੱਚਾ ਹੋਣਾ ਹੈ ! ਕਿਉਂਕਿ ਉਹ ਦੀਨ ਮਨੁੱਖ ਨੂੰ ਬਚਾਵੇਗਾ । ੩੦ ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਵੀ ਬਚਾਵੇਗਾ, ਹਾਂ, ਆਪਣੇ ਹੱਥਾਂ ਦੀ ਸ਼ੁੱਧਤਾ ਨਾਲ ਤੂੰ ਬਚਾਇਆ ਜਾਵੇਂਗਾ ।”