੩੮
ਪਰਮੇਸ਼ੁਰ ਦਾ ਅਯੂੱਬ ਨੂੰ ਉੱਤਰ
੧ ਤਦ ਯਹੋਵਾਹ ਨੇ ਅਯੂੱਬ ਨੂੰ ਵਾਵਰੋਲੇ ਦੇ ਵਿੱਚੋਂ ਉੱਤਰ ਦਿੱਤਾ ਅਤੇ ਆਖਿਆ, ੨ “ਇਹ ਕੌਣ ਹੈ ਜਿਹੜਾ ਗਿਆਨਹੀਨ ਗੱਲਾਂ ਨਾਲ ਮੇਰੀ ਸਲਾਹ ਨੂੰ ਹਨੇਰੇ ਵਿੱਚ ਰੱਖਦਾ ਹੈ ? ੩ ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ !
੪ ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ ! ੫ ਕਿਸ ਨੇ ਉਹ ਦਾ ਨਾਪ ਠਹਿਰਾਇਆ, ਤੂੰ ਤਾਂ ਜ਼ਰੂਰ ਹੀ ਜਾਣਦਾ ਹੋਵੇਂਗਾ, ਜਾਂ ਕਿਸ ਨੇ ਉਹ ਦੇ ਉੱਤੇ ਜ਼ਰੀਬ ਖਿੱਚੀ ? ੬ ਕਿਸ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਜਾਂ ਕਿਸ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ, ੭ ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ ?
੮ ਜਾਂ ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿੱਕਲਿਆ ? ੯ ਜਦ ਮੈਂ ਬੱਦਲ ਨੂੰ ਉਹ ਦਾ ਲਿਬਾਸ ਪਹਿਨਾਇਆ, ਅਤੇ ਘੁੱਪ ਹਨੇਰੇ ਵਿੱਚ ਉਸ ਨੂੰ ਲਪੇਟ ਦਿੱਤਾ, ੧੦ ਅਤੇ ਉਹ ਦੀਆਂ ਹੱਦਾਂ ਠਹਿਰਾਈਆਂ, ਅਤੇ ਅਰਲ ਤੇ ਕਵਾੜ ਲਾਏ ? ੧੧ ਅਤੇ ਆਖਿਆ, ਐਥੇ ਤੱਕ ਹੀ ਆਈਂ, ਅੱਗੇ ਨਾ ਵਧੀਂ, ਅਤੇ ਐਥੇ ਹੀ ਤੇਰੀਆਂ ਠਾਠਾਂ ਮਾਰਦੀਆਂ ਲਹਿਰਾਂ ਰੁੱਕ ਜਾਣ !
੧੨ ਕੀ ਤੂੰ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ ? ਕੀ ਤੂੰ ਸਾਜਰੇ ਨੂੰ ਉਹ ਦਾ ਥਾਂ ਸਿਖਾਇਆ, ੧੩ ਭਈ ਉਹ ਧਰਤੀ ਦੀਆਂ ਹੱਦਾਂ ਨੂੰ ਫੜ੍ਹ ਲਵੇ, ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ ? ੧੪ ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਦ ਸਾਰੀਆਂ ਵਸਤਾਂ ਜਾਣੋ ਬਸਤਰ ਪਹਿਨੇ ਵਿਖਾਈ ਦਿੰਦੀਆਂ ਹਨ, ੧੫ ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ ।
੧੬ ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ, ਜਾਂ ਡੂੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚਲਿਆ ਹੈਂ ? ੧੭ ਕੀ ਮੌਤ ਦੇ ਫਾਟਕ ਤੇਰੇ ਲਈ ਪਰਗਟ ਕੀਤੇ ਗਏ, ਜਾਂ ਘੋਰ ਅੰਧਕਾਰ ਦੇ ਫਾਟਕਾਂ ਨੂੰ ਤੂੰ ਵੇਖਿਆ ਹੈ ? ੧੮ ਕੀ ਤੂੰ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ ? ਤੂੰ ਦੱਸ, ਜੇ ਤੂੰ ਇਹ ਸਭ ਕੁਝ ਜਾਣਦਾ ਹੈ !
੧੯ ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਹਨੇਰੇ ਦਾ ਸਥਾਨ ਕਿੱਥੇ ਹੈ ? ੨੦ ਕੀ ਤੂੰ ਉਹ ਨੂੰ ਉਹ ਦੇ ਸਥਾਨ ਤੱਕ ਪਹੁੰਚਾ ਸਕਦਾ ਹੈਂ, ਅਤੇ ਉਹ ਦੇ ਘਰ ਦੇ ਰਾਹਾਂ ਨੂੰ ਜਾਣਦਾ ਹੈਂ । ੨੧ ਤੂੰ ਜ਼ਰੂਰ ਹੀ ਇਹ ਸਭ ਕੁਝ ਜਾਣਦਾ ਹੋਵੇਂਗਾ, ਕਿਉਂ ਜੋ ਤੂੰ ਉਸ ਵੇਲੇ ਜੰਮਿਆ ਸੀ, ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ !
੨੨ ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ, ੨੩ ਜਿਹਨਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਅਤੇ ਲੜਾਈ ਤੇ ਯੁੱਧ ਦੇ ਦਿਨਾਂ ਲਈ ਬਚਾ ਕੇ ਰੱਖਿਆ ਹੈ ? ੨੪ ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ, ਜਾਂ ਪੂਰਬੀ ਹਵਾ ਧਰਤੀ ਉੱਤੇ ਕਿਵੇਂ ਖਿਲਾਰੀ ਜਾਂਦੀ ਹੈ ? ੨੫ ਕਿਸ ਨੇ ਹੜ੍ਹਾਂ ਲਈ ਨਾਲੀ ਪੁੱਟੀ, ਜਾਂ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ, ੨੬ ਤਾਂ ਜੋ ਮਨੁੱਖਾਂ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ, ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ, ੨੭ ਭਈ ਉਜੜੇ ਅਤੇ ਸੁੰਨੇ ਦੇਸ ਨੂੰ ਰਜਾਵੇ, ਅਤੇ ਹਰਾ ਘਾਹ ਉਗਾਵੇ ? ੨੮ ਕੀ ਮੀਂਹ ਦਾ ਕੋਈ ਪਿਤਾ ਹੈ, ਜਾਂ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ ਹਨ ? ੨੯ ਕਿਸ ਦੇ ਗਰਭ ਤੋਂ ਬਰਫ਼ ਜੰਮੀ, ਜਾਂ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆ ? ੩੦ ਪਾਣੀ ਪੱਥਰ ਵਾਂਗੂੰ ਜੰਮ ਜਾਂਦੇ, ਅਤੇ ਡੂੰਘਿਆਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ ਹੈ ।
੩੧ ਕੀ ਤੂੰ ਕੱਚਪਚਿਆਂ ਦੇ ਬੰਧਨਾਂ ਨੂੰ ਬੰਨ੍ਹ ਸਕਦਾ, ਜਾਂ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸਕਦਾ ਹੈਂ ? ੩੨ ਕੀ ਤੂੰ ਰੁੱਤਾਂ ਨੂੰ ਸਮੇਂ ਸਿਰ ਬਦਲ ਸਕਦਾ ਹੈਂ, ਜਾਂ ਭਾਲੂ ਦੀ ਉਹ ਦੇ ਬੱਚਿਆਂ ਸਮੇਤ ਅਗਵਾਈ ਕਰ ਸਕਦਾ ਹੈਂ ? ੩੩ ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ ? ਕੀ ਤੂੰ ਉਹ ਦਾ ਰਾਜ ਧਰਤੀ ਉੱਤੇ ਕਾਇਮ ਕਰ ਸਕਦਾ ਹੈਂ ?
੩੪ ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੱਕ ਉੱਚੀ ਕਰ ਸਕਦਾ ਹੈਂ, ਜੋ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ ? ੩੫ ਕੀ ਤੂੰ ਬਿਜਲੀਆਂ ਨੂੰ ਘੱਲ ਸਕਦਾ ਹੈਂ ਕਿ ਉਹ ਚਲੀਆਂ ਜਾਣ, ਅਤੇ ਉਹ ਤੈਨੂੰ ਆਖਣ, “ਅਸੀਂ ਹਾਜ਼ਰ ਹਾਂ” ? ੩੬ ਅੰਤਹਕਰਨ ਵਿੱਚ ਬੁੱਧੀ ਕਿਸ ਨੇ ਰੱਖੀ, ਜਾਂ ਮਨ ਵਿੱਚ ਕਿਸ ਨੇ ਸਮਝ ਬਖ਼ਸ਼ੀ ? ੩੭ ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਲ੍ਹ ਸਕਦਾ ਹੈ, ੩੮ ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ, ਅਤੇ ਡਲੇ ਘੁਲ ਜਾਂਦੇ ਹਨ ?
੩੯ ਕੀ ਤੂੰ ਬੱਬਰ ਸ਼ੇਰਨੀ ਲਈ ਸ਼ਿਕਾਰ ਮਾਰ ਸਕਦਾ ਹੈਂ, ਅਤੇ ਬੱਬਰ ਸ਼ੇਰ ਦੇ ਬੱਚਿਆਂ ਦੀ ਭੁੱਖ ਨੂੰ ਮਿਟਾ ਸਕਦਾ ਹੈਂ, ੪੦ ਜਦ ਉਹ ਆਪਣੀਆਂ ਖੁੰਧਰਾਂ ਵਿੱਚ ਦਬਕੇ ਬੈਠੇ ਹਨ, ਅਤੇ ਝਾੜੀਆਂ ਵਿੱਚ ਛਹਿ ਲਾ ਕੇ ਰਹਿੰਦੇ ਹਨ ? ੪੧ ਕੌਣ ਪਹਾੜੀ ਕਾਂ ਲਈ ਉਹ ਦਾ ਚੋਗਾ ਤਿਆਰ ਕਰਦਾ ਹੈ, ਜਦ ਉਹ ਦੇ ਬੱਚੇ ਪਰਮੇਸ਼ੁਰ ਅੱਗੇ ਚਿੱਲਾਉਂਦੇ ਹਨ, ਅਤੇ ਚੋਗੇ ਤੋਂ ਬਿਨ੍ਹਾਂ ਉੱਡਦੇ ਫਿਰਦੇ ਹਨ ?