ਟਿੱਡੀਆਂ ਪ੍ਰਭੂ ਦੇ ਦਿਨ ਦੀ ਚੇਤਾਵਨੀ ਦੇ ਰੂਪ ਵਿੱਚ
੧ ਸੀਯੋਨ ਵਿੱਚ ਤੁਰ੍ਹੀ ਫੂਕੋ ! ਮੇਰੇ ਪਵਿੱਤਰ ਪਹਾੜ ਉੱਤੇ ਸਾਂਹ ਖਿੱਚ ਦੇ ਫੂਕੋ ! ਦੇਸ਼ ਦੇ ਸਾਰੇ ਵਾਸੀ ਕੰਬਣ, ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ ! ੨ ਉਹ ਹਨੇਰੇ ਅਤੇ ਅੰਧਕਾਰ ਦਾ ਦਿਨ, ਸਗੋਂ ਬੱਦਲ ਅਤੇ ਘੁੱਪ ਹਨੇਰੇ ਦਾ ਦਿਨ ਹੈ ! ਜਿਵੇਂ ਸਵੇਰ ਦੀ ਰੋਸ਼ਨੀ ਫੈਲਦੀ ਹੈ, ਉਸੇ ਤਰ੍ਹਾਂ ਪਹਾੜਾਂ ਉੱਤੇ ਇੱਕ ਵੱਡੀ ਅਤੇ ਤਕੜੀ ਕੌਮ ਫੈਲੀ ਹੋਈ ਹੈ, ਉਹਨਾਂ ਵਰਗੇ ਸਨਾਤਨ ਕਾਲ ਤੋਂ ਨਹੀਂ ਹੋਏ, ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਤੱਕ ਨਹੀਂ ਹੋਣਗੇ !
੩ ਉਹਨਾਂ ਦੇ ਅੱਗੇ-ਅੱਗੇ ਅੱਗ ਭਸਮ ਕਰਦੀ ਜਾਂਦੀ ਹੈ, ਉਹਨਾਂ ਦੇ ਪਿੱਛੇ ਲੰਬ ਸਾੜਦੀ ਜਾਂਦੀ ਹੈ । ਉਹਨਾਂ ਦੇ ਅੱਗੇ ਦਾ ਦੇਸ਼ ਅਦਨ ਦੇ ਬਾਗ ਵਰਗਾ ਹੈ, ਪਰ ਉਹਨਾਂ ਦੇ ਪਿੱਛੇ ਵਿਰਾਨ ਉਜਾੜ ਹੈ ! ਉਹਨਾਂ ਤੋਂ ਕੁਝ ਵੀ ਨਹੀਂ ਬਚਦਾ ।
੪ ਉਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਉਹ ਜੰਗੀ ਘੋੜਿਆਂ ਵਾਂਗੂੰ ਦੌੜਦੇ ਹਨ । ੫ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਚੱਲਣ ਦੇ ਸ਼ੋਰ ਵਾਂਗੂੰ ਕੁੱਦਦੇ ਹਨ ਅਤੇ ਅੱਗ ਦੀ ਲੰਬ ਵਾਂਗੂੰ ਹਨ, ਜਿਹੜੀ ਪਰਾਲੀ ਨੂੰ ਭਸਮ ਕਰਦੀ ਹੈ, ਜਿਵੇਂ ਬਲਵੰਤ ਲੋਕ ਲੜਾਈ ਲਈ ਕਤਾਰਾਂ ਬੰਨ੍ਹਦੇ ਹਨ !
੬ ਉਹਨਾਂ ਦੇ ਅੱਗੇ ਲੋਕ ਤੜਫ਼ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ । ੭ ਉਹ ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ, ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ । ੮ ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ । ੯ ਉਹ ਸ਼ਹਿਰ ਉੱਤੇ ਟੁੱਟ ਪੈਂਦੇ ਹਨ, ਉਹ ਸ਼ਹਿਰਪਨਾਹ ਉੱਤੇ ਦੌੜਦੇ ਹਨ, ਉਹ ਚੋਰਾਂ ਵਾਂਗੂੰ ਖਿੜਕੀਆਂ ਰਾਹੀਂ ਘਰਾਂ ਵਿੱਚ ਵੜ ਜਾਂਦੇ ਹਨ !
੧੦ ਉਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਕਾਸ਼ ਕੰਬਦਾ ਹੈ । ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ । ੧੧ ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਗਜਾਉਂਦਾ ਹੈ, ਕਿਉਂ ਜੋ ਉਹ ਦੀ ਛਾਉਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਹੁਕਮ ਮੰਨਦਾ ਹੈ ਉਹ ਬਲਵਾਨ ਹੈ, ਕਿਉਂ ਜੋ ਯਹੋਵਾਹ ਦਾ ਦਿਨ ਮਹਾਨ ਅਤੇ ਭਿਆਨਕ ਹੈ ! ਕੌਣ ਉਸ ਨੂੰ ਸਹਿ ਸਕਦਾ ਹੈ ?
ਤੋਬਾ ਕਰਨ ਲਈ ਬੁਲਾਹਟ
੧੨ ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ । ੧੩ ਆਪਣੇ ਬਸਤਰ ਨਹੀਂ ਸਗੋਂ ਆਪਣੇ ਦਿਲਾਂ ਨੂੰ ਪਾੜ ਕੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ । ੧੪ ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਣ ?
੧੫ ਸੀਯੋਨ ਵਿੱਚ ਤੁਰ੍ਹੀ ਫੂਕੋ ! ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ ! ੧੬ ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬਜ਼ੁਰਗਾਂ ਨੂੰ ਸੱਦੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ !
੧੭ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ । ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ ?
ਪਰਮੇਸ਼ੁਰ ਦੀ ਦਯਾ
੧੮ ਤਦ ਯਹੋਵਾਹ ਆਪਣੇ ਦੇਸ਼ ਲਈ ਅਣਖੀ ਹੋਇਆ ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ । ੧੯ ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮਧ ਅਤੇ ਤੇਲ ਭੇਜਾਂਗਾ ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਨਿੰਦਿਆ ਦਾ ਕਾਰਨ ਨਹੀਂ ਬਣਾਵਾਂਗਾ ।
੨੦ ਮੈਂ ਉੱਤਰ ਤੋਂ ਆਈ ਹੋਈ ਫ਼ੌਜ ਨੂੰ ਤੁਹਾਡੇ ਤੋਂ ਦੂਰ ਧੱਕ ਦਿਆਂਗਾ, ਅਤੇ ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ਼ ਵਿੱਚ ਭਜਾ ਦਿਆਂਗਾ, ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ । ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜ੍ਹਿਆਂਦ ਆਵੇਗੀ, ਕਿਉਂ ਜੋ ਉਸ ਨੇ ਬਹੁਤ ਭੈੜਾ ਕੰਮ ਕੀਤਾ ਹੈ ।
੨੧ ਹੇ ਦੇਸ਼, ਨਾ ਡਰ ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ ! ੨੨ ਹੇ ਮੈਦਾਨ ਦੇ ਪਸ਼ੂਓ, ਨਾ ਡਰੋ ! ਕਿਉਂ ਜੋ ਉਜਾੜ ਦੀਆਂ ਚਾਰਗਾਹਾਂ ਹਰੀਆਂ ਹੋ ਗਈਆਂ ਹਨ, ਰੁੱਖ ਆਪਣੇ ਫਲ ਦਿੰਦੇ ਹਨ, ਹੰਜ਼ੀਰ ਅਤੇ ਅੰਗੂਰੀ ਵੇਲਾਂ ਆਪਣਾ ਪੂਰਾ ਬਲ ਵਿਖਾਉਂਦੀਆਂ ਹਨ ।
੨੩ ਹੇ ਸੀਯੋਨ ਦੇ ਲੋਕੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ ! ਕਿਉਂ ਜੋ ਉਹ ਨੇ ਤੁਹਾਡੇ ਸੁੱਖ ਲਈ ਪਹਿਲੀ ਵਰਖਾ ਦਿੱਤੀ ਹੈ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ ।
੨੪ ਪਿੜ ਅੰਨ ਨਾਲ ਭਰ ਜਾਣਗੇ ਅਤੇ ਹੌਦਾਂ ਮਧ ਅਤੇ ਤੇਲ ਨਾਲ ਉੱਛਲਣਗੀਆਂ । ੨੫ ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ ।
੨੬ ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ । ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤੱਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ । ੨੭ ਤਦ ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ ।
ਆਤਮਾ ਦਾ ਵਹਾਇਆ ਜਾਣਾ
੨੮ ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਨ ਵੇਖਣਗੇ । ੨੯ ਸਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ, ਉਨ੍ਹਾਂ ਦਿਨਾਂ ਵਿੱਚ ਆਪਣਾ ਆਤਮਾ ਵਹਾਵਾਂਗਾ ।
੩੦ ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ ਅਰਥਾਤ ਲਹੂ, ਅੱਗ ਅਤੇ ਧੂੰਏਂ ਦਾ ਥੰਮ੍ਹ । ੩੧ ਯਹੋਵਾਹ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਅਤੇ ਚੰਨ ਲਹੂ ਵਰਗਾ ਹੋ ਜਾਵੇਗਾ ! ੩੨ ਉਸ ਵੇਲੇ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ, ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਛੁਟਕਾਰਾ ਹੋਵੇਗਾ, ਅਤੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ ਉਹ ਬਚਾਏ ਜਾਣਗੇ ।