ਯਰੀਹੋ ਦਾ ਭੇਤ ਲੈਣਾ
੧ ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਦੋ ਮਨੁੱਖਾਂ ਨੂੰ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਭੇਤ ਲੈਣ ਲਈ ਭੇਜਿਆ । ਉਹਨਾਂ ਨੂੰ ਆਖਿਆ, ਜਾ ਕੇ ਉਸ ਦੇਸ ਯਰੀਹੋ ਨੂੰ ਵੇਖੋ ਤਾਂ ਉਹ ਝੱਟ ਚਲੇ ਗਏ ਅਤੇ ਇੱਕ ਵੇਸਵਾ ਦੇ ਘਰ ਵਿੱਚ ਜਾ ਠਹਿਰੇ ਜਿਸ ਦਾ ਨਾਮ ਰਾਹਾਬ ਸੀ । ੨ ਤਦ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਇਸ ਦੇਸ ਦਾ ਭੇਦ ਲੈਣ ਲਈ ਆਏ ਹੋਏ ਹਨ । ੩ ਤਦ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਸੁਨੇਹਾ ਭੇਜਿਆ ਕਿ ਉਹਨਾਂ ਮਨੁੱਖਾਂ ਨੂੰ ਲਿਆ ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਠਹਿਰੇ ਹਨ ਕਿਉਂ ਜੋ ਉਹ ਸਾਰੇ ਦੇਸ ਦਾ ਭੇਤ ਲੈਣ ਆਏ ਹਨ । ੪ ਉਸ ਔਰਤ ਨੇ ਦੋਵੇਂ ਮਨੁੱਖਾਂ ਨੂੰ ਲੁਕਾ ਦਿੱਤਾ ਅਤੇ ਇਸ ਤਰ੍ਹਾਂ ਆਖਿਆ ਕਿ ਉਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਉਹ ਕਿੱਥੋਂ ਦੇ ਸਨ । ੫ ਜਦ ਹਨੇਰਾ ਹੋਇਆ ਅਤੇ ਫਾਟਕ ਬੰਦ ਕਰਨ ਦਾ ਵੇਲਾ ਸੀ ਤਾਂ ਉਹ ਮਨੁੱਖ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਉਹ ਮਨੁੱਖ ਕਿੱਥੇ ਚੱਲੇ ਗਏ । ਛੇਤੀ ਨਾਲ ਉਹਨਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ । ੬ ਪਰ ਉਹ ਉਹਨਾਂ ਨੂੰ ਛੱਤ ਉੱਤੇ ਲੈ ਗਈ ਅਤੇ ਬਾਲਣ ਦੀਆਂ ਲਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ । ੭ ਮਨੁੱਖ ਉਹਨਾਂ ਦੇ ਪਿੱਛੇ ਯਰਦਨ ਦੇ ਰਾਹ ਪੱਤਣ ਤੱਕ ਗਏ ਅਤੇ ਜਿਸ ਵੇਲੇ ਉਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿੱਕਲ ਗਏ ਤਾਂ ਉਹਨਾਂ ਨੇ ਫਾਟਕ ਬੰਦ ਕਰ ਲਿਆ ।
੮ ਉਹਨਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਉੱਤੇ ਗਈ । ੯ ਉਹਨਾਂ ਨੂੰ ਆਖਿਆ ਕਿ ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਦੇਸ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਆ ਪਿਆ ਹੈ ਅਤੇ ਇਸ ਦੇਸ ਦੇ ਵਸਨੀਕ ਤੁਹਾਡੇ ਤੋਂ ਘਬਰਾ ਗਏ ਹਨ । ੧੦ ਕਿਉਂ ਜੋ ਅਸੀਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਸਾਹਮਣੇ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸੀਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸੀਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਵਰਤਾਵ ਕੀਤਾ ਜਿਨ੍ਹਾਂ ਨੂੰ ਤੁਸੀਂ ਮਾਰ ਸੁੱਟਿਆ । ੧੧ ਜਦ ਅਸੀਂ ਸੁਣਿਆ ਤਾਂ ਸਾਡੇ ਮਨ ਪਿਘਲ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਸਵਰਗ ਵਿੱਚ ਅਤੇ ਧਰਤੀ ਉੱਤੇ ਉਹੀ ਇਕੋ ਪਰਮੇਸ਼ੁਰ ਹੈ । ੧੨ ਇਸ ਲਈ ਹੁਣ ਤੁਸੀਂ ਮੇਰੇ ਨਾਲ ਯਹੋਵਾਹ ਦੀ ਸਹੁੰ ਖਾਓ ਇਸ ਲਈ ਕਿ ਜਿਵੇਂ ਤੁਹਾਡੇ ਉੱਤੇ ਮੈਂ ਦਯਾ ਕੀਤੀ ਹੈ, ਤੁਸੀਂ ਮੇਰੇ ਪਿਤਾ ਦੇ ਘਰਾਣੇ ਉੱਤੇ ਦਯਾ ਕਰੋਗੇ ਅਤੇ ਇੱਕ ਪੱਕੀ ਨਿਸ਼ਾਨੀ ਮੈਨੂੰ ਦਿਓ । ੧੩ ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਝ ਉਹਨਾਂ ਦਾ ਹੈ ਜੀਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਬਚਾਓਗੇ । ੧੪ ਉਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਜੇਕਰ ਤੁਸੀਂ ਸਾਡੀ ਇਹ ਗੱਲ ਨਾ ਦੱਸੋ ਤਾਂ ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਯਹੋਵਾਹ ਇਹ ਦੇਸ ਸਾਨੂੰ ਦੇ ਦੇਵੇ ਤਾਂ ਅਸੀਂ ਤੁਹਾਡੇ ਨਾਲ ਦਯਾ ਅਤੇ ਸੱਚਿਆਈ ਨਾਲ ਵਿਵਹਾਰ ਕਰਾਂਗੇ ।
੧੫ ਉਹ ਨੇ ਉਹਨਾਂ ਨੂੰ ਰੱਸੇ ਨਾਲ ਖਿੜਕੀ ਦੇ ਵਿੱਚ ਦੀ ਉਤਾਰ ਦਿੱਤਾ ਕਿਉਂ ਜੋ ਉਹ ਦਾ ਘਰ ਸ਼ਹਿਰ ਦੀ ਚਾਰ-ਦੀਵਾਰੀ ਦੇ ਨਾਲ ਲੱਗਦਾ ਸੀ ਅਤੇ ਉਹ ਉਸੇ ਸ਼ਹਿਰ ਵਿੱਚ ਰਹਿੰਦੀ ਸੀ । ੧੬ ਉਸ ਨੇ ਉਹਨਾਂ ਨੂੰ ਆਖਿਆ, ਪਹਾੜ ਵੱਲ ਚਲੇ ਜਾਓ ਕਿਤੇ ਅਜਿਹਾ ਨਾ ਹੋਵੇ ਕਿ ਪਿੱਛਾ ਕਰਨ ਵਾਲੇ ਤੁਹਾਨੂੰ ਮਿਲ ਪੈਣ । ਇਸ ਲਈ ਤੁਸੀਂ ਤਿੰਨਾਂ ਦਿਨਾਂ ਤੱਕ ਆਪਣੇ ਆਪ ਨੂੰ ਲੁਕਾ ਛੱਡੋ ਜਦ ਤੱਕ ਪਿੱਛਾ ਕਰਨ ਵਾਲੇ ਨਾ ਮੁੜਨ ਉਸ ਦੇ ਪਿੱਛੋਂ ਤੁਸੀਂ ਆਪਣੇ ਰਾਹ ਚਲੇ ਜਾਇਓ । ੧੭ ਉਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਇਸ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ । ੧੮ ਵੇਖ, ਜਦ ਅਸੀਂ ਇਸ ਦੇਸ ਵਿੱਚ ਆਵਾਂਗੇ ਤਾਂ ਇਹ ਲਾਲ ਸੂਤ ਦੀ ਡੋਰੀ ਇਸ ਖਿੜਕੀ ਨਾਲ ਬੰਨ੍ਹੀ ਜਿਹ ਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣਿਆਂ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇੱਕਠਿਆ ਕਰੀਂ । ੧੯ ਤਦ ਇਸ ਤਰ੍ਹਾਂ ਹੋਵੇਗਾ ਕਿ ਜੋ ਕੋਈ ਤੇਰੇ ਘਰ ਦੇ ਬੂਹੇ ਵਿੱਚੋਂ ਗਲੀ ਵਿੱਚ ਨਿੱਕਲ ਕੇ ਜਾਵੇਗਾ ਉਸ ਦਾ ਖੂਨ ਉਸ ਦੇ ਸਿਰ ਉੱਤੇ ਹੋਵੇਗਾ ਅਤੇ ਅਸੀਂ ਬੇਦੋਸ਼ੇ ਹੋਵਾਂਗੇ ਅਤੇ ਜੇ ਕੋਈ ਤੇਰੇ ਕੋਲ ਘਰ ਵਿੱਚ ਹੋਵੇਗਾ ਉਸ ਦੇ ਉੱਤੇ ਜੇ ਕਿਸੇ ਦਾ ਹੱਥ ਉੱਠੇਗਾ ਤਾਂ ਉਸ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ । ੨੦ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇਂਗੀ ਤਾਂ ਉਸ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ । ੨੧ ਉਸ ਨੇ ਆਖਿਆ, ਤੁਹਾਡੀ ਗੱਲ ਅਨੁਸਾਰ ਹੋਵੇ । ਸੋ ਉਹ ਨੇ ਉਹਨਾਂ ਨੂੰ ਭੇਜ ਦਿੱਤਾ ਤਾਂ ਉਹ ਚਲੇ ਗਏ ਅਤੇ ਉਹ ਨੇ ਲਾਲ ਸੂਤ ਦੀ ਡੋਰੀ ਖਿੜਕੀ ਨਾਲ ਬੰਨ੍ਹ ਦਿੱਤੀ ।
੨੨ ਤਾਂ ਉਹ ਤੁਰ ਕੇ ਪਹਾੜ ਵੱਲ ਗਏ ਅਤੇ ਉੱਥੇ ਤਿੰਨ ਦਿਨ ਰਹੇ ਜਦ ਤੱਕ ਉਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ ਅਤੇ ਪਿੱਛਾ ਕਰਨ ਵਾਲਿਆਂ ਨੇ ਉਹਨਾਂ ਨੂੰ ਸਾਰੇ ਰਾਹ ਵਿੱਚ ਲੱਭਿਆ ਪਰ ਉਹ ਨਾ ਲੱਭੇ । ੨੩ ਤਾਂ ਉਹ ਦੋਵੇਂ ਮਨੁੱਖ ਮੁੜੇ ਅਤੇ ਪਹਾੜੋਂ ਉਤਰੇ ਅਤੇ ਪਾਰ ਲੰਘ ਕੇ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਆਏ ਤਾਂ ਸਾਰੀਆਂ ਗੱਲਾਂ ਜੋ ਉਹਨਾਂ ਨਾਲ ਹੋਈਆਂ ਸਨ ਉਹ ਨੂੰ ਦੱਸੀਆਂ । ੨੪ ਅਤੇ ਉਹਨਾਂ ਨੇ ਯਹੋਸ਼ੁਆ ਨੂੰ ਆਖਿਆ, ਸੱਚ-ਮੁੱਚ ਯਹੋਵਾਹ ਨੇ ਇਹ ਸਾਰਾ ਦੇਸ ਸਾਡੇ ਹੱਥ ਵਿੱਚ ਦੇ ਦਿੱਤਾ ਹੈ ਕਿਉਂ ਜੋ ਇਸ ਦੇਸ ਦੇ ਸਾਰੇ ਵਸਨੀਕ ਸਾਡੇ ਤੋਂ ਘਬਰਾ ਗਏ ਹਨ ।