੧੦
ਅਮੋਰੀਆਂ ਉੱਤੇ ਜਿੱਤ
੧ ਜਦ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਸੁਣਿਆ ਕਿ ਯਹੋਸ਼ੁਆ ਨੇ ਕਿਵੇਂ ਅਈ ਨੂੰ ਜਿੱਤ ਲਿਆ, ਉਹ ਦਾ ਸੱਤਿਆਨਾਸ ਕਰ ਸੁੱਟਿਆ ਹੈ । ਜਿਵੇਂ ਉਸ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਉਸੇ ਤਰ੍ਹਾਂ ਉਸ ਨੇ ਅਈ ਅਤੇ ਉਹ ਦੇ ਰਾਜੇ ਨਾਲ ਵੀ ਕੀਤਾ, ਕਿਵੇਂ ਗਿਬਓਨ ਦੇ ਵਾਸੀਆਂ ਨੇ ਇਸਰਾਏਲ ਨਾਲ ਮੇਲ ਕਰ ਲਿਆ ਅਤੇ ਉਹਨਾਂ ਦੇ ਨਾਲ ਰਹਿੰਦੇ ਹਨ । ੨ ਤਦ ਉਹ ਬਹੁਤ ਡਰੇ ਕਿਉਂ ਜੋ ਗਿਬਓਨ ਇੱਕ ਵੱਡਾ ਸ਼ਹਿਰ ਸੀ ਅਤੇ ਪਾਤਸ਼ਾਹੀ ਸੀ ਸਗੋਂ ਉਹ ਅਈ ਨਾਲੋਂ ਵੱਡਾ ਸੀ ਅਤੇ ਉਹ ਦੇ ਸਾਰੇ ਮਨੁੱਖ ਸੂਰਮੇ ਸਨ । ੩ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨੂੰ ਅਤੇ ਯਰਮੂਥ ਦੇ ਰਾਜੇ ਫ਼ਿਰਾਮ ਨੂੰ ਅਤੇ ਲਾਕੀਸ਼ ਦੇ ਰਾਜੇ ਯਾਫ਼ੀਆ ਨੂੰ ਅਤੇ ਅਗਲੋਨ ਦੇ ਰਾਜੇ ਦਬੀਰ ਨੂੰ ਸੁਨੇਹਾ ਭੇਜਿਆ ੪ ਮੇਰੇ ਕੋਲ ਆਓ ਅਤੇ ਮੇਰੀ ਸਹਾਇਤਾ ਕਰੋ ਤਾਂ ਜੋ ਅਸੀਂ ਗਿਬਓਨ ਨੂੰ ਮਾਰ ਦੇਈਏ ਕਿਉਂ ਜੋ ਉਹ ਨੇ ਯਹੋਸ਼ੁਆ ਅਤੇ ਇਸਰਾਏਲੀਆਂ ਨਾਲ ਮੇਲ ਕਰ ਲਿਆ ਹੈ । ੫ ਤਾਂ ਅਮੋਰੀਆਂ ਦੇ ਪੰਜਾਂ ਰਾਜਿਆਂ ਅਰਥਾਤ ਯਰੂਸ਼ਲਮ ਦੇ ਰਾਜੇ, ਹਬਰੋਨ ਦੇ ਰਾਜੇ, ਯਰਮੂਥ ਦੇ ਰਾਜੇ, ਲਾਕੀਸ਼ ਦੇ ਰਾਜੇ ਅਤੇ ਅਗਲੋਨ ਦੇ ਰਾਜੇ ਇਕੱਠੇ ਹੋਏ ਅਤੇ ਉਹ ਅਤੇ ਉਹਨਾਂ ਦੀ ਸਾਰੀ ਫੌਜ ਨੇ ਚੜਾਈ ਕੀਤੀ ਅਤੇ ਗਿਬਓਨ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਵਿਰੁੱਧ ਯੁੱਧ ਕੀਤਾ ।
੬ ਗਿਬਓਨ ਦੇ ਮਨੁੱਖਾਂ ਨੇ ਯਹੋਸ਼ੁਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਸੁਨੇਹਾ ਭੇਜਿਆ ਕਿ ਆਪਣਾ ਹੱਥ ਆਪਣੇ ਦਾਸਾਂ ਤੋਂ ਨਾ ਹਟਾਵੀਂ । ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ ਕਿਉਂ ਜੋ ਅਮੋਰੀਆਂ ਦੇ ਸਾਰੇ ਰਾਜੇ ਜਿਹੜੇ ਪਹਾੜ ਉੱਤੇ ਵੱਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ । ੭ ਯਹੋਸ਼ੁਆ ਨਾਲੇ ਸਾਰੇ ਜੋਧੇ ਅਤੇ ਸਾਰੇ ਸੂਰਬੀਰ ਗਿਲਗਾਲ ਤੋਂ ਚੜ੍ਹੇ । ੮ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਉਹਨਾਂ ਤੋਂ ਨਾ ਡਰ ਕਿਉਂ ਜੋ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ । ਉਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖੜ੍ਹਾ ਨਾ ਹੋ ਸਕੇਗਾ । ੯ ਯਹੋਸ਼ੁਆ ਨੇ ਗਿਲਗਾਲ ਤੋਂ ਸਾਰੀ ਰਾਤ ਤੁਰ ਕੇ ਉਹਨਾਂ ਉੱਤੇ ਅਚਾਨਕ ਹਮਲਾ ਕੀਤਾ । ੧੦ ਯਹੋਵਾਹ ਨੇ ਇਸਰਾਏਲ ਦੇ ਅੱਗੇ ਉਹਨਾਂ ਨੂੰ ਘਬਰਾ ਦਿੱਤਾ ਅਤੇ ਉਹ ਨੇ ਉਹਨਾਂ ਨੂੰ ਗਿਬਓਨ ਵਿੱਚ ਵੱਡੀ ਮਾਰ ਨਾਲ ਮਾਰ ਸੁੱਟਿਆ ਅਤੇ ਉਹ ਨੇ ਬੈਤ-ਹੋਰੋਨ ਦੀ ਚੜ੍ਹਾਈ ਦੇ ਰਾਹ ਵਿੱਚ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਤੱਕ ਮਾਰਦਾ ਗਿਆ । ੧੧ ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸਰਾਏਲ ਦੇ ਅੱਗੋਂ ਭੱਜੇ ਜਾਂਦੇ ਸਨ ਤਾਂ ਬੈਤ-ਹੋਰੋਨ ਦੀ ਚੜ੍ਹਾਈ ਕੋਲ ਯਹੋਵਾਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ । ਜਿਹੜੇ ਗੜਿਆਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਢੇ ਗਏ ।
੧੨ ਉਸ ਦਿਨ ਜਦ ਯਹੋਵਾਹ ਨੇ ਅਮੋਰੀਆਂ ਨੂੰ ਇਸਰਾਏਲੀਆਂ ਦੇ ਵੱਸ ਵਿੱਚ ਕਰ ਦਿੱਤਾ ਅਤੇ ਇਸਰਾਏਲੀਆਂ ਦੇ ਵੇਖਦਿਆਂ ਯਹੋਸ਼ੁਆ ਨੇ ਆਖਿਆ,
“ਹੇ ਸੂਰਜ, ਗਿਬਓਨ ਉੱਤੇ, ਅਤੇ ਹੇ ਚੰਦਰਮਾ,
ਅੱਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ”
੧੩ ਤਦ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜ੍ਹਾ ਰਿਹਾ,
ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲਿਆ ।
ਕੀ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ? ਸੋ ਸੂਰਜ ਅਕਾਸ਼ ਦੇ ਵਿੱਚਕਾਰ ਖੜ੍ਹਾ ਰਿਹਾ ਅਤੇ ਸਾਰੀ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ । ੧੪ ਇਸ ਤੋਂ ਅੱਗੇ ਜਾਂ ਪਿੱਛੇ ਅਜਿਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾਹ ਨੇ ਮਨੁੱਖ ਦੀ ਅਵਾਜ਼ ਸੁਣੀ ਹੋਵੇ ਕਿਉਂ ਜੋ ਯਹੋਵਾਹ ਇਸਰਾਏਲ ਲਈ ਲੜਿਆ ।
੧੫ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ ।
ਅਮੋਰੀਆਂ ਦੇ ਪੰਜਾਂ ਰਾਜਾਂ ਨੂੰ ਬੰਦੀ ਬਣਾਉਣਾ
੧੬ ਪਰ ਇਹ ਪੰਜ ਰਾਜੇ ਨੱਸ ਗਏ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਜਾ ਲੁਕੇ । ੧੭ ਤਾਂ ਯਹੋਸ਼ੁਆ ਨੂੰ ਦੱਸਿਆ ਗਿਆ ਕਿ ਉਹ ਪੰਜ ਰਾਜੇ ਲੱਭ ਗਏ ਹਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕੇ ਹੋਏ ਹਨ । ੧੮ ਤਾਂ ਯਹੋਸ਼ੁਆ ਨੇ ਆਖਿਆ ਕਿ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿਓ ਅਤੇ ਉਹਨਾਂ ਦੀ ਰਾਖੀ ਲਈ ਮਨੁੱਖ ਉਹ ਦੇ ਕੋਲ ਖੜ੍ਹਾ ਕਰ ਦਿਓ । ੧੯ ਪਰ ਤੁਸੀਂ ਨਾ ਖੜ੍ਹੇ ਹੋਇਓ, ਆਪਣੇ ਵੈਰੀਆਂ ਦਾ ਪਿੱਛਾ ਕਰੋ ਅਤੇ ਉਹਨਾਂ ਦੇ ਵਿਚੋਂ ਜਿਹੜੇ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਮਾਰੋ । ਉਹਨਾਂ ਨੂੰ ਆਪਣੇ ਸ਼ਹਿਰਾਂ ਵਿੱਚ ਵੜਨ ਨਾ ਦਿਓ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ । ੨੦ ਇਸ ਤਰ੍ਹਾਂ ਹੋਇਆ ਕਿ ਜਦ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਅੱਤ ਵੱਡੀ ਮਾਰ ਨਾਲ ਮਾਰ ਕੇ ਮੁਕਾ ਦਿੱਤਾ ਤਾਂ ਉਹਨਾਂ ਦੇ ਜਿਹੜੇ ਪਿੱਛੇ ਰਹਿ ਗਏ ਸਨ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਜਾ ਵਡੇ । ੨੧ ਸਾਰੇ ਲੋਕ ਯਹੋਸ਼ੁਆ ਕੋਲ ਮੱਕੇਦਾਹ ਦੇ ਡੇਰੇ ਨੂੰ ਸੁਲਾਹ ਨਾਲ ਮੁੜ ਪਏ ਅਤੇ ਕਿਸੇ ਨੇ ਆਪਣਾ ਮੂੰਹ ਕਿਸੇ ਇਸਰਾਏਲੀ ਦੇ ਵਿਰੁੱਧ ਨਾ ਖੋਲ੍ਹਿਆ ।
੨੨ ਫਿਰ ਯਹੋਸ਼ੁਆ ਨੇ ਆਖਿਆ, ਗੁਫ਼ਾ ਦੇ ਮੂੰਹ ਨੂੰ ਖੋਲ੍ਹੋ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਮੇਰੇ ਕੋਲ ਲੈ ਆਓ । ੨੩ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਉਹ ਦੇ ਕੋਲ ਲੈ ਆਏ ਅਰਥਾਤ ਯਰੁਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ । ੨੪ ਫਿਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਹਨਾਂ ਰਾਜਿਆਂ ਨੂੰ ਯਹੋਸ਼ੁਆ ਦੇ ਕੋਲ ਲੈ ਆਏ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਯੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ ਸੋ ਉਹਨਾਂ ਨੇ ਨੇੜੇ ਆ ਕੇ ਆਪਣੇ ਪੈਰ ਉਹਨਾਂ ਦੀਆਂ ਗਰਦਨਾਂ ਉੱਤੇ ਰੱਖੇ । ੨੫ ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਾਬਰੋ । ਤਕੜੇ ਹੋਵੋ ਅਤੇ ਹੌਂਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਅਜਿਹਾ ਹੀ ਕਰੇਗਾ । ੨੬ ਇਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਉਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ ਅਤੇ ਉਹ ਸ਼ਾਮਾਂ ਤੱਕ ਉਹਨਾਂ ਰੁੱਖਾਂ ਉੱਤੇ ਟੰਗੇ ਰਹੇ । ੨੭ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਰੁੱਖਾਂ ਉੱਤੋਂ ਲਾਹ ਲਿਆ ਅਤੇ ਉਸ ਗੁਫ਼ਾ ਵਿੱਚ ਜਿੱਥੇ ਉਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੱਕ ਵੀ ਹਨ ।
ਅਮੋਰੀ ਰਾਜ ਉੱਤੇ ਹੋਰ ਵਧ ਕੇ ਜਿੱਤ
੨੮ ਯਹੋਸ਼ੁਆ ਨੇ ਉਸੇ ਦਿਨ ਮੱਕੇਦਾਹ ਨੂੰ ਲੈ ਲਿਆ ਅਤੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ । ਉਸ ਨੇ ਉਹਨਾਂ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ । ਉਸ ਨੇ ਕਿਸੇ ਨੂੰ ਵੀ ਬਾਕੀ ਨਾ ਛੱਡਿਆ ਅਤੇ ਉਸ ਨੇ ਮੱਕੇਦਾਹ ਦੇ ਰਾਜੇ ਨਾਲ ਤਿਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ ।
੨੯ ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਮੱਕੇਦਾਹ ਤੋਂ ਲਿਬਨਾਹ ਨੂੰ ਗਏ ਅਤੇ ਲਿਬਨਾਹ ਨਾਲ ਯੁੱਧ ਕੀਤਾ । ੩੦ ਅਤੇ ਯਹੋਵਾਹ ਨੇ ਉਸ ਨੂੰ ਵੀ ਅਤੇ ਉਸ ਦੇ ਰਾਜੇ ਨੂੰ ਵੀ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਉਸ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ । ਉਹ ਨੇ ਕਿਸੇ ਨੂੰ ਉਸ ਦੇ ਵਿੱਚ ਬਾਕੀ ਨਾ ਛੱਡਿਆ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ ।
੩੧ ਤਾਂ ਯਹੋਸ਼ੁਆ ਅਤੇ ਉਹ ਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਲੰਘੇ ਅਤੇ ਉਸ ਦੇ ਸਾਹਮਣੇ ਡੇਰੇ ਲਾ ਕੇ ਉਸ ਦੇ ਨਾਲ ਯੁੱਧ ਕੀਤਾ । ੩੨ ਤਾਂ ਯਹੋਵਾਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਦੂਜੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਸ ਨੂੰ ਅਤੇ ਉਸ ਦੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਿਵੇਂ ਉਹ ਨੇ ਲਿਬਨਾਹ ਨਾਲ ਕੀਤਾ ਸੀ ।
੩੩ ਤਦ ਗਜ਼ਰ ਦਾ ਰਾਜਾ ਹੋਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸ਼ੁਆ ਨੇ ਉਹ ਨੂੰ ਅਤੇ ਉਹ ਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ ।
੩੪ ਤਾਂ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਲੰਘੇ ਅਤੇ ਉਹ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਨਾਲ ਯੁੱਧ ਕੀਤਾ । ੩੫ ਅਤੇ ਉਸੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਹ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਸੇ ਦਿਨ ਉਹ ਦੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਉਸ ਲਾਕੀਸ਼ ਨਾਲ ਕੀਤਾ ਸੀ ।
੩੬ ਫਿਰ ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਅਗਲੋਨ ਤੋਂ ਹਬਰੋਨ ਨੂੰ ਉਤਾਹਾਂ ਗਏ ਅਤੇ ਉਹ ਦੇ ਨਾਲ ਯੁੱਧ ਕੀਤਾ । ੩੭ ਅਤੇ ਉਹ ਨੂੰ ਜਿੱਤ ਲਿਆ ਤਾਂ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਉਹ ਦੇ ਸਾਰੇ ਸ਼ਹਿਰਾਂ ਨੂੰ ਉਹ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਜਿਵੇਂ ਉਸ ਅਗਲੋਨ ਨਾਲ ਕੀਤਾ ਸੀ ਸਗੋਂ ਉਹ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ।
੩੮ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਉਸ ਨਾਲ ਦਬੀਰ ਨੂੰ ਮੁੜ ਕੇ ਉਸ ਨਾਲ ਯੁੱਧ ਕੀਤਾ । ੩੯ ਉਸ ਨੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਅਤੇ ਉਹ ਦੇ ਸਾਰੇ ਸ਼ਹਿਰਾਂ ਨੂੰ ਜਿੱਤ ਲਿਆ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ । ਜਿਵੇਂ ਉਸ ਨੇ ਹਬਰੋਨ ਅਤੇ ਲਿਬਨਾਹ ਅਤੇ ਉਹਨਾਂ ਦੇ ਰਾਜਿਆਂ ਨਾਲ ਕੀਤਾ ਸੀ ਉਸੇ ਤਰ੍ਹਾਂ ਉਸ ਨੇ ਦਬੀਰ ਅਤੇ ਉਹ ਦੇ ਰਾਜੇ ਨਾਲ ਕੀਤਾ ।
੪੦ ਇਉਂ ਯਹੋਸ਼ੁਆ ਨੇ ਸਾਰੇ ਦੇਸ ਨੂੰ ਅਰਥਾਤ ਪਹਾੜੀ ਦੇਸ, ਦੱਖਣ, ਬੇਟ, ਢਾਲਾਂ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਮਾਰ ਸੁਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਸਗੋਂ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ । ੪੧ ਯਹੋਸ਼ੁਆ ਨੇ ਉਹਨਾਂ ਨੂੰ ਕਾਦੇਸ ਬਰਨੇਆ ਤੋਂ ਅੱਜ਼ਾਹ ਤੱਕ ਅਤੇ ਗੋਸ਼ਨ ਦੇ ਸਾਰੇ ਦੇਸ ਨੂੰ ਗਿਬਓਨ ਤੱਕ ਨਾਸ਼ ਕੀਤਾ । ੪੨ ਯਹੋਸ਼ੁਆ ਨੇ ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਦੇ ਸਾਰੇ ਦੇਸਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਜਿੱਤ ਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸਰਾਏਲ ਲਈ ਲੜਿਆ । ੪੩ ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ ।