੨੩
ਯਹੋਸ਼ੁਆ ਦਾ ਉਪਦੇਸ਼
੧ ਇਸ ਤਰ੍ਹਾਂ ਹੋਇਆ ਜਦ ਯਹੋਵਾਹ ਨੇ ਬਹੁਤੇ ਦਿਨਾਂ ਦੇ ਪਿੱਛੋਂ ਇਸਰਾਏਲ ਨੂੰ ਉਹਨਾਂ ਦੇ ਆਲੇ-ਦੁਆਲੇ ਦੇ ਵੈਰੀਆਂ ਤੋਂ ਸੁੱਖ ਦਿੱਤਾ ਅਤੇ ਯਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ । ੨ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜੁਰਗਾਂ, ਸਰਦਾਰਾਂ, ਨਿਆਈਆਂ ਅਤੇ ਅਧਿਕਾਰੀਆਂ ਨੂੰ ਸੱਦ ਕੇ ਆਖਿਆ, ਮੈਂ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ । ੩ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਸਾਰੀਆਂ ਕੌਮਾਂ ਨਾਲ ਤੁਹਾਡੇ ਕਾਰਨ ਕੀਤਾ ਤੁਸੀਂ ਵੇਖ ਲਿਆ ਹੈ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਿਆ ਹੈ । ੪ ਵੇਖੋ, ਮੈਂ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਖ ਵਿੱਚ ਵੰਡ ਦਿੱਤਾ ਹੈ ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੱਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਜਿਹੜੀਆਂ ਮੈਂ ਵੱਢ ਛੱਡੀਆਂ ਸਨ ੫ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਤਦ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਓਗੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਨਾਲ ਬਚਨ ਕੀਤਾ ਸੀ । ੬ ਸੋ ਬਹੁਤ ਤਕੜੇ ਹੋਵੋ ਅਤੇ ਮੂਸਾ ਦੀ ਬਿਵਸਥਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰ ਕੇ ਪਾਲਨਾ ਕਰੋ ਤਾਂ ਜੋ ਤੁਸੀਂ ਉਸ ਤੋਂ ਸੱਜੇ ਖੱਬੇ ਨਾ ਮੁੜੋ ੭ ਇਸ ਲਈ ਕਿ ਤੁਸੀਂ ਇਨ੍ਹਾਂ ਕੌਮਾਂ ਦੇ ਵਿੱਚ ਨਾ ਵੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਮ ਵੀ ਜੁਬਾਨ ਤੇ ਨਾ ਲਿਆਓ, ਨਾ ਉਹਨਾਂ ਦੀ ਸਹੁੰ ਦੇਵੋ, ਨਾ ਉਹਨਾਂ ਦੀ ਉਪਾਸਨਾ ਕਰੋ ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ । ੮ ਸਗੋਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਜੁੜ੍ਹੇ ਰਹੋ ਜਿਵੇਂ ਅੱਜ ਦੇ ਦਿਨ ਤੱਕ ਤੁਸੀਂ ਕੀਤਾ । ੯ ਯਹੋਵਾਹ ਨੇ ਤੁਹਾਡੇ ਅੱਗੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢ ਛੱਡਿਆ ਹੈ ਪਰ ਤੁਹਾਡੇ ਵਿਖੇ ਇਹ ਹੈ ਕਿ ਅੱਜ ਦੇ ਦਿਨ ਤੱਕ ਤੁਹਾਡੇ ਅੱਗੇ ਕੋਈ ਮਨੁੱਖ ਠਹਿਰ ਨਹੀਂ ਸਕਿਆ ੧੦ ਤੁਹਾਡੇ ਵਿੱਚੋਂ ਇੱਕ ਮਨੁੱਖ ਹਜ਼ਾਰ ਨੂੰ ਭਜਾਵੇਗਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾ ਹੈ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ । ੧੧ ਤੁਸੀਂ ਆਪਣੀਆਂ ਜਾਨਾਂ ਲਈ ਬਹੁਤ ਸੁਚੇਤ ਰਹੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ । ੧੨ ਜੇ ਤੁਸੀਂ ਕਿਸੇ ਤਰਾਂ ਪਿਛੇ ਹੱਟ ਜਾਓ ਅਤੇ ਇਹਨਾਂ ਕੌਮਾਂ ਦੇ ਬਚੇ ਹੋਇਆਂ ਨਾਲ ਜਿਹੜੀਆਂ ਤੁਹਾਡੇ ਵਿੱਚ ਰਹਿ ਗਈਆਂ ਹਨ ਚਿੰਬੜੋ ਅਤੇ ਉਹਨਾਂ ਨਾਲ ਵਿਆਹ ਸ਼ਾਦੀ ਕਰੋ ਅਤੇ ਉਹਨਾਂ ਦੇ ਵਿੱਚ ਵੜੋ ਅਤੇ ਉਹ ਤੁਹਾਡੇ ਵਿੱਚ ਵੜਨ ੧੩ ਤੁਸੀਂ ਪੱਕੇ ਤੋਰ ਤੇ ਜਾਣ ਰੱਖੋ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਇਹਨਾਂ ਕੋਮਾਂ ਨੂੰ ਤੁਹਾਡੇ ਅੱਗੋ ਫਿਰ ਨਹੀਂ ਕੱਢੇਗਾ ਸਗੋਂ ਉਹ ਤੁਹਾਡੇ ਲਈ ਫਾਹੀ ਅਤੇ ਜਾਲ ਅਤੇ ਤੁਹਾਡੀਆਂ ਵੱਖੀਆਂ ਵਿੱਚ ਕੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਹੋਣਗੇ ਜਦ ਤੱਕ ਇਸ ਚੰਗੀ ਜ਼ਮੀਨ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਤੁਸੀਂ ਨਾਸ ਨਾ ਹੋ ਜਾਓ ।
੧੪ ਵੇਖੋ ਮੈਂ ਅੱਜ ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ ਹਾਂ ਅਤੇ ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਕਿ ਇਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ । ਉਹ ਸਾਰੇ ਤੁਹਾਡੇ ਲਈ ਪੂਰੇ ਹੋਏ । ਉਹਨਾਂ ਵਿੱਚੋਂ ਇੱਕ ਬਚਨ ਵੀ ਪੂਰਾ ਹੋਏ ਬਿਨ੍ਹਾਂ ਨਹੀਂ ਰਿਹਾ । ੧੫ ਇਸ ਤਰ੍ਹਾਂ ਹੋਵੇਗਾ ਕੇ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ ਜਿਹੜੀਆਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ ਸੀ ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ । ੧੬ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰੋਗੇ ਜਿਹ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇਗਾ ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ ਨਾਸ ਹੋ ਜਾਓਗੇ ।