Lamentation
ਯਿਰਮਿਯਾਹ ਦਾ ਵਿਰਲਾਪ
ਭੂਮਿਕਾ
ਵਿਰਲਾਪ ਦੀ ਪੁਸਤਕ ਪੰਜ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਕਵਿਤਾਵਾਂ 586 ਈ. ਪੂ. ਵਿੱਚ ਯਰੂਸ਼ਲਮ ਦੇ ਵਿਨਾਸ਼ ਅਤੇ ਉਸ ਦੇ ਨਤੀਜੇ ਵੱਜੋਂ ਯਰੂਸ਼ਲਮ ਦੇ ਉਜਾੜ ਹੋ ਜਾਣ ਅਤੇ ਉਸ ਦੇ ਲੋਕਾਂ ਦੇ ਗੁਲਾਮੀ ਵਿੱਚ ਚਲੇ ਜਾਣ ਦੇ ਕਾਰਨ ਵਿਰਲਾਪ ਕਰਨ ਲਈ ਲਿਖੀਆਂ ਗਈਆਂ ਸਨ । ਇਸ ਪੁਸਤਕ ਦਾ ਜ਼ਿਆਦਾਤਰ ਹਿੱਸਾ ਸੋਗ ਕਰਨ ਵਾਲੇ ਚਰਿੱਤਰ ਦਾ ਹੈ, ਫਿਰ ਵੀ ਕਿਤੇ ਨਾ ਕਿਤੇ ਪਰਮੇਸ਼ੁਰ ਉੱਤੇ ਭਰੋਸੇ ਅਤੇ ਭਵਿੱਖ ਦੀ ਆਸ ਦਾ ਸੰਕੇਤ ਵੀ ਪਾਇਆ ਜਾਂਦਾ ਹੈ । ਯਹੂਦੀ ਇਨ੍ਹਾਂ ਕਵਿਤਾਵਾਂ ਦਾ ਪ੍ਰਯੋਗ ਵਰਤ ਅਤੇ ਵਿਰਲਾਪ ਦੇ ਸਲਾਨਾ ਪਰਬਾਂ ਉੱਤੇ ਉਪਾਸਨਾ ਕਰਨ ਲਈ ਕਰਦੇ ਸਨ । ਇਹ ਪਰਬ 586 ਈ. ਪੂ. ਵਿੱਚ ਹੋਏ ਰਾਸ਼ਟਰੀ ਵਿਨਾਸ਼ ਨੂੰ ਯਾਦ ਕਰਨ ਲਈ ਮਨਾਏ ਜਾਂਦੇ ਸਨ ।
ਰੂਪ-ਰੇਖਾ
ਯਰੂਸ਼ਲਮ ਦੇ ਦੁੱਖ 1:1-22
ਯਰੂਸ਼ਲਮ ਦੀ ਸਜ਼ਾ 2:1-22
ਸਜ਼ਾ ਅਤੇ ਆਸ 3:1-66
ਉਜਾੜ ਹੋ ਚੁੱਕਿਆ ਯਰੂਸ਼ਲਮ 4:1-22
ਦਯਾ ਦੇ ਲਈ ਪ੍ਰਾਰਥਨਾ 5:1-22
ਯਰੂਸ਼ਲਮ ਦੇ ਦੁੱਖ
੧ ਹਾਇ ! ਉਹ ਨਗਰੀ ਕਿਵੇਂ ਇਕੱਲੀ ਬੈਠੀ ਹੈ,
ਜਿਹੜੀ ਲੋਕਾਂ ਨਾਲ ਭਰੀ ਹੋਈ ਸੀ !
ਉਹ ਵਿਧਵਾ ਵਾਂਗੂੰ ਹੋ ਗਈ, ਜਿਹੜੀ ਕੌਮਾਂ ਵਿੱਚ ਮਹਾਨ ਸੀ !
ਉਹ ਜੋ ਸੂਬਿਆਂ ਦੀ ਰਾਜਕੁਮਾਰੀ ਸੀ, ਹੁਣ ਲਗਾਨ ਦੇਣ ਵਾਲੀ ਹੋ ਗਈ !
੨ ਉਹ ਰਾਤ ਨੂੰ ਫੁੱਟ-ਫੁੱਟ ਕੇ ਰੋਂਦੀ ਹੈ,
ਉਹ ਦੇ ਹੰਝੂ ਉਹ ਦੀਆਂ ਗੱਲਾਂ ਉੱਤੇ ਛਲਕਦੇ ਹਨ,
ਉਹ ਦੇ ਸਾਰੇ ਪ੍ਰੇਮੀਆਂ ਵਿੱਚ ਉਹ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ,
ਉਹ ਦੇ ਸਾਰੇ ਮਿੱਤਰਾਂ ਨੇ ਉਹ ਨੂੰ ਧੋਖਾ ਦਿੱਤਾ,
ਉਹ ਉਸ ਦੇ ਵੈਰੀ ਬਣ ਗਏ ਹਨ ।
੩ ਯਹੂਦਾਹ ਦੁੱਖ ਦੇ ਨਾਲ,
ਅਤੇ ਕਠਿਨ ਸੇਵਾ ਦੇ ਨਾਲ ਗ਼ੁਲਾਮੀ ਵਿੱਚ ਚਲੀ ਗਈ,
ਉਹ ਕੌਮਾਂ ਦੇ ਵਿਚਕਾਰ ਵੱਸਦੀ ਹੈ,
ਪਰ ਉਸ ਨੂੰ ਚੈਨ ਨਹੀਂ ਮਿਲਦਾ ।
ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ ।
੪ ਸੀਯੋਨ ਦੇ ਰਾਹ ਸੋਗ ਕਰਦੇ ਹਨ,
ਕਿਉਂ ਜੋ ਠਹਿਰਾਏ ਹੋਏ ਪਰਬਾਂ ਉੱਤੇ ਕੋਈ ਨਹੀਂ ਆਉਂਦਾ,
ਉਹ ਦੇ ਸਾਰੇ ਫਾਟਕ ਵਿਰਾਨ ਹੋ ਗਏ ਹਨ,
ਉਹ ਦੇ ਜਾਜਕ ਹਾਉਕੇ ਭਰਦੇ ਹਨ,
ਉਹ ਦੀਆਂ ਕੁਆਰੀਆਂ ਦੁੱਖੀ ਹਨ,
ਉਹ ਆਪ ਵੀ ਕੁੜੱਤਣ ਵਿੱਚ ਹੈ ।
੫ ਉਹ ਦੇ ਵਿਰੋਧੀ ਉਹ ਦੇ ਸੁਆਮੀ ਬਣ ਗਏ,
ਉਹ ਦੇ ਵੈਰੀ ਤਰੱਕੀ ਕਰਦੇ ਹਨ,
ਕਿਉਂ ਜੋ ਯਹੋਵਾਹ ਨੇ ਉਹ ਨੂੰ ਉਹ ਦੇ ਬਹੁਤੇ ਅਪਰਾਧਾਂ ਦੇ ਕਾਰਨ ਦੁੱਖ ਦਿੱਤਾ ਹੈ,
ਉਹ ਦੇ ਬੱਚਿਆਂ ਨੂੰ ਵਿਰੋਧੀ ਗ਼ੁਲਾਮੀ ਵਿੱਚ ਲੈ ਗਏ ।
੬ ਸੀਯੋਨ ਦੀ ਧੀ ਦੀ ਸਾਰੀ ਸ਼ੋਭਾ ਜਾਂਦੀ ਰਹੀ,
ਉਹ ਦੇ ਹਾਕਮ ਉਨ੍ਹਾਂ ਹਿਰਨੀਆਂ ਵਾਂਗੂੰ ਹੋ ਗਏ, ਜਿਨ੍ਹਾਂ ਨੂੰ ਚਾਰਗਾਹ ਨਹੀਂ ਲੱਭਦੀ,
ਉਹ ਪਿੱਛਾ ਕਰਨ ਵਾਲਿਆਂ ਦੇ ਸਾਹਮਣਿਓਂ ਨਿਰਬਲ ਹੋ ਕੇ ਭੱਜਦੇ ਹਨ ।
੭ ਯਰੂਸ਼ਲਮ ਨੇ ਆਪਣੇ ਦੁੱਖ ਅਤੇ ਕਲੇਸ਼ ਦੇ ਦਿਨਾਂ ਵਿੱਚ,
ਪੁਰਾਣੇ ਸਮਿਆਂ ਦੇ ਆਪਣੇ ਸਾਰੇ ਮਨਭਾਉਣੇ ਪਦਾਰਥਾਂ ਨੂੰ ਯਾਦ ਕੀਤਾ,
ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ,
ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ ।
ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ,
ਅਤੇ ਉਹ ਦੀ ਬਰਬਾਦੀ ਦਾ ਮਖੌਲ ਉਡਾਇਆ ।
੮ ਯਰੂਸ਼ਲਮ ਨੇ ਵੱਡਾ ਪਾਪ ਕੀਤਾ,
ਇਸ ਲਈ ਉਹ ਅਸ਼ੁੱਧ ਹੋ ਗਈ,
ਸਾਰੇ ਜਿਹੜੇ ਉਹ ਦਾ ਆਦਰ ਕਰਦੇ ਸਨ ਉਹ ਉਸ ਦਾ ਨਿਰਾਦਰ ਕਰਦੇ ਹਨ,
ਕਿਉਂ ਜੋ ਉਨ੍ਹਾਂ ਨੇ ਉਸ ਦਾ ਨੰਗੇਜ਼ ਵੇਖਿਆ,
ਹਾਂ, ਉਹ ਹਾਉਕੇ ਭਰਦੀ ਅਤੇ ਮੂੰਹ ਫੇਰ ਲੈਂਦੀ ਹੈ ।
੯ ਉਹ ਦੀ ਅਸ਼ੁੱਧਤਾ ਉਹ ਦੇ ਪੱਲੇ ਉੱਤੇ ਹੈ,
ਉਸ ਨੇ ਆਪਣੇ ਅੰਤ ਨੂੰ ਯਾਦ ਨਾ ਰੱਖਿਆ,
ਇਸ ਲਈ ਉਹ ਭਿਆਨਕ ਤਰੀਕੇ ਨਾਲ ਗਿਰਾਈ ਗਈ,
ਉਹ ਨੂੰ ਤੱਸਲੀ ਦੇਣ ਵਾਲਾ ਕੋਈ ਨਹੀਂ ।
ਹੇ ਯਹੋਵਾਹ, ਮੇਰੇ ਦੁੱਖ ਨੂੰ ਵੇਖ !
ਕਿਉਂ ਜੋ ਵੈਰੀ ਮੇਰੇ ਵਿਰੁੱਧ ਸਫ਼ਲ ਹੋਇਆ ਹੈ ।
੧੦ ਵਿਰੋਧੀ ਨੇ ਆਪਣਾ ਹੱਥ ਉਸ ਦੀਆਂ ਮਨਭਾਉਣੀਆਂ ਵਸਤਾਂ ਉੱਤੇ ਵਧਾਇਆ ਹੈ,
ਉਹ ਨੇ ਵੇਖਿਆ ਹੈ ਕਿ ਪਰਾਈਆਂ ਕੌਮਾਂ ਉਹ ਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ,
ਜਿਨ੍ਹਾਂ ਲਈ ਤੂੰ ਹੁਕਮ ਦਿੱਤਾ ਸੀ ਕਿ ਉਹ ਤੇਰੀ ਸਭਾ ਵਿੱਚ ਨਾ ਵੜਨ ।
੧੧ ਉਹ ਦੇ ਸਾਰੇ ਲੋਕ ਹਾਉਕੇ ਭਰਦੇ ਹਨ,
ਉਹ ਰੋਟੀ ਭਾਲਦੇ ਹਨ,
ਉਹਨਾਂ ਨੇ ਆਪਣੀਆਂ ਮਨਭਾਉਣੀਆਂ ਵਸਤਾਂ ਵੇਚ ਕੇ ਭੋਜਨ ਮੁੱਲ ਲਿਆ ਹੈ, ਤਾਂ ਜੋ ਉਹਨਾਂ ਦੀ ਜਾਨ ਵਿੱਚ ਜਾਨ ਆਵੇ ।
ਹੇ ਯਹੋਵਾਹ, ਵੇਖ ਅਤੇ ਧਿਆਨ ਦੇ, ਕਿਉਂ ਜੋ ਮੈਂ ਤੁੱਛ ਹੋ ਗਈ ਹਾਂ !
੧੨ ਹੇ ਸਾਰੇ ਲੰਘਣ ਵਾਲਿਓ ! ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ ?
ਧਿਆਨ ਦਿਓ ਅਤੇ ਵੇਖੋ, ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਣ ਪਿਆ ਹੈ,
ਜਿਸ ਨੂੰ ਯਹੋਵਾਹ ਨੇ ਆਪਣੇ ਭੜਕਦੇ ਕ੍ਰੋਧ ਦੇ ਦਿਨ ਮੇਰੇ ਉੱਤੇ ਪਾਇਆ ਹੈ ?
੧੩ ਉਚਿਆਈ ਤੋਂ ਉਸ ਨੇ ਮੇਰੀਆਂ ਹੱਡੀਆਂ ਵਿੱਚ ਅੱਗ ਘੱਲੀ ਹੈ,
ਅਤੇ ਉਸ ਨਾਲ ਉਹ ਭਸਮ ਹੋ ਗਈਆਂ,
ਉਸ ਨੇ ਮੇਰੇ ਪੈਰਾਂ ਲਈ ਇੱਕ ਜਾਲ ਵਿਛਾਇਆ,
ਉਸ ਨੇ ਮੈਨੂੰ ਪਿੱਛੇ ਮੋੜ ਦਿੱਤਾ,
ਉਸ ਨੇ ਮੈਨੂੰ ਵਿਰਾਨ ਕਰ ਦਿੱਤਾ ਅਤੇ ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ ।
੧੪ ਜੂਲੇ ਦੀਆਂ ਰੱਸੀਆਂ ਦੀ ਤਰ੍ਹਾਂ ਉਸਨੇ ਮੇਰੇ ਅਪਰਾਧਾਂ ਨੂੰ ਆਪਣੇ ਹੱਥ ਨਾਲ ਬੰਨਿਆ ਹੈ,
ਅਤੇ ਉਨ੍ਹਾਂ ਨੂੰ ਵੱਟ ਕੇ ਮੇਰੀ ਗਰਦਨ ਉੱਤੇ ਚੜ੍ਹਾਇਆ ਹੈ,
ਉਸ ਨੇ ਮੇਰਾ ਬਲ ਘਟਾ ਦਿੱਤਾ ਹੈ,
ਪ੍ਰਭੂ ਨੇ ਮੈਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ,
ਜਿਨ੍ਹਾਂ ਦੇ ਅੱਗੇ ਮੈਂ ਖੜ੍ਹੀ ਵੀ ਨਹੀਂ ਰਹਿ ਸਕਦੀ ।
੧੫ ਪ੍ਰਭੂ ਨੇ ਮੇਰੇ ਸਾਰੇ ਸੂਰਮਿਆਂ ਨੂੰ ਤੁੱਛ ਜਾਣਿਆ ਹੈ,
ਉਸ ਨੇ ਮੇਰੇ ਵਿਰੁੱਧ ਇੱਕ ਮੰਡਲੀ ਨੂੰ ਬੁਲਾਇਆ ਕਿ ਮੇਰੇ ਜੁਆਨਾਂ ਨੂੰ ਕੁਚਲ ਦੇਵੇ ।
ਪ੍ਰਭੂ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਚੁਬੱਚੇ ਵਿੱਚ ਮਿੱਧਿਆ ਹੈ ।
੧੬ ਇਹਨਾਂ ਗੱਲਾਂ ਦੇ ਕਾਰਨ ਮੈਂ ਰੋਂਦੀ ਹਾਂ,
ਮੇਰੀਆਂ ਅੱਖੀਆਂ ਤੋਂ ਪਾਣੀ ਵਗਦਾ ਹੈ,
ਕਿਉਂ ਜੋ ਮੇਰਾ ਤੱਸਲੀ ਦੇਣ ਵਾਲਾ ਮੈਥੋਂ ਦੂਰ ਹੈ, ਜਿਹੜਾ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ ।
ਮੇਰੇ ਬੱਚੇ ਵਿਰਾਨ ਹੋ ਗਏ ਹਨ,
ਕਿਉਂ ਜੋ ਵੈਰੀ ਪਰਬਲ ਹੋ ਗਿਆ ।
੧੭ ਸੀਯੋਨ ਨੇ ਆਪਣੇ ਹੱਥ ਫੈਲਾਏ,
ਪਰ ਉਸ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ,
ਯਹੋਵਾਹ ਨੇ ਯਾਕੂਬ ਲਈ ਹੁਕਮ ਦਿੱਤਾ ਹੈ
ਕਿ ਜੋ ਉਸ ਦੇ ਆਲੇ-ਦੁਆਲੇ ਹਨ ਉਹ ਉਸ ਦੇ ਵਿਰੋਧੀ ਹੋ ਜਾਣ,
ਯਰੂਸ਼ਲਮ ਉਹਨਾਂ ਦੇ ਵਿਚਕਾਰ ਅਸ਼ੁੱਧ ਇਸਤਰੀ ਵਾਂਗੂੰ ਹੋ ਗਈ ਹੈ ।
੧੮ ਯਹੋਵਾਹ ਧਰਮੀ ਹੈ ਕਿਉਂ ਜੋ ਮੈਂ ਉਸ ਦੇ ਹੁਕਮਾਂ ਦਾ ਵਿਰੋਧ ਕੀਤਾ,
ਹੇ ਸਾਰੇ ਲੋਕੋ, ਸੁਣੋ, ਅਤੇ ਮੇਰੇ ਦੁੱਖ ਨੂੰ ਵੇਖੋ,
ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਗ਼ੁਲਾਮੀ ਵਿੱਚ ਚਲੇ ਗਏ ।
੧੯ ਮੈਂ ਆਪਣੇ ਪ੍ਰੇਮੀਆਂ ਨੂੰ ਬੁਲਾਇਆ,
ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ,
ਜਦ ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਭੋਜਨ ਲੱਭਦੇ ਸਨ,
ਤਾਂ ਜੋ ਉਨ੍ਹਾਂ ਦੀ ਜਾਨ ਵਿੱਚ ਤਾਜ਼ਗੀ ਆਵੇ,
ਤਦ ਸ਼ਹਿਰ ਵਿੱਚ ਹੀ ਉਨ੍ਹਾਂ ਨੇ ਪ੍ਰਾਣ ਛੱਡ ਦਿੱਤੇ ।
੨੦ ਹੇ ਯਹੋਵਾਹ, ਵੇਖ, ਕਿਉਂ ਜੋ ਮੈਂ ਦੁੱਖੀ ਹਾਂ !
ਮੇਰਾ ਦਿਲ ਬੇਚੈਨ ਹੈ,
ਅਤੇ ਮੇਰਾ ਜੀਅ ਮੇਰੇ ਅੰਦਰ ਘਬਰਾਉਂਦਾ ਹੈ,
ਕਿਉਂ ਜੋ ਮੈਂ ਵੱਡੀ ਬਗਾਵਤ ਕੀਤੀ ਹੈ !
ਬਾਹਰ ਤਲਵਾਰ ਮੈਨੂੰ ਵੰਸ਼ਹੀਨ ਬਣਾਉਂਦੀ ਹੈ,
ਅਤੇ ਘਰ ਵਿੱਚ, ਜਾਣੋ, ਮੌਤ ਦਾ ਵਾਸ ਹੈ !
੨੧ ਉਨ੍ਹਾਂ ਨੇ ਸੁਣਿਆ ਹੈ ਕਿ ਮੈਂ ਹਾਉਕੇ ਭਰਦੀ ਹਾਂ,
ਪਰ ਮੈਨੂੰ ਤੱਸਲੀ ਦੇਣ ਵਾਲਾ ਕੋਈ ਨਹੀਂ ।
ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਦੀ ਖ਼ਬਰ ਸੁਣੀ ਹੈ,
ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ ।
ਪਰ ਤੂੰ ਉਹ ਦਿਨ ਲਿਆ ਜਿਸ ਦਾ ਤੂੰ ਪ੍ਰਚਾਰ ਕੀਤਾ ਹੈ,
ਤਦ ਉਹ ਵੀ ਮੇਰੇ ਵਰਗੇ ਹੋ ਜਾਣਗੇ ।
੨੨ ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ,
ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ,
ਕਿਉਂ ਜੋ ਮੈਂ ਬਹੁਤ ਹਾਉਕੇ ਭਰਦੀ ਹਾਂ,
ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ ।