ਹਾਰੂਨ ਦੁਆਰਾ ਬਲੀ-ਅਰਪਣ
੧ ਅੱਠਵੇਂ ਦਿਨ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ, ੨ ਅਤੇ ਉਸ ਨੇ ਹਾਰੂਨ ਨੂੰ ਆਖਿਆ, “ਪਾਪ ਬਲੀ ਦੀ ਭੇਟ ਲਈ ਤੂੰ ਇੱਕ ਵੱਛਾ ਅਤੇ ਹੋਮ ਬਲੀ ਦੀ ਭੇਟ ਲਈ ਇੱਕ ਭੇਡੂ ਦੋਸ਼ ਰਹਿਤ ਲੈ ਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ । ੩ ਅਤੇ ਤੂੰ ਇਸਰਾਏਲੀਆਂ ਨੂੰ ਇਹ ਆਖ ਕਿ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਹੋਮ ਬਲੀ ਲਈ ਇੱਕ ਵੱਛਾ ਅਤੇ ਇੱਕ ਲੇਲਾ ਲਓ, ਜੋ ਇੱਕ ਸਾਲ ਦੇ ਅਤੇ ਦੋਸ਼ ਰਹਿਤ ਹੋਣ । ੪ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਇੱਕ ਬਲ਼ਦ, ਇੱਕ ਭੇਡੂ ਅਤੇ ਤੇਲ ਨਾਲ ਰਲੀ ਹੋਈ ਮੈਦੇ ਦੀ ਇੱਕ ਭੇਟ ਲੈ ਲਓ, ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ । “
੫ ਤਦ ਜਿਨ੍ਹਾਂ ਵਸਤੂਆਂ ਦਾ ਮੂਸਾ ਨੇ ਹੁਕਮ ਦਿੱਤਾ ਸੀ, ਉਹ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲੈ ਆਏ ਅਤੇ ਸਾਰੀ ਮੰਡਲੀ ਕੋਲ ਜਾ ਕੇ ਯਹੋਵਾਹ ਦੇ ਸਨਮੁਖ ਖੜ੍ਹੀ ਹੋਈ । ੬ ਤਦ ਮੂਸਾ ਨੇ ਆਖਿਆ, “ਇਹ ਉਹ ਕੰਮ ਹੈ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ ਕਿ ਤੁਸੀਂ ਇਹ ਕਰੋ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ । “ ੭ ਅਤੇ ਮੂਸਾ ਨੇ ਹਾਰੂਨ ਨੂੰ ਆਖਿਆ, “ਯਹੋਵਾਹ ਦੇ ਹੁਕਮ ਅਨੁਸਾਰ ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾ ਕੇ ਉਨ੍ਹਾਂ ਦੇ ਲਈ ਪ੍ਰਾਸਚਿਤ ਕਰ । “
੮ ਇਸ ਲਈ ਹਾਰੂਨ ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਬਲੀ ਦੀ ਭੇਟ ਦੇ ਵੱਛੇ ਨੂੰ ਵੱਢਿਆ, ਜੋ ਉਸ ਦੇ ਆਪਣੇ ਲਈ ਸੀ । ੯ ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਲਗਾਇਆ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹ ਦਿੱਤਾ । ੧੦ ਪਰ ਪਾਪ ਬਲੀ ਦੀ ਭੇਟ ਦੀ ਚਰਬੀ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਨੂੰ ਉਸ ਨੇ ਜਗਵੇਦੀ ਦੇ ਉੱਤੇ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ । ੧੧ ਅਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ । ੧੨ ਤਦ ਉਸ ਨੇ ਹੋਮ ਬਲੀ ਦੀ ਭੇਟ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲਿਆਏ ਅਤੇ ਉਸ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ । ੧੩ ਅਤੇ ਉਨ੍ਹਾਂ ਨੇ ਹੋਮ ਬਲੀ ਦੀ ਭੇਟ ਦੇ ਟੁੱਕੜੇ-ਟੁੱਕੜੇ ਕੀਤੇ ਅਤੇ ਸਿਰ ਸਮੇਤ ਲਿਆਏ, ਤਦ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ । ੧੪ ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਧੋ ਕੇ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਹੋਮ ਦੀ ਬਲੀ ਦੇ ਉੱਤੇ ਸਾੜਿਆ । ੧੫ ਤਦ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਉਸ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਸੀ, ਲੈ ਕੇ ਉਸ ਨੂੰ ਵੱਢਿਆ ਅਤੇ ਪਹਿਲਾਂ ਦੀ ਤਰ੍ਹਾਂ ਉਸ ਨੂੰ ਵੀ ਪਾਪ ਬਲੀ ਕਰਕੇ ਚੜ੍ਹਾਇਆ । ੧੬ ਅਤੇ ਉਸ ਨੇ ਹੋਮ ਬਲੀ ਦੀ ਭੇਟ ਲਿਆ ਕੇ, ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ । ੧੭ ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਵਿੱਚੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੀ ਹੋਮ ਬਲੀ ਦੇ ਨਾਲ ਸਾੜਿਆ । ੧੮ ਤਦ ਉਸ ਨੇ ਬਲ਼ਦ ਅਤੇ ਭੇਡੂ ਨੂੰ ਲਿਆ ਕੇ ਵੱਢਿਆ, ਜਿਹੜੇ ਲੋਕਾਂ ਦੀ ਸੁੱਖ-ਸਾਂਦ ਦੀਆਂ ਭੇਟਾਂ ਦੇ ਲਈ ਸਨ, ਅਤੇ ਹਾਰੂਨ ਦੇ ਪੁੱਤਰ ਉਸ ਦੇ ਕੋਲ ਲਹੂ ਲਿਆਏ, ਜਿਸ ਨੂੰ ਉਸ ਨੇ ਜਗਵੇਦੀ ਦੇ ਚੁਫ਼ੇਰੇ ਛਿੜਕਿਆ । ੧੯ ਅਤੇ ਉਹ ਬਲ਼ਦ ਅਤੇ ਭੇਡੂ ਦੀ ਚਰਬੀ, ਮੋਟੀ ਪੂਛ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ ੨੦ ਅਤੇ ਉਨ੍ਹਾਂ ਨੇ ਚਰਬੀ ਨੂੰ ਛਾਤੀਆਂ ਦੇ ਉੱਤੇ ਰੱਖਿਆ ਅਤੇ ਉਸ ਨੇ ਚਰਬੀ ਨੂੰ ਜਗਵੇਦੀ ਦੇ ਉੱਤੇ ਸਾੜਿਆ । ੨੧ ਹਾਰੂਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ, ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ । ੨੨ ਤਦ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਵਧਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਬਲੀ ਦੀ ਭੇਟ, ਹੋਮ ਬਲੀ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਕੇ ਹੇਠਾਂ ਆਇਆ ।
੨੩ ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ । ੨੪ ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ, ਭਸਮ ਕਰ ਦਿੱਤਾ । ਜਦ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਇਆ ਅਤੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ ।