੧੦
ਨਾਦਾਬ ਅਤੇ ਅਬੀਹੂ ਦਾ ਪਾਪ
੧ ਤਦ ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪੋ-ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਭਰੀ ਅਤੇ ਉਸ ਵਿੱਚ ਧੂਪ ਪਾ ਕੇ ਯਹੋਵਾਹ ਦੇ ਅੱਗੇ ਓਪਰਾ ਧੂਪ ਧੁਖਾਇਆ, ਜਿਸ ਤੋਂ ਯਹੋਵਾਹ ਨੇ ਉਨ੍ਹਾਂ ਨੂੰ ਵਰਜਿਆ ਸੀ । ੨ ਤਦ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਅਤੇ ਉਨ੍ਹਾਂ ਨੂੰ ਭਸਮ ਕਰ ਦਿੱਤਾ ਅਤੇ ਉਹ ਯਹੋਵਾਹ ਦੇ ਅੱਗੇ ਮਰ ਗਏ । ੩ ਤਦ ਮੂਸਾ ਨੇ ਹਾਰੂਨ ਨੂੰ ਆਖਿਆ, “ਇਹ ਉਹ ਗੱਲ ਹੈ, ਜਿਹੜੀ ਯਹੋਵਾਹ ਨੇ ਆਖੀ ਸੀ ਕਿ ਜੋ ਮੇਰੇ ਨਜ਼ਦੀਕ ਆਵੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਪਵਿੱਤਰ ਵਿਖਾਵਾਂਗਾ ਅਤੇ ਸਾਰੇ ਲੋਕਾਂ ਦੇ ਸਾਹਮਣੇ ਮੇਰੀ ਵਡਿਆਈ ਹੋਵੇਗੀ । “ ਅਤੇ ਹਾਰੂਨ ਚੁੱਪ ਰਿਹਾ ।
੪ ਤਦ ਮੂਸਾ ਨੇ ਹਾਰੂਨ ਦੇ ਚਾਚੇ ਉਜਿਏਲ ਦੇ ਪੁੱਤਰ ਮੀਸ਼ਾਏਲ ਅਤੇ ਇਲਜਫਾਨ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਨੇੜੇ ਆਓ ਅਤੇ ਆਪਣੇ ਭਰਾਵਾਂ ਨੂੰ ਪਵਿੱਤਰ ਸਥਾਨ ਦੇ ਅੱਗੋਂ ਚੁੱਕ ਕੇ ਡੇਰੇ ਤੋਂ ਬਾਹਰ ਲੈ ਜਾਓ । “ ੫ ਤਦ ਉਨ੍ਹਾਂ ਨੇ ਮੂਸਾ ਦੇ ਹੁਕਮ ਅਨੁਸਾਰ ਨੇੜੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੁੜਤਿਆਂ ਸਮੇਤ ਚੁੱਕਿਆ ਅਤੇ ਡੇਰੇ ਤੋਂ ਬਾਹਰ ਲੈ ਗਏ । ੬ ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰ ਅਲਆਜਾਰ ਅਤੇ ਈਥਾਮਾਰ ਨੂੰ ਆਖਿਆ, “ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਹੀ ਆਪਣੇ ਬਸਤਰਾਂ ਨੂੰ ਪਾੜੋ, ਅਜਿਹਾ ਨਾ ਹੋਵੇ ਕਿ ਤੁਸੀਂ ਵੀ ਮਰ ਜਾਓ ਅਤੇ ਸਾਰੀ ਮੰਡਲੀ ਉੱਤੇ ਉਸ ਦਾ ਕ੍ਰੋਧ ਭੜਕੇ ਪਰ ਤੇਰੇ ਭਰਾ ਅਰਥਾਤ ਇਸਰਾਏਲ ਦਾ ਸਾਰਾ ਘਰਾਣਾ ਉਸ ਅੱਗ ਦੇ ਕਾਰਨ ਸੋਗ ਕਰਨ, ਜਿਹੜੀ ਯਹੋਵਾਹ ਨੇ ਜਲਾਈ ਹੈ । ੭ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਕਿਉਂ ਜੋ ਯਹੋਵਾਹ ਦਾ ਮਸਹ ਕਰਨ ਦਾ ਤੇਲ ਤੁਹਾਡੇ ਉੱਤੇ ਹੈ । “ ਤਦ ਉਨ੍ਹਾਂ ਨੇ ਮੂਸਾ ਦੇ ਬਚਨ ਦੇ ਅਨੁਸਾਰ ਕੀਤਾ ।
ਜਾਜਕਾਂ ਦੇ ਲਈ ਨਿਯਮ
੮ ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ੯ “ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ । ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ । ੧੦ ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਫ਼ਰਕ ਕਰ ਸਕੋ । ੧੧ ਅਤੇ ਇਸਰਾਏਲੀਆਂ ਨੂੰ ਉਹ ਸਾਰੀਆਂ ਬਿਧੀਆਂ ਸਿਖਾਓ ਜੋ ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦੇ ਰਾਹੀਂ ਆਖੀਆਂ ਸਨ । “
੧੨ ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਬਚੇ ਹੋਏ ਦੋਵੇਂ ਪੁੱਤਰਾਂ ਅਲਆਜਾਰ ਅਤੇ ਈਥਾਮਾਰ ਨੂੰ ਆਖਿਆ, “ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਹੜੀ ਮੈਦੇ ਦੀ ਭੇਟ ਬਚੀ ਹੈ, ਉਸ ਨੂੰ ਲੈ ਕੇ ਜਗਵੇਦੀ ਦੇ ਕੋਲ ਖ਼ਮੀਰ ਤੋਂ ਬਿਨ੍ਹਾਂ ਖਾਓ, ਕਿਉਂ ਜੋ ਉਹ ਅੱਤ ਪਵਿੱਤਰ ਹੈ । ੧੩ ਅਤੇ ਤੁਸੀਂ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਕਿਉਂ ਜੋ ਯਹੋਵਾਹ ਦੀਆਂ ਅੱਗ ਦੀਆਂ ਬਲੀਆਂ ਵਿੱਚੋਂ ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ । ੧੪ ਪਰ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਦੇ ਪੱਟ ਨੂੰ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਕਿਸੇ ਸਾਫ਼-ਸੁਥਰੇ ਸਥਾਨ ਵਿੱਚ ਖਾਣ, ਕਿਉਂ ਜੋ ਉਹ ਇਸਰਾਏਲੀਆਂ ਦੁਆਰਾ ਦਿੱਤੀਆਂ ਹੋਈਆਂ ਸੁੱਖ-ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ, ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ । ੧੫ ਉਹ ਚਰਬੀ ਦੀਆਂ ਅੱਗ ਦੀਆਂ ਭੇਟਾਂ ਸਮੇਤ, ਚੁੱਕਣ ਦੇ ਪੱਟ ਅਤੇ ਹਿਲਾਉਣ ਦੀ ਛਾਤੀ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਲਿਆਉਣ ਅਤੇ ਇਹ ਹਿੱਸਾ ਸਦਾ ਦੀ ਬਿਧੀ ਕਰਕੇ ਤੇਰਾ ਅਤੇ ਤੇਰੇ ਪੁੱਤਰਾਂ ਦਾ ਹੋਵੇਗਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ । “
੧੬ ਤਦ ਮੂਸਾ ਨੇ ਬੜੇ ਜਤਨ ਨਾਲ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਲੱਭਿਆ ਅਤੇ ਵੇਖੋ, ਉਹ ਸਾੜਿਆ ਗਿਆ ਸੀ । ਇਸ ਲਈ ਉਹ ਹਾਰੂਨ ਦੇ ਪੁੱਤਰ ਅਲਆਜਾਰ ਅਤੇ ਈਥਾਮਾਰ ਨਾਲ ਜਿਹੜੇ ਬਚ ਗਏ ਸਨ, ਇਹ ਆਖ ਕੇ ਕ੍ਰੋਧਿਤ ਹੋਇਆ, ੧੭ “ਤੁਸੀਂ ਪਾਪ ਬਲੀ ਦੀ ਭੇਟ ਨੂੰ ਜੋ ਅੱਤ ਪਵਿੱਤਰ ਹੈ, ਅਤੇ ਜਿਸ ਨੂੰ ਯਹੋਵਾਹ ਨੇ ਤੁਹਾਨੂੰ ਇਸ ਲਈ ਦਿੱਤਾ ਹੈ ਕਿ ਤੁਸੀਂ ਮੰਡਲੀ ਦੇ ਪਾਪ ਚੁੱਕਣ ਲਈ ਉਨ੍ਹਾਂ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੋ, ਤੁਸੀਂ ਉਸ ਦਾ ਮਾਸ ਪਵਿੱਤਰ ਸਥਾਨ ਵਿੱਚ ਕਿਉਂ ਨਹੀਂ ਖਾਧਾ ? ੧੮ ਵੇਖੋ, ਉਸ ਦਾ ਲਹੂ ਪਵਿੱਤਰ ਸਥਾਨ ਦੇ ਅੰਦਰ ਲਿਆਂਦਾ ਹੀ ਨਹੀਂ ਗਿਆ, ਇਹ ਜ਼ਰੂਰੀ ਸੀ ਕਿ ਤੁਸੀਂ ਉਸ ਦੇ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਂਦੇ, ਜਿਵੇਂ ਮੈਂ ਹੁਕਮ ਦਿੱਤਾ ਸੀ । “ ੧੯ ਤਦ ਹਾਰੂਨ ਨੇ ਮੂਸਾ ਨੂੰ ਆਖਿਆ, “ਵੇਖੋ, ਅੱਜ ਦੇ ਦਿਨ ਉਨ੍ਹਾਂ ਨੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਈ ਹੈ, ਅਤੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਹੋਈਆਂ ਹਨ, ਇਸ ਲਈ ਜੇਕਰ ਮੈਂ ਅੱਜ ਦੇ ਦਿਨ ਪਾਪ ਬਲੀ ਦੀ ਭੇਟ ਤੋਂ ਖਾਂਦਾ ਤਾਂ ਭਲਾ, ਯਹੋਵਾਹ ਇਸ ਤੋਂ ਪ੍ਰਸੰਨ ਹੁੰਦਾ ? “ ੨੦ ਜਦ ਮੂਸਾ ਨੇ ਇਹ ਸੁਣਿਆ ਤਾਂ ਉਹ ਰਾਜ਼ੀ ਹੋ ਗਿਆ ।