੨੨
ਚੜ੍ਹਾਵੇ ਦੀ ਪਵਿੱਤਰਤਾ
੧ ਯਹੋਵਾਹ ਨੇ ਮੂਸਾ ਨੂੰ ਆਖਿਆ, ੨ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ, ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਤੋਂ, ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤਰ ਕਰਦੇ ਹਨ, ਅਲੱਗ ਰਹਿਣ ਅਤੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰਨ । ਮੈਂ ਯਹੋਵਾਹ ਹਾਂ ।
੩ ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ, ਅਤੇ ਤੁਹਾਡੇ ਸਾਰੇ ਵੰਸ਼ ਵਿੱਚੋਂ ਜਿਹੜਾ ਆਪਣੀ ਅਸ਼ੁੱਧਤਾਈ ਵਿੱਚ ਉਨ੍ਹਾਂ ਪਵਿੱਤਰ ਕੀਤੀਆਂ ਹੋਇਆਂ ਵਸਤੂਆਂ ਕੋਲ ਜਾਵੇ, ਜਿਹੜੀਆਂ ਇਸਰਾਏਲੀ ਮੇਰੇ ਲਈ ਪਵਿੱਤਰ ਕਰਦੇ ਹਨ, ਉਹ ਮਨੁੱਖ ਮੇਰੇ ਅੱਗਿਓਂ ਛੇਕਿਆ ਜਾਵੇ । ਮੈਂ ਯਹੋਵਾਹ ਹਾਂ ।
੪ ਹਾਰੂਨ ਦੇ ਵੰਸ਼ ਵਿੱਚ ਜਿਸ ਕਿਸੇ ਨੂੰ ਕੋੜ੍ਹ ਹੋਵੇ ਜਾਂ ਪ੍ਰਮੇਹ ਹੋਵੇ, ਜਦ ਤੱਕ ਉਹ ਮਨੁੱਖ ਸ਼ੁੱਧ ਨਾ ਹੋਵੇ, ਤਦ ਤੱਕ ਪਵਿੱਤਰ ਵਸਤੂਆਂ ਨੂੰ ਨਾ ਖਾਵੇ । ਜਿਹੜਾ ਕਿਸੇ ਅਜਿਹੀ ਵਸਤੂ ਨੂੰ ਛੂਹੇ, ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਜਾਂ ਕਿਸੇ ਮਨੁੱਖ ਨੂੰ ਛੂਹੇ ਜਿਸ ਦਾ ਵੀਰਜ ਨਿੱਕਲਿਆ ਹੋਵੇ, ੫ ਜਾਂ ਜਿਹੜਾ ਕਿਸੇ ਘਿਸਰਨ ਵਾਲੇ ਜੀਵ ਨੂੰ ਛੂਹੇ, ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਜਾਂ ਕਿਸੇ ਅਜਿਹੇ ਮਨੁੱਖ ਨੂੰ ਛੂਹੇ ਜਿਸ ਵਿੱਚ ਕੋਈ ਅਸ਼ੁੱਧਤਾਈ ਹੋਵੇ, ਭਾਵੇਂ ਉਹ ਕਿਹੋ ਜਿਹੀ ਅਸ਼ੁੱਧਤਾਈ ਕਿਉਂ ਨਾ ਹੋਵੇ, ੬ ਤਾਂ ਉਹ ਮਨੁੱਖ ਜਿਹੜਾ ਇਹੋ ਜਿਹੀ ਕਿਸੇ ਵਸਤੂ ਨੂੰ ਛੂਹੇ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਦ ਤੱਕ ਪਾਣੀ ਨਾਲ ਨਾ ਨਹਾਵੇ, ਤਦ ਤੱਕ ਕਿਸੇ ਪਵਿੱਤਰ ਵਸਤੂ ਨੂੰ ਨਾ ਖਾਵੇ । ੭ ਜਦ ਸੂਰਜ ਡੁੱਬ ਜਾਵੇ ਤਾਂ ਉਹ ਸ਼ੁੱਧ ਹੋਵੇ ਅਤੇ ਫੇਰ ਪਵਿੱਤਰ ਵਸਤੂਆਂ ਵਿੱਚੋਂ ਖਾ ਸਕਦਾ ਹੈ, ਕਿਉਂ ਜੋ ਇਹ ਹੀ ਉਸ ਦਾ ਭੋਜਨ ਹੈ । ੮ ਜਿਹੜਾ ਜਾਨਵਰ ਆਪ ਮਰ ਜਾਵੇ, ਜਾਂ ਦੂਜੇ ਜਾਨਵਰਾਂ ਦੁਆਰਾ ਪਾੜਿਆ ਜਾਵੇ ਤਾਂ ਉਸ ਨੂੰ ਖਾ ਕੇ ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ । ਮੈਂ ਯਹੋਵਾਹ ਹਾਂ ।
੯ ਇਸ ਲਈ ਜਾਜਕ ਮੇਰੇ ਹੁਕਮ ਨੂੰ ਮੰਨਣ, ਅਜਿਹਾ ਨਾ ਹੋਵੇ ਕਿ ਉਹ ਉਸ ਦਾ ਨਿਰਾਦਰ ਕਰਨ ਅਤੇ ਉਨ੍ਹਾਂ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਮਰ ਜਾਣ । ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰਨ ਵਾਲਾ ਹਾਂ । ੧੦ ਕੋਈ ਵੀ ਗੈਰ-ਕੌਮੀ ਮਨੁੱਖ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ, ਭਾਵੇਂ ਉਹ ਪਰਦੇਸੀ ਹੋ ਕੇ ਜਾਜਕ ਦੇ ਕੋਲ ਰਹਿੰਦਾ ਹੋਵੇ, ਜਾਂ ਕੋਈ ਨੌਕਰ ਹੋਵੇ, ਉਹ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ । ੧੧ ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ । ੧੨ ਜੇਕਰ ਜਾਜਕ ਦੀ ਧੀ ਕਿਸੇ ਪਰਾਏ ਮਨੁੱਖ ਨਾਲ ਵਿਆਹੀ ਜਾਵੇ, ਤਾਂ ਉਹ ਪਵਿੱਤਰ ਵਸਤੂਆਂ ਦੀ ਭੇਟ ਵਿੱਚੋਂ ਨਾ ਖਾਵੇ । ੧੩ ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ ।
੧੪ ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਪਵਿੱਤਰ ਵਸਤੂਆਂ ਵਿੱਚੋਂ ਖਾ ਲਵੇ ਤਾਂ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇ ਦੇਵੇ । ੧੫ ਅਤੇ ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਜਿਨ੍ਹਾਂ ਨੂੰ ਉਹ ਭੇਟ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਨਿਰਾਦਰ ਨਾ ਕਰਨ । ੧੬ ਉਹ ਉਨ੍ਹਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰਨ ਵਾਲਾ ਹਾਂ ।
੧੭ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ੧੮ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਆਖ ਕਿ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਇਸਰਾਏਲ ਵਿੱਚ ਵੱਸਦੇ ਹਨ, ਜਿਹੜਾ ਆਪਣੀਆਂ ਸੁੱਖਣਾਂ ਜਾਂ ਖੁਸ਼ੀ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, ੧੯ ਤਾਂ ਤੁਸੀਂ ਆਪਣੇ ਸਵੀਕਾਰੇ ਜਾਣ ਲਈ ਬਲ਼ਦਾਂ, ਜਾਂ ਭੇਡਾਂ ਜਾਂ ਬੱਕਰੀਆਂ ਵਿੱਚੋਂ ਇੱਕ ਦੋਸ਼ ਰਹਿਤ ਨਰ ਚੜ੍ਹਾਓ । ੨੦ ਪਰ ਜਿਸ ਵਿੱਚ ਕੋਈ ਦੋਸ਼ ਹੋਏ, ਉਸ ਨੂੰ ਤੁਸੀਂ ਨਾ ਚੜ੍ਹਾਉਣਾ, ਕਿਉਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ । ੨੧ ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾਂ ਆਪਣੀ ਖੁਸ਼ੀ ਦੀ ਭੇਟ ਲਈ ਬਲ਼ਦਾਂ ਜਾਂ ਭੇਡਾਂ ਵਿੱਚੋਂ ਭੇਟ ਚੜ੍ਹਾਵੇ, ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ । ੨੨ ਜਿਹੜਾ ਅੰਨ੍ਹਾਂ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣਾ । ੨੩ ਜਿਸ ਕਿਸੇ ਬਲ਼ਦ ਜਾਂ ਬੱਕਰੇ ਦਾ ਕੋਈ ਅੰਗ ਵੱਧ ਜਾਂ ਘੱਟ ਹੋਵੇ, ਉਸ ਨੂੰ ਤੁਸੀਂ ਆਪਣੀ ਖੁਸ਼ੀ ਦੀ ਭੇਟ ਕਰਕੇ ਚੜ੍ਹਾ ਸਕਦੇ ਹੋ, ਪਰ ਸੁੱਖਣਾ ਪੂਰੀ ਕਰਨ ਲਈ ਉਸ ਨੂੰ ਸਵੀਕਾਰ ਨਾ ਕੀਤਾ ਜਾਵੇਗਾ । ੨੪ ਜਿਸ ਪਸ਼ੂ ਦੇ ਨਲ ਨੂੰ ਸੱਟ ਲੱਗੀ ਹੋਵੇ, ਜਾਂ ਦੱਬੇ ਹੋਏ, ਕੁਚਲੇ ਹੋਏ ਜਾਂ ਫਟੇ ਹੋਏ ਹੋਣ, ਉਸ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣਾ । ੨੫ ਇਨ੍ਹਾਂ ਵਿੱਚੋਂ ਕਿਸੇ ਨੂੰ ਪਰਦੇਸੀ ਦੇ ਹੱਥ ਤੋਂ ਲੈ ਆਪਣੇ ਪਰਮੇਸ਼ੁਰ ਦਾ ਭੋਜਨ ਕਰਕੇ ਨਾ ਚੜ੍ਹਾਉਣਾ, ਕਿਉਂ ਜੋ ਉਨ੍ਹਾਂ ਦੀ ਬੁਰਿਆਈ ਉਨ੍ਹਾਂ ਦੇ ਵਿੱਚ ਹੈ ਅਤੇ ਦੋਸ਼ ਵੀ ਹਨ, ਇਸ ਲਈ ਉਹ ਤੁਹਾਡੇ ਹੱਥਾਂ ਤੋਂ ਸਵੀਕਾਰ ਨਹੀਂ ਕੀਤੇ ਜਾਣਗੇ ।
੨੬ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ੨੭ ਜਦ ਕੋਈ ਬਲ਼ਦ, ਜਾਂ ਭੇਡ ਜਾਂ ਬੱਕਰੀ ਦਾ ਬੱਚਾ ਜੰਮੇ ਤਾਂ ਉਹ ਸੱਤ ਦਿਨ ਤੱਕ ਆਪਣੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈ ਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦੇ ਲਈ ਸਵੀਕਾਰ ਯੋਗ ਹੋਵੇਗਾ । ੨੮ ਭਾਵੇਂ ਗਾਂ ਹੋਵੇ, ਭਾਵੇਂ ਭੇਡ ਜਾਂ ਬੱਕਰੀ, ਤੂੰ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਇੱਕ ਦਿਨ ਵਿੱਚ ਨਾ ਵੱਢੀਂ । ੨੯ ਅਤੇ ਜਦ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਓ, ਤਾਂ ਤੁਸੀਂ ਉਸ ਨੂੰ ਇਸੇ ਤਰ੍ਹਾਂ ਹੀ ਚੜ੍ਹਾਉਣਾ ਤਾਂ ਜੋ ਉਹ ਸਵੀਕਾਰ ਹੋਵੇ । ੩੦ ਉਸ ਨੂੰ ਉਸੇ ਦਿਨ ਹੀ ਖਾਧਾ ਜਾਵੇ, ਤੁਸੀਂ ਉਸ ਵਿੱਚੋਂ ਸਵੇਰ ਤੱਕ ਕੁਝ ਨਾ ਛੱਡਣਾ । ਮੈਂ ਯਹੋਵਾਹ ਹਾਂ ।
੩੧ ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨਾ । ਮੈਂ ਯਹੋਵਾਹ ਹਾਂ । ੩੨ ਤੁਸੀਂ ਮੇਰੇ ਪਵਿੱਤਰ ਨਾਮ ਨੂੰ ਭ੍ਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਜ਼ਰੂਰ ਹੀ ਪਵਿੱਤਰ ਸਮਝਿਆ ਜਾਂਵਾਂ । ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹੈ । ੩੩ ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ੁਰ ਹੋਵਾਂ, ਮੈਂ ਯਹੋਵਾਹ ਹਾਂ ।