੨੪
ਪਵਿੱਤਰ ਦੀਵਿਆਂ ਨੂੰ ਸਜਾਉਣਾ 
(ਕੂਚ 27:20,21) 
 ੧ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,  ੨ ਇਸਰਾਏਲੀਆਂ ਨੂੰ ਹੁਕਮ ਦੇ ਕਿ ਮੇਰੇ ਸਾਹਮਣੇ ਚਾਨਣ ਲਈ ਉਹ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਤੇਰੇ ਕੋਲ ਲੈ ਕੇ ਆਉਣ ਤਾਂ ਜੋ ਦੀਵਾ ਸਦਾ ਜਗਦਾ ਰਹੇ ।  ੩ ਹਾਰੂਨ ਉਸ ਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਹੋਵਾਹ ਦੇ ਅੱਗੇ ਸਦਾ ਦੇ ਲਈ, ਸਾਖੀ ਦੇ ਪਰਦੇ ਤੋਂ ਬਾਹਰ, ਮੰਡਲੀ ਦੇ ਡੇਰੇ ਵਿੱਚ ਸਜਾ ਕੇ ਰੱਖੇ । ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ ।  ੪ ਉਹ ਖ਼ਾਲਸ ਸੋਨੇ ਸ਼ਮਾਦਾਨ ਦੇ ਉੱਤੇ ਯਹੋਵਾਹ ਦੇ ਅੱਗੇ ਸਦਾ ਦੇ ਲਈ ਦੀਵਿਆਂ ਨੂੰ ਸਜਾ ਕੇ ਰੱਖਿਆ ਕਰੇ । 
ਭੇਟ ਦੀਆਂ ਰੋਟੀਆਂ 
 ੫ ਤੂੰ ਮੈਦਾ ਲੈ ਕੇ ਉਸ ਦੀਆਂ ਬਾਰਾਂ ਰੋਟੀਆਂ ਪਕਾਵੀਂ, ਇੱਕ-ਇੱਕ ਰੋਟੀ ਵਿੱਚ ਏਫ਼ਾਹ ਦਾ ਦੋ ਦਹਾਈ ਹਿੱਸਾ ਹੋਵੇ ।  ੬ ਤਦ ਤੂੰ ਇਨ੍ਹਾਂ ਨੂੰ ਯਹੋਵਾਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖੀਂ ।  ੭ ਤੂੰ ਇੱਕ-ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖੀਂ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ ।  ੮ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਹੋਵਾਹ ਦੇ ਅੱਗੇ ਸਜਾ ਕੇ ਰੱਖੇ, ਇਹ ਇਸਰਾਏਲੀਆਂ ਵੱਲੋਂ ਇੱਕ ਸਦਾ ਦਾ ਨੇਮ ਹੈ ।  ੯ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ ਅਤੇ ਉਹ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਵਿੱਚੋਂ ਇੱਕ ਸਦਾ ਦੀ ਬਿਧੀ ਕਰਕੇ ਹਾਰੂਨ ਦੇ ਲਈ ਅੱਤ ਪਵਿੱਤਰ ਹੈ । 
ਕੁਫ਼ਰ ਬਕਣ ਦੀ ਸਜ਼ਾ 
 ੧੦ ਉਨ੍ਹਾਂ ਦਿਨਾਂ ਵਿੱਚ ਇੱਕ ਇਸਰਾਏਲੀ ਇਸਤਰੀ ਦਾ ਪੁੱਤਰ, ਜਿਸ ਦਾ ਪਿਤਾ ਮਿਸਰੀ ਸੀ, ਉਹ ਇਸਰਾਏਲੀਆਂ ਦੇ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ,  ੧੧ ਅਤੇ ਉਸ ਇਸਰਾਏਲੀ ਇਸਤਰੀ ਦਾ ਪੁੱਤਰ ਯਹੋਵਾਹ ਦੇ ਨਾਮ ਦਾ ਨਿਰਾਦਰ ਕਰਕੇ ਕੁਫ਼ਰ ਬਕਣ ਲੱਗਾ, ਤਾਂ ਲੋਕ ਉਸ ਨੂੰ ਮੂਸਾ ਦੇ ਕੋਲ ਲੈ ਆਏ । ਉਸ ਦੀ ਮਾਂ ਦਾ ਨਾਮ “ਸਲੁਮੀਥ” ਸੀ, ਜੋ ਦਾਨ ਦੀ ਗੋਤ ਵਿੱਚੋਂ ਦਿਬਰੀ ਦੀ ਧੀ ਸੀ ।  ੧੨ ਉਨ੍ਹਾਂ ਨੇ ਉਸ ਨੂੰ ਬੰਨ੍ਹ ਕੇ ਰੱਖਿਆ, ਜਦ ਤੱਕ ਉਹ ਇਸ ਮਾਮਲੇ ਵਿੱਚ ਯਹੋਵਾਹ ਦੀ ਮਰਜ਼ੀ ਨੂੰ ਨਾ ਜਾਣ ਲੈਣ । 
 ੧੩ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,  ੧੪ “ਜਿਸ ਨੇ ਕੁਫ਼ਰ ਬਕਿਆ ਹੈ, ਉਸ ਨੂੰ ਤੁਸੀਂ ਡੇਰੇ ਤੋਂ ਬਾਹਰ ਲੈ ਆਓ ਅਤੇ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈ, ਉਹ ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖਣ, ਤਦ ਸਾਰੀ ਮੰਡਲੀ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ ।  ੧੫ ਅਤੇ ਤੂੰ ਇਸਰਾਏਲੀਆਂ ਨੂੰ ਆਖ ਕਿ ਜਿਹੜਾ ਆਪਣੇ ਪਰਮੇਸ਼ੁਰ ਦੇ ਵਿਰੁੱਧ ਦੁਰਬਚਨ ਬੋਲੇ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ ।  ੧੬ ਕੋਈ ਵੀ ਜਿਹੜਾ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ ਉਹ ਜ਼ਰੂਰ ਹੀ ਮਾਰਿਆ ਜਾਵੇ ਅਤੇ ਸਾਰੀ ਮੰਡਲੀ ਨਿਸੰਗ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ, ਭਾਵੇਂ ਉਹ ਪਰਦੇਸੀ ਹੋਵੇ ਭਾਵੇਂ ਇਸਰਾਏਲ ਵਿੱਚ ਜੰਮਿਆ ਹੋਵੇ । ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ, ਉਹ ਮਾਰਿਆ ਜਾਵੇ । 
 ੧੭ ਜਿਹੜਾ ਕਿਸੇ ਮਨੁੱਖ ਨੂੰ ਮਾਰ ਦੇਵੇ ਉਹ ਜ਼ਰੂਰ ਹੀ ਮਾਰਿਆ ਜਾਵੇ ।  ੧੮ ਜਿਹੜਾ ਕਿਸੇ ਪਸ਼ੂ ਨੂੰ ਮਾਰ ਦੇਵੇ, ਤਾਂ ਉਹ ਪਸ਼ੂ ਦੇ ਬਦਲੇ ਪਸ਼ੂ ਦੇਵੇ ।  ੧੯ ਜਿਹੜਾ ਮਨੁੱਖ ਆਪਣੇ ਗੁਆਂਢੀ ਨੂੰ ਸੱਟ ਮਾਰੇ, ਤਾਂ ਜਿਵੇਂ ਉਸ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ ।  ੨੦ ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਜਿਵੇਂ ਉਸ ਨੇ ਕਿਸੇ ਮਨੁੱਖ ਨੂੰ ਸੱਟ ਮਾਰੀ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ ।  ੨੧ ਜਿਹੜਾ ਕਿਸੇ ਪਸ਼ੂ ਨੂੰ ਮਾਰੇ ਉਹ ਉਸ ਦੇ ਬਦਲੇ ਪਸ਼ੂ ਦੇਵੇ, ਪਰ ਜਿਹੜਾ ਕਿਸੇ ਮਨੁੱਖ ਨੂੰ ਮਾਰ ਸੁੱਟੇ, ਉਹ ਮਾਰਿਆ ਜਾਵੇ ।  ੨੨ ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ ਭਾਵੇਂ ਉਹ ਪਰਦੇਸੀ ਹੋਵੇ, ਭਾਵੇਂ ਤੁਹਾਡੇ ਆਪਣੇ ਦੇਸ਼ ਦਾ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ । “ 
 ੨੩ ਤਦ ਜਿਵੇਂ ਮੂਸਾ ਨੇ ਆਖਿਆ, ਉਹ ਉਸ ਮਨੁੱਖ ਨੂੰ ਜਿਸ ਨੇ ਕੁਫ਼ਰ ਬਕਿਆ ਸੀ, ਡੇਰੇ ਤੋਂ ਬਾਹਰ ਲਿਆਏ ਅਤੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ । ਇਸਰਾਏਲੀਆਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।