੨੫
ਸੱਤਵਾਂ ਸਾਲ: ਵਿਸ਼ਰਾਮ ਦਾ ਸਾਲ
(ਬਿਵਸਥਾ ਸਾਰ 15:1-11)
੧ ਫੇਰ ਯਹੋਵਾਹ ਸੀਨਈ ਦੇ ਪਹਾੜ ਵਿੱਚ ਮੂਸਾ ਨੂੰ ਆਖਿਆ, ੨ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ, ਜੋ ਮੈਂ ਤੁਹਾਨੂੰ ਦਿੰਦਾ ਹਾਂ, ਤਦ ਉਸ ਦੇਸ਼ ਨੂੰ ਯਹੋਵਾਹ ਦੇ ਅੱਗੇ ਸਬਤ ਦਾ ਵਿਸ਼ਰਾਮ ਦਿਆ ਕਰਨਾ । ੩ ਛੇ ਸਾਲ ਤੱਕ ਤੂੰ ਆਪਣੇ ਖੇਤ ਬੀਜੀਂ ਅਤੇ ਛੇ ਸਾਲ ਤੂੰ ਆਪਣੀਆਂ ਦਾਖਾਂ ਦੀ ਬਾਗਵਾਨੀ ਕਰੀਂ ਅਤੇ ਉਨ੍ਹਾਂ ਦੇ ਫ਼ਲਾਂ ਨੂੰ ਇਕੱਠਾ ਕਰੀਂ । ੪ ਪਰ ਸੱਤਵੇਂ ਸਾਲ ਵਿੱਚ ਯਹੋਵਾਹ ਦੇ ਅੱਗੇ ਧਰਤੀ ਨੂੰ ਸਬਤ ਦਾ ਵਿਸਰਾਮ ਮਿਲਿਆ ਕਰੇ । ਤੂੰ ਨਾ ਤਾਂ ਆਪਣੇ ਖੇਤ ਬੀਜੀਂ ਅਤੇ ਨਾ ਹੀ ਆਪਣੇ ਦਾਖਾਂ ਦੀ ਬਾਗਵਾਨੀ ਕਰੀਂ । ੫ ਜੋ ਕੁਝ ਤੇਰੇ ਖੇਤ ਵਿੱਚ ਆਪੇ ਹੀ ਉਗ ਪਵੇ, ਉਸ ਨੂੰ ਤੂੰ ਨਾ ਵੱਢੀਂ, ਨਾ ਹੀ ਆਪਣੇ ਖਾਲੀ ਛੱਡੇ ਬਾਗਾਂ ਵਿੱਚੋਂ ਦਾਖਾਂ ਤੋੜੀ ਕਿਉਂ ਜੋ ਉਹ ਧਰਤੀ ਦੇ ਲਈ ਵਿਸ਼ਰਾਮ ਦਾ ਸਾਲ ਹੈ । ੬ ਧਰਤੀ ਦੇ ਸਬਤ ਵਿੱਚ ਪੈਦਾ ਹੋਈ ਫ਼ਸਲ ਤੋਂ ਹੀ ਤੁਹਾਡੇ ਲਈ, ਤੁਹਾਡੇ ਦਾਸ-ਦਾਸੀਆਂ ਲਈ, ਤੁਹਾਡੇ ਮਜ਼ਦੂਰਾਂ ਦੇ ਲਈ ਅਤੇ ਪਰਦੇਸੀਆਂ ਲਈ ਜੋ ਤੁਹਾਡੇ ਨਾਲ ਵੱਸਦੇ ਹਨ, ਤੁਹਾਨੂੰ ਭੋਜਨ ਮਿਲੇਗਾ । ੭ ਅਤੇ ਤੇਰੇ ਪਸ਼ੂਆਂ ਦੇ ਲਈ ਅਤੇ ਉਨ੍ਹਾਂ ਸਾਰੇ ਜਾਨਵਰਾਂ ਦੇ ਲਈ ਜੋ ਤੇਰੇ ਦੇਸ਼ ਵਿੱਚ ਹਨ, ਉਨ੍ਹਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਹੀ ਮਿਲੇਗਾ ।
ਜੁਬਲੀ (ਅਨੰਦ) ਦਾ ਸਾਲ
੮ ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ । ੯ ਤਦ ਤੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਨੂੰ ਅਰਥਾਤ ਪ੍ਰਾਸਚਿਤ ਦੇ ਦਿਨ ਅਨੰਦ ਦੀ ਤੁਰ੍ਹੀ ਆਪਣੇ ਸਾਰੇ ਦੇਸ਼ ਵਿੱਚ ਉੱਚੀ ਅਵਾਜ਼ ਵਿੱਚ ਵਜਾਵੀਂ । ੧੦ ਫੇਰ ਤੁਸੀਂ ਉਸ ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਦੇਸ਼ ਦੇ ਸਾਰੇ ਵਾਸੀਆਂ ਦੇ ਲਈ ਛੁਟਕਾਰੇ ਦੀ ਘੋਸ਼ਣਾ ਕਰਨਾ, ਇਹ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਅਤੇ ਤੁਸੀਂ ਆਪਣੀ ਆਪਣੀ ਨਿੱਜ-ਭੂਮੀ ਅਤੇ ਆਪਣੇ-ਆਪਣੇ ਘਰਾਣਿਆਂ ਵਿੱਚ ਮੁੜ ਜਾਣਾ । ੧੧ ਉਹ ਪੰਜਾਹਵਾਂ ਸਾਲ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਉਸ ਵਿੱਚ ਤੁਸੀਂ ਨਾ ਬੀਜਣਾ ਅਤੇ ਨਾ ਉਸ ਨੂੰ ਵੱਢਣਾ ਜਿਹੜਾ ਆਪਣੇ ਆਪ ਉੱਗ ਪਵੇ, ਅਤੇ ਨਾ ਹੀ ਤੁਸੀਂ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ । ੧੨ ਕਿਉਂ ਜੋ ਉਹ ਅਨੰਦ ਦਾ ਸਾਲ ਹੈ, ਉਹ ਤੁਹਾਡੇ ਲਈ ਪਵਿੱਤਰ ਹੋਵੇ । ਜੋ ਕੁਝ ਖੇਤ ਵਿੱਚ ਆਪਣੇ ਆਪ ਉੱਗੇ ਤੁਸੀਂ ਉਸ ਵਿੱਚੋਂ ਹੀ ਖਾਣਾ ।
੧੩ ਇਸ ਅਨੰਦ ਦੇ ਸਾਲ ਵਿੱਚ ਤੁਸੀਂ ਸਾਰੇ ਆਪੋ-ਆਪਣੀ ਨਿੱਜ ਭੂਮੀ ਵਿੱਚ ਮੁੜ ਜਾਣਾ । ੧੪ ਜੇਕਰ ਤੂੰ ਆਪਣੇ ਗੁਆਂਢੀ ਨੂੰ ਕੁਝ ਵੇਚੇ ਜਾਂ ਆਪਣੇ ਗਵਾਂਢੀ ਦੇ ਹੱਥੋਂ ਕੁਝ ਮੁੱਲ ਲਵੇ ਤਾਂ ਤੁਸੀਂ ਇੱਕ ਦੂਜੇ ਨਾਲ ਅਣਉਚਿਤ ਵਿਵਹਾਰ ਨਾ ਕਰਨਾ । ੧੫ ਅਨੰਦ ਦੇ ਸਾਲ ਤੋਂ ਬਾਅਦ ਜਿੰਨ੍ਹੇ ਸਾਲ ਹੋਣ ਉਨ੍ਹਾਂ ਦੀ ਗਿਣਤੀ ਦੇ ਅਨੁਸਾਰ ਮੁੱਲ ਠਹਿਰਾ ਕੇ ਤੁਸੀਂ ਆਪਣੇ ਗੁਆਂਢੀ ਤੋਂ ਮੁੱਲ ਲੈਣਾ ਅਤੇ ਖ਼ਰੀਦਣ ਦੇ ਸਾਲਾਂ ਦੇ ਲੇਖੇ ਅਨੁਸਾਰ ਉਹ ਤੇਰੇ ਹੱਥ ਵੇਚੇ । ੧੬ ਸਾਲਾਂ ਦੇ ਵਧਣ ਅਨੁਸਾਰ, ਤੂੰ ਉਸ ਦਾ ਮੁੱਲ ਵਧਾਵੀਂ ਅਤੇ ਸਾਲਾਂ ਦੇ ਘਟਣ ਦੇ ਅਨੁਸਾਰ, ਤੂੰ ਉਸ ਦਾ ਮੁੱਲ ਘਟਾਵੀਂ ਕਿਉਂ ਜੋ ਸਾਲ ਦੀ ਉਪਜ ਦੇ ਲੇਖੇ ਅਨੁਸਾਰ ਹੀ ਉਹ ਤੇਰੇ ਕੋਲ ਵੇਚੇਗਾ । ੧੭ ਤੁਸੀਂ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ, ਪਰ ਤੂੰ ਆਪਣੇ ਪਰਮੇਸ਼ੁਰ ਤੋਂ ਡਰੀਂ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
ਸੱਤਵੇਂ ਸਾਲ ਲਈ ਪ੍ਰਬੰਧ
੧੮ ਇਸ ਲਈ ਤੁਸੀਂ ਮੇਰੀਆਂ ਬਿਧੀਆਂ ਨੂੰ ਪੂਰਾ ਕਰਨਾ, ਅਤੇ ਮੇਰੇ ਨਿਯਮਾਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਕਿਉਂ ਜੋ ਅਜਿਹਾ ਕਰਨ ਨਾਲ ਤੁਸੀਂ ਦੇਸ਼ ਵਿੱਚ ਸੁਖ-ਸਾਂਦ ਨਾਲ ਰਹੋਗੇ । ੧੯ ਉਹ ਧਰਤੀ ਆਪਣਾ ਫਲ ਉਪਜਾਵੇਗੀ ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਤੁਸੀਂ ਉਸ ਦੇਸ਼ ਵਿੱਚ ਸੁਖ-ਸਾਂਦ ਨਾਲ ਰਹੋਗੇ । ੨੦ ਜੇਕਰ ਤੁਸੀਂ ਆਖੋ ਕਿ ਸੱਤਵੇਂ ਸਾਲ ਵਿੱਚ ਅਸੀਂ ਕੀ ਖਾਵਾਂਗੇ, ਵੇਖੋ, ਨਾ ਤਾਂ ਅਸੀਂ ਬੀਜਾਂਗੇ ਅਤੇ ਨਾ ਹੀ ਅਸੀਂ ਅੰਨ ਇਕੱਠਾ ਕਰਾਂਗੇ, ੨੧ ਤਦ ਮੈਂ ਛੇਵੇਂ ਸਾਲ ਵਿੱਚ ਤੁਹਾਨੂੰ ਅਜਿਹੀ ਬਰਕਤ ਦਿਆਂਗਾ ਕਿ ਧਰਤੀ ਤਿੰਨ ਸਾਲਾਂ ਦੇ ਲਈ ਫਲ ਉਪਜਾਵੇਗੀ । ੨੨ ਅਤੇ ਤੁਸੀਂ ਅੱਠਵੇਂ ਸਾਲ ਵਿੱਚ ਬੀਜੋਗੇ ਅਤੇ ਨੌਵੇਂ ਸਾਲ ਤੱਕ ਪਹਿਲੀ ਫ਼ਸਲ ਵਿੱਚੋਂ ਹੀ ਖਾਂਦੇ ਰਹੋਗੇ । ਜਦ ਤੱਕ ਨੌਵੇਂ ਸਾਲ ਦੀ ਉਪਜ ਨਾ ਮਿਲੇ ਤਦ ਤੱਕ ਤੁਸੀਂ ਪੁਰਾਣੀ ਉਪਜ ਵਿੱਚੋਂ ਹੀ ਖਾਂਦੇ ਰਹੋਗੇ ।
ਜ਼ਮੀਨੀ-ਜ਼ਾਇਦਾਦ ਛੁਡਾਉਣ ਦੀ ਬਿਧੀ
੨੩ ਧਰਤੀ ਸਦਾ ਦੇ ਲਈ ਵੇਚੀ ਨਾ ਜਾਏ ਕਿਉਂ ਜੋ ਧਰਤੀ ਮੇਰੀ ਹੈ ਅਤੇ ਉਸ ਵਿੱਚ ਤੁਸੀਂ ਪਰਦੇਸੀ ਅਤੇ ਪਰਾਹੁਣੇ ਹੋ ਕੇ ਰਹਿੰਦੇ ਹੋ । ੨੪ ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ ।
੨੫ ਜੇ ਕਦੇ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਕੁਝ ਵੇਚ ਦੇਵੇ ਅਤੇ ਤਾਂ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਆ ਕੇ ਉਸ ਜ਼ਮੀਨ ਨੂੰ ਛੁਡਾ ਲਵੇ ਜੋ ਉਸ ਦੇ ਭਰਾ ਨੇ ਵੇਚੀ ਸੀ । ੨੬ ਪਰ ਜੇਕਰ ਉਸ ਦੇ ਲਈ ਕੋਈ ਛੁਡਾਉਣ ਵਾਲਾ ਨਾ ਹੋਵੇ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ, ੨੭ ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ । ੨੮ ਪਰ ਜੇਕਰ ਉਹ ਉਸ ਨੂੰ ਛੁਡਾਉਣ ਦੇ ਯੋਗ ਨਾ ਹੋਵੇ ਤਾਂ ਉਸ ਦੀ ਵੇਚੀ ਹੋਈ ਜ਼ਮੀਨ ਅਨੰਦ ਦੇ ਸਾਲ ਤੱਕ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਰਹੇਗੀ ਅਤੇ ਅਨੰਦ ਦੇ ਸਾਲ ਵਿੱਚ ਉਹ ਛੁੱਟ ਜਾਵੇਗੀ ਅਤੇ ਉਸ ਦੇ ਹਿੱਸੇ ਦੀ ਜ਼ਮੀਨ ਉਸ ਨੂੰ ਮਿਲ ਜਾਵੇਗੀ ।
੨੯ ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ । ੩੦ ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ । ੩੧ ਪਰ ਉਨ੍ਹਾਂ ਪਿੰਡਾਂ ਦੇ ਘਰ, ਜਿਨ੍ਹਾਂ ਦੇ ਦੁਆਲੇ ਸ਼ਹਿਰਪਨਾਹ ਨਹੀਂ ਹੈ, ਉਹ ਦੇਸ਼ ਦੇ ਖੇਤਾਂ ਦੀ ਤਰ੍ਹਾਂ ਹੀ ਸਮਝੇ ਜਾਣਗੇ, ਉਹ ਛੁਡਾਏ ਜਾ ਸਕਦੇ ਹਨ, ਉਹ ਅਨੰਦ ਦੇ ਸਾਲ ਵਿੱਚ ਛੱਡੇ ਜਾਣ । ੩੨ ਫੇਰ ਵੀ ਲੇਵੀਆਂ ਦੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਿੱਜ-ਭਾਗ ਵਾਲੇ ਸ਼ਹਿਰਾਂ ਦੇ ਘਰਾਂ ਨੂੰ, ਲੇਵੀ ਕਿਸੇ ਵੀ ਸਮੇਂ ਛੁਡਾ ਸਕਦੇ ਹਨ । ੩੩ ਪਰ ਜੇਕਰ ਕੋਈ ਲੇਵੀ ਆਪਣਾ ਹਿੱਸਾ ਨਾ ਛੁਡਾਵੇ ਤਾਂ ਉਹ ਵੇਚਿਆ ਹੋਇਆ ਘਰ ਜੋ ਉਸ ਦੇ ਹਿੱਸੇ ਦੇ ਸ਼ਹਿਰ ਵਿੱਚ ਹੋਵੇ, ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਕਿਉਂ ਜੋ ਇਸਰਾਏਲੀਆਂ ਦੇ ਵਿੱਚ ਲੇਵੀਆਂ ਦਾ ਹਿੱਸਾ ਉਨ੍ਹਾਂ ਦੇ ਸ਼ਹਿਰ ਵਿੱਚ ਉਹ ਘਰ ਹੀ ਹੈ । ੩੪ ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਨ੍ਹਾਂ ਦਾ ਹਿੱਸਾ ਹਨ ।
ਕੰਗਾਲਾਂ ਨੂੰ ਉਧਾਰ ਦੇਣਾ
੩੫ ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ । ੩੬ ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ । ੩੭ ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ । ੩੮ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਕਨਾਨ ਦੇਸ਼ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ।
ਦਾਸਾਂ ਨੂੰ ਛੁਡਾਉਣ ਦੀ ਬਿਧੀ
੩੯ ਜੇਕਰ ਤੁਹਾਡੇ ਵਿੱਚ ਤੁਹਾਡਾ ਕੋਈ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਆਪ ਨੂੰ ਤੇਰੇ ਹੱਥ ਵੇਚ ਦੇਵੇ ਤਾਂ ਤੂੰ ਉਸ ਤੋਂ ਦਾਸ ਵਰਗੀ ਸੇਵਾ ਨਾ ਕਰਵਾਈਂ । ੪੦ ਪਰ ਉਹ ਤੇਰੇ ਕੋਲ ਮਜ਼ਦੂਰ ਜਾਂ ਪ੍ਰਾਹੁਣੇ ਦੀ ਤਰ੍ਹਾਂ ਰਹੇ ਅਤੇ ਅਨੰਦ ਦੇ ਸਾਲ ਤੱਕ ਤੇਰੀ ਸੇਵਾ ਕਰੇ, ੪੧ ਅਤੇ ਫੇਰ ਉਹ ਆਪਣੇ ਬਾਲ ਬੱਚਿਆਂ ਸਮੇਤ ਤੇਰੇ ਕੋਲੋਂ ਛੁੱਟ ਜਾਵੇ ਅਤੇ ਆਪਣੇ ਟੱਬਰ ਕੋਲ ਆਪਣੇ ਪਿਉ-ਦਾਦਿਆਂ ਦੀ ਨਿੱਜ-ਭੂਮੀ ਨੂੰ ਮੁੜ ਜਾਵੇ । ੪੨ ਕਿਉਂ ਜੋ ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ, ਇਸ ਲਈ ਉਹ ਦਾਸਾਂ ਵਾਂਗੂੰ ਵੇਚੇ ਨਾ ਜਾਣ । ੪੩ ਤੂੰ ਉਨ੍ਹਾਂ ਦੇ ਉੱਤੇ ਹਨੇਰ ਨਾ ਕਰੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ । ੪੪ ਤੇਰੇ ਕੋਲ ਜੋ ਵੀ ਦਾਸ ਅਤੇ ਦਾਸੀਆਂ ਹੋਣ, ਉਹ ਉਨ੍ਹਾਂ ਲੋਕਾਂ ਵਿੱਚੋਂ ਹੋਣ ਜੋ ਤੁਹਾਡੇ ਆਲੇ-ਦੁਆਲੇ ਹਨ, ਉਨ੍ਹਾਂ ਤੋਂ ਹੀ ਤੁਸੀਂ ਦਾਸ ਅਤੇ ਦਾਸੀਆਂ ਨੂੰ ਮੁੱਲ ਲੈਣਾ । ੪੫ ਉਨ੍ਹਾਂ ਓਪਰਿਆਂ ਦੀਆਂ ਸੰਤਾਨਾਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ ਅਤੇ ਉਨ੍ਹਾਂ ਦੇ ਟੱਬਰਾਂ ਵਿੱਚੋਂ ਜੋ ਤੁਹਾਡੇ ਨਾਲ ਹਨ ਅਤੇ ਤੁਹਾਡੇ ਦੇਸ਼ ਵਿੱਚ ਜੰਮੇ ਹੋਣ, ਉਨ੍ਹਾਂ ਵਿੱਚੋਂ ਤੁਸੀਂ ਦਾਸ-ਦਾਸੀਆਂ ਮੁੱਲ ਲਵੋ ਅਤੇ ਉਹ ਤੁਹਾਡੇ ਅਧਿਕਾਰ ਵਿੱਚ ਰਹਿਣ । ੪੬ ਅਤੇ ਤੁਸੀਂ ਆਪਣੇ ਬਾਅਦ ਆਪਣੇ ਪੁੱਤਰਾਂ ਨੂੰ ਵੀ ਉਨ੍ਹਾਂ ਦਾ ਅਧਿਕਾਰੀ ਬਣਾ ਸਕੋਗੇ, ਉਹ ਉਨ੍ਹਾਂ ਦੀ ਜਾਇਦਾਦ ਹੋਣਗੇ, ਉਹ ਸਦਾ ਦੇ ਲਈ ਤੇਰੇ ਦਾਸ ਬਣਨ ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਵਿੱਚ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ ।
੪੭ ਜੇਕਰ ਕੋਈ ਪਰਦੇਸੀ ਜਾਂ ਓਪਰਾ ਜੋ ਤੇਰੇ ਨਾਲ ਹੈ, ਧਨਵਾਨ ਹੋ ਜਾਵੇ ਅਤੇ ਉਸ ਦੇ ਕੋਲ ਰਹਿਣ ਵਾਲਾ ਤੇਰਾ ਭਰਾ ਕੰਗਾਲ ਹੋ ਕੇ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਓਪਰੇ ਜਾਂ ਉਸ ਦੇ ਟੱਬਰ ਦੇ ਹੱਥ ਵੇਚ ਦੇਵੇ, ੪੮ ਤਾਂ ਉਸ ਦੇ ਵਿਕਣ ਤੋਂ ਬਾਅਦ ਉਹ ਫੇਰ ਛੁਡਾਇਆ ਜਾ ਸਕਦਾ ਹੈ, ਉਸ ਦੇ ਭਰਾਵਾਂ ਵਿੱਚੋਂ ਕੋਈ ਉਸ ਨੂੰ ਛੁਡਾ ਲਵੇ । ੪੯ ਉਸ ਦਾ ਚਾਚਾ, ਜਾਂ ਉਸ ਦੇ ਚਾਚੇ ਦਾ ਪੁੱਤਰ, ਜਾਂ ਉਸ ਦੇ ਟੱਬਰ ਵਿੱਚੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਛੁਡਾ ਸਕਦਾ ਹੈ, ਜਾਂ ਜਦ ਉਹ ਆਪਣੇ ਆਪ ਨੂੰ ਛੁਡਾਉਣ ਦੇ ਯੋਗ ਹੋ ਜਾਵੇ ਤਾਂ ਆਪਣੇ ਆਪ ਨੂੰ ਛੁਡਾ ਲਵੇ । ੫੦ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ, ਆਪਣੇ ਵੇਚੇ ਜਾਣ ਦੇ ਸਾਲ ਤੋਂ ਲੈ ਕੇ ਅਨੰਦ ਦੇ ਸਾਲ ਤੱਕ ਲੇਖਾ ਕਰੇ ਅਤੇ ਉਸ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਸ ਨੂੰ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰੀ ਦੇ ਅਨੁਸਾਰ ਠਹਿਰਾਵੇ । ੫੧ ਜੇਕਰ ਅਨੰਦ ਦੇ ਸਾਲ ਵਿੱਚ ਬਹੁਤ ਸਾਲ ਬਾਕੀ ਰਹਿੰਦੇ ਹੋਣ ਤਾਂ ਉਹ ਆਪਣੇ ਆਪ ਨੂੰ ਛੁਡਾਉਣ ਲਈ ਜਿਸ ਮੁੱਲ ਵਿੱਚ ਉਹ ਵੇਚਿਆ ਗਿਆ ਸੀ, ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ, ੫੨ ਅਤੇ ਜੇਕਰ ਅਨੰਦ ਦੇ ਸਾਲ ਵਿੱਚ ਥੋੜ੍ਹੇ ਸਾਲ ਹੀ ਰਹਿੰਦੇ ਹੋਣ ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ । ੫੩ ਉਹ ਆਪਣੇ ਸੁਆਮੀ ਦੇ ਨਾਲ ਉਸ ਮਜ਼ਦੂਰ ਦੀ ਤਰ੍ਹਾਂ ਰਹੇ, ਜਿਸ ਦੀ ਸਲਾਨਾ ਮਜ਼ਦੂਰੀ ਠਹਿਰਾਈ ਜਾਂਦੀ ਹੈ, ਅਤੇ ਉਸ ਦਾ ਸੁਆਮੀ ਤੇਰੇ ਵੇਖਦਿਆਂ ਉਸ ਦੇ ਉੱਤੇ ਹਨੇਰ ਨਾ ਕਰੇ । ੫੪ ਪਰ ਜੇਕਰ ਉਹ ਇਨ੍ਹਾਂ ਸਾਰੇ ਤਰੀਕਿਆਂ ਦੇ ਨਾਲ ਛੁਡਾਇਆ ਨਾ ਜਾਵੇ ਤਾਂ ਉਹ ਅਨੰਦ ਦੇ ਸਾਲ ਵਿੱਚ ਆਪਣੇ ਬਾਲ ਬੱਚਿਆਂ ਸਮੇਤ ਛੁੱਟ ਜਾਵੇ । ੫੫ ਕਿਉਂ ਜੋ ਇਸਰਾਏਲੀ ਮੇਰੇ ਦਾਸ ਹਨ । ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।