੨੭
ਖ਼ਾਸ ਸੁੱਖਣਾ ਦੀ ਬਿਧੀ
੧ ਫੇਰ ਯਹੋਵਾਹ ਨੇ ਮੂਸਾ ਨੂੰ ਇਹ ਆਖਿਆ, ੨ ਇਸਰਾਏਲੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ ਕਿ ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਹੋਵਾਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਹ ਯਹੋਵਾਹ ਦੇ ਹੋਣਗੇ, ੩ ਜੇਕਰ ਉਹ ਪੁਰਖ ਵੀਹ ਸਾਲਾਂ ਤੋਂ ਸੱਠ ਸਾਲਾਂ ਦਾ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਪੰਜਾਹ ਸ਼ਕੇਲ ਚਾਂਦੀ ਦੇ ਸਿੱਕੇ ਹੋਵੇਗਾ, ੪ ਅਤੇ ਜੇਕਰ ਇਸਤਰੀ ਹੋਵੇ ਤਾਂ ਤੇਰਾ ਮੁੱਲ ਤੀਹ ਸ਼ਕੇਲ ਹੋਵੇ । ੫ ਜੇਕਰ ਉਸ ਦੀ ਉਮਰ ਪੰਜ ਸਾਲਾਂ ਤੋਂ ਲੈ ਕੇ ਵੀਹਾਂ ਸਾਲਾਂ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਵੀਹ ਸ਼ਕੇਲ ਅਤੇ ਕੁੜੀ ਲਈ ਦਸ ਸ਼ਕੇਲ ਹੋਵੇ । ੬ ਜੇਕਰ ਉਸ ਦੀ ਉਮਰ ਇੱਕ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਪੰਜ ਸ਼ਕੇਲ ਚਾਂਦੀ ਅਤੇ ਕੁੜੀ ਦੇ ਲਈ ਤਿੰਨ ਸ਼ਕੇਲ ਚਾਂਦੀ ਹੋਵੇ । ੭ ਅਤੇ ਜੇਕਰ ਉਸ ਦੀ ਉਮਰ ਸੱਠ ਸਾਲ ਜਾਂ ਉਸ ਤੋਂ ਉੱਪਰ ਹੋਵੇ, ਤਾਂ ਜੇਕਰ ਉਹ ਪੁਰਖ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪੰਦਰਾਂ ਸ਼ਕੇਲ ਅਤੇ ਇਸਤਰੀ ਹੋਵੇ ਤਾਂ ਦਸ ਸ਼ਕੇਲ ਹੋਵੇਗਾ । ੮ ਪਰ ਜੇਕਰ ਉਹ ਇੰਨ੍ਹਾਂ ਗਰੀਬ ਹੋਵੇ ਕਿ ਜਾਜਕ ਦਾ ਠਹਿਰਾਇਆ ਹੋਇਆ ਮੁੱਲ ਨਾ ਦੇ ਸਕੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ ।
੯ ਜੇਕਰ ਉਹ ਉਨ੍ਹਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਹੋਵਾਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ, ਪਵਿੱਤਰ ਹੋਵੇਗਾ । ੧੦ ਉਹ ਉਸ ਪਸ਼ੂ ਨੂੰ ਨਾ ਬਦਲੇ, ਨਾ ਵਟਾਵੇ, ਨਾ ਤਾਂ ਚੰਗੇ ਦੇ ਬਦਲੇ ਮਾੜਾ ਅਤੇ ਨਾ ਮਾੜੇ ਦੇ ਬਦਲੇ ਚੰਗਾ ਦੇਵੇ ਪਰ ਜੇਕਰ ਉਹ ਕਿਸੇ ਪਸ਼ੂ ਦੇ ਬਦਲੇ ਕੋਈ ਹੋਰ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਠਹਿਰਨਗੇ । ੧੧ ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਹੋਵਾਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ । ੧੨ ਤਦ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ । ੧੩ ਪਰ ਜੇਕਰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ।
੧੪ ਜਦ ਕੋਈ ਮਨੁੱਖ ਆਪਣਾ ਘਰ ਯਹੋਵਾਹ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪਣ ਕਰੇ ਤਾਂ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਮੁੱਲ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ । ੧੫ ਪਰ ਜੇਕਰ ਉਸ ਘਰ ਨੂੰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ, ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਅਤੇ ਉਹ ਘਰ ਉਸੇ ਦਾ ਹੋਵੇਗਾ ।
੧੬ ਜੇਕਰ ਕੋਈ ਮਨੁੱਖ ਆਪਣੀ ਨਿੱਜ-ਭੂਮੀ ਦਾ ਕੁਝ ਹਿੱਸਾ ਯਹੋਵਾਹ ਦੇ ਅੱਗੇ ਅਰਪਣ ਕਰੇ ਤਾਂ ਤੇਰਾ ਮੁੱਲ ਉਸ ਵਿੱਚ ਬੀਜੇ ਜਾਣ ਵਾਲੇ ਬੀਜ ਦੇ ਅਨੁਸਾਰ ਹੋਵੇ, ਇੱਕ ਟੋਪੇ ਜਵਾਂ ਦੇ ਬੀ ਦਾ ਮੁੱਲ ਪੰਜਾਹ ਸ਼ਕੇਲ ਚਾਂਦੀ ਹੋਵੇ । ੧੭ ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਵਿੱਚ ਅਰਪਣ ਕਰੇ ਦਾ ਉਸ ਦਾ ਮੁੱਲ ਤੇਰੇ ਠਹਿਰਾਉਣ ਦੇ ਅਨੁਸਾਰ ਹੋਵੇ । ੧੮ ਪਰ ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਤੋਂ ਬਾਅਦ ਅਰਪਣ ਕਰੇ ਤਾਂ ਜਾਜਕ ਰਹਿੰਦਿਆਂ ਸਾਲਾਂ ਦੇ ਲੇਖੇ ਦੇ ਅਨੁਸਾਰ ਅਰਥਾਤ ਅਨੰਦ ਦੇ ਸਾਲ ਤੱਕ ਪੈਸੇ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਘੱਟ ਜਾਵੇ । ੧੯ ਪਰ ਜੇਕਰ ਉਸ ਖੇਤ ਨੂੰ ਅਰਪਣ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਤਦ ਉਹ ਖੇਤ ਉਸੇ ਦਾ ਠਹਿਰੇਗਾ । ੨੦ ਪਰ ਜੇਕਰ ਉਹ ਉਸ ਖੇਤ ਨੂੰ ਛੁਡਾਉਣਾ ਨਾ ਚਾਹੇ ਜਾਂ ਉਸ ਨੇ ਉਹ ਖੇਤ ਕਿਸੇ ਹੋਰ ਮਨੁੱਖ ਨੂੰ ਵੇਚ ਦਿੱਤਾ ਹੋਵੇ ਤਾਂ ਉਹ ਖੇਤ ਫੇਰ ਕਦੇ ਨਾ ਛੁਡਾਇਆ ਜਾਵੇ । ੨੧ ਪਰ ਜਦ ਉਹ ਖੇਤ ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਤਾਂ ਉਹ ਯਹੋਵਾਹ ਦੇ ਅੱਗੇ ਸੁੱਖੇ ਹੋਏ ਖੇਤ ਦੀ ਤਰ੍ਹਾਂ ਪਵਿੱਤਰ ਹੋਵੇਗਾ । ਉਸ ਉੱਤੇ ਜਾਜਕ ਦਾ ਹੀ ਅਧਿਕਾਰ ਹੋਵੇਗਾ ।
੨੨ ਫੇਰ ਜੇਕਰ ਕੋਈ ਮਨੁੱਖ ਇੱਕ ਮੁੱਲ ਲਏ ਹੋਏ ਖੇਤ ਨੂੰ ਯਹੋਵਾਹ ਦੇ ਅੱਗੇ ਅਰਪਣ ਕਰੇ, ਜੋ ਉਸ ਦੀ ਆਪਣੀ ਨਿੱਜ-ਭੂਮੀ ਦੇ ਖੇਤਾਂ ਵਿੱਚੋਂ ਨਾ ਹੋਵੇ, ੨੩ ਤਦ ਜਾਜਕ ਅਨੰਦ ਦੇ ਸਾਲ ਤੱਕ ਦਾ ਲੇਖਾ ਕਰਕੇ ਉਸ ਮਨੁੱਖ ਦੇ ਲਈ ਜੋ ਮੁੱਲ ਠਹਿਰਾਵੇ, ਉਹ ਉਸ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ । ੨੪ ਅਨੰਦ ਦੇ ਸਾਲ ਵਿੱਚ ਉਹ ਖੇਤ ਉਸੇ ਦੇ ਅਧਿਕਾਰ ਵਿੱਚ ਆ ਜਾਵੇਗਾ, ਜਿਸ ਤੋਂ ਉਹ ਮੁੱਲ ਲਿਆ ਗਿਆ ਸੀ ਅਰਥਾਤ ਉਹ ਜਿਸ ਦੀ ਨਿੱਜ-ਭੂਮੀ ਸੀ, ਉਸ ਉੱਤੇ ਉਸੇ ਦਾ ਅਧਿਕਾਰ ਹੋਵੇਗਾ । ੨੫ ਜਾਜਕ ਦੁਆਰਾ ਤੇਰੇ ਲਈ ਠਹਿਰਾਏ ਹੋਏ ਸਾਰੇ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਦੇ ਅਨੁਸਾਰ ਹੋਣ - ਸ਼ਕੇਲ ਵੀਹ ਗਿਰਾ ਦਾ ਹੋਵੇ ।
੨੬ ਤੇਰੇ ਸਾਰੇ ਪਸ਼ੂਆਂ ਦੇ ਪਹਿਲੌਠੇ ਯਹੋਵਾਹ ਦੇ ਹਨ, ਕੋਈ ਮਨੁੱਖ ਉਨ੍ਹਾਂ ਨੂੰ ਅਰਪਣ ਨਾ ਕਰੇ, ਭਾਵੇਂ ਬਲ਼ਦ ਹੋਵੇ, ਭਾਵੇਂ ਭੇਡ ਜਾਂ ਬੱਕਰੀ ਦਾ ਬੱਚਾ, ਉਹ ਯਹੋਵਾਹ ਦਾ ਹੀ ਹੈ । ੨੭ ਪਰ ਜੇ ਉਹ ਕਿਸੇ ਅਸ਼ੁੱਧ ਪਸ਼ੂ ਦਾ ਪਹਿਲੌਠਾ ਹੋਵੇ ਤਾਂ ਉਸ ਨੂੰ ਅਰਪਣ ਕਰਨ ਵਾਲਾ ਉਸ ਨੂੰ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਸ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਛੁਡਾ ਸਕਦਾ ਹੈ, ਪਰ ਜੇਕਰ ਉਹ ਛੁਡਾਇਆ ਨਾ ਜਾਵੇ ਤਾਂ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਵੇ ।
੨੮ ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ । ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ । ੨੯ ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ ।
੩੦ ਧਰਤੀ ਦੀ ਉਪਜ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ ਬੀਜਾਂ ਦਾ, ਭਾਵੇਂ ਰੁੱਖਾਂ ਦੇ ਫ਼ਲਾਂ ਦਾ ਹੋਵੇ, ਉਹ ਯਹੋਵਾਹ ਦਾ ਹੈ, ਇਹ ਯਹੋਵਾਹ ਦੇ ਅੱਗੇ ਪਵਿੱਤਰ ਹੈ । ੩੧ ਜੇਕਰ ਕੋਈ ਮਨੁੱਖ ਆਪਣੇ ਦਸਵੰਧਾਂ ਵਿੱਚੋਂ ਕੁਝ ਛੁਡਾ ਲਵੇ ਤਾਂ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਹੋਰ ਪਾ ਕੇ ਦੇ ਦੇਵੇ । ੩੨ ਸਾਰੇ ਵੱਗ ਅਤੇ ਇੱਜੜ ਦੇ ਦਸਵੰਧ ਅਰਥਾਤ ਉਹ ਸਾਰੇ ਪਸ਼ੂ ਜੋ ਸੋਟੇ ਹੇਠੋਂ ਲੰਘਾਏ ਜਾਣ, ਉਨ੍ਹਾਂ ਦਾ ਦਸਵੰਧ ਯਹੋਵਾਹ ਦੇ ਅੱਗੇ ਪਵਿੱਤਰ ਹੋਵੇਗਾ । ੩੩ ਉਹ ਉਸ ਨੂੰ ਨਾ ਛਾਂਟੇ, ਕਿ ਉਹ ਚੰਗਾ ਹੈ ਜਾਂ ਮਾੜਾ ਅਤੇ ਨਾ ਉਸ ਨੂੰ ਵਟਾਵੇ ਅਤੇ ਜੇਕਰ ਕੋਈ ਉਸ ਨੂੰ ਵਟਾਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ, ਉਹ ਛੁਡਾਇਆ ਨਾ ਜਾਵੇ ।
੩੪ ਜਿਹੜੇ ਹੁਕਮ ਯਹੋਵਾਹ ਨੇ ਇਸਰਾਏਲੀਆਂ ਦੇ ਲਈ ਸੀਨਈ ਪਹਾੜ ਉੱਤੇ ਮੂਸਾ ਨੂੰ ਦਿੱਤੇ, ਉਹ ਇਹ ਹੀ ਹਨ ।