੧੭
ਯਿਸੂ ਦੇ ਰੂਪ ਦਾ ਜਲਾਲੀ ਹੋ ਜਾਣਾ
(ਮਰਕੁਸ 9:2-13; ਲੂਕਾ 9:28-36)
੧ ਯਿਸੂ ਛੇ ਦਿਨਾਂ ਤੋਂ ਬਾਅਦ ਪਤਰਸ, ਯਾਕੂਬ ਅਤੇ ਉਹ ਦੇ ਭਰਾ ਯੂਹੰਨਾ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ । ੨ ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ । ਉਹ ਦਾ ਚਿਹਰਾ ਸੂਰਜ ਵਾਂਗੂੰ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ । ੩ ਅਤੇ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਦਿਖਾਈ ਦਿੱਤੇ । ੪ ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੂ ਜੀ ਸਾਡਾ ਇੱਥੇ ਰਹਿਣਾ ਚੰਗਾ ਹੈ । ਜੇ ਤੂੰ ਚਾਹੇਂ ਤਾਂ ਇੱਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ । ੫ ਉਹ ਬੋਲ ਹੀ ਰਿਹਾ ਸੀ ਕਿ ਵੇਖੋ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਪ੍ਰਸੰਨ ਹਾਂ । ਉਹ ਦੀ ਸੁਣੋ ! ੬ ਅਤੇ ਚੇਲੇ ਇਹ ਸੁਣ ਕੇ ਮੂੰਹ ਦੇ ਭਾਰ ਡਿੱਗ ਪਏ ਅਤੇ ਬਹੁਤ ਡਰ ਗਏ । ੭ ਪਰ ਯਿਸੂ ਨੇ ਨੇੜੇ ਆ ਕੇ ਉਨ੍ਹਾਂ ਨੂੰ ਛੂਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ । ੮ ਤਦ ਉਨ੍ਹਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਦੇਖਿਆ ।
੯ ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ । ੧੦ ਤਦ ਉਹ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਫੇਰ ਉਪਦੇਸ਼ਕ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ? ੧੧ ਉਸ ਨੇ ਉੱਤਰ ਦਿੱਤਾ ਕਿ ਸੱਚ-ਮੁੱਚ ਏਲੀਯਾਹ ਠੀਕ ਪਹਿਲਾਂ ਆਉਂਦਾ ਹੈ ਅਤੇ ਸਭ ਕੁੱਝ ਬਹਾਲ ਕਰੇਗਾ । ੧੨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ ਅਤੇ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ ਪਰ ਜੋ ਕੁੱਝ ਉਨ੍ਹਾਂ ਨੇ ਚਾਹਿਆ ਸੋ ਉਸ ਨਾਲ ਕੀਤਾ । ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਦੇ ਹੱਥੋਂ ਦੁੱਖ ਪਾਵੇਗਾ । ੧੩ ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ ।
ਦੁਸ਼ਟ-ਆਤਮਾ ਦੇ ਜਕੜੇ ਹੋਏ ਬਾਲਕ ਨੂੰ ਚੰਗਾ ਕਰਨਾ
(ਮਰਕੁਸ 9:14-29; ਲੂਕਾ 9:37-43)
੧੪ ਜਦ ਉਹ ਭੀੜ ਦੇ ਕੋਲ ਪਹੁੰਚੇ, ਤਦ ਇੱਕ ਮਨੁੱਖ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਗੋਡੇ ਨਿਵਾ ਕੇ ਬੋਲਿਆ, ੧੫ ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਯਾ ਕਰੋ ! ਕਿਉਂ ਜੋ ਉਹ ਮਿਰਗੀ ਦੀ ਬਿਮਾਰੀ ਕਾਰਨ ਬਹੁਤ ਦੁੱਖੀ ਹੈ, ਉਹ ਤਾਂ ਬਹੁਤ ਵਾਰੀ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ । ੧੬ ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ । ੧੭ ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ? ਕਦੋਂ ਤੱਕ ਤੁਹਾਡੀ ਸਹਾਂਗਾ ? ਉਹ ਨੂੰ ਇੱਥੇ ਮੇਰੇ ਕੋਲ ਲਿਆਓ । ੧੮ ਯਿਸੂ ਨੇ ਉਹ ਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਅਤੇ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ । ੧੯ ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆ ਕੇ ਆਖਿਆ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ ? ੨੦ ਉਸ ਨੇ ਉਨ੍ਹਾਂ ਨੂੰ ਕਿਹਾ, ਆਪਣੀ ਥੋੜ੍ਹੇ ਵਿਸ਼ਵਾਸ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ, ਜੋ ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਮੁਸ਼ਕਿਲ ਨਾ ਹੋਵੇਗਾ । ੨੧ ਪਰ ਇਹ ਜਾਤੀ ਵਰਤ ਅਤੇ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿੱਕਲਦੀ ।
ਦੂਸਰੀ ਵਾਰ ਯਿਸੂ ਦੀ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ
(ਮਰਕੁਸ 9:30-32; ਲੂਕਾ 9:43-45)
੨੨ ਜਦ ਉਹ ਗਲੀਲ ਵਿੱਚ ਇਕੱਠੇ ਹੋਏ, ਯਿਸੂ ਨੇ ਉਨ੍ਹਾਂ ਨੂੰ ਕਿਹਾ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ । ੨੩ ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਜੀ ਉੱਠੇਗਾ । ਤਦ ਉਹ ਬਹੁਤ ਉਦਾਸ ਹੋਏ ।
ਹੈਕਲ ਦਾ ਕਰ
੨੪ ਜਦੋਂ ਉਹ ਕਫ਼ਰਨਾਹੂਮ ਵਿੱਚ ਆਏ ਤਾਂ ਹੈਕਲ ਦੀ ਚੁੰਗੀ ਉਗਰਾਹੁਣ ਵਾਲਿਆਂ ਨੇ ਪਤਰਸ ਦੇ ਕੋਲ ਆ ਕੇ ਕਿਹਾ, ਕੀ ਤੁਹਾਡਾ ਗੁਰੂ ਚੁੰਗੀ ਨਹੀਂ ਦਿੰਦਾ ਹੈ ? ਉਹ ਨੇ ਕਿਹਾ, ਹਾਂ ਦਿੰਦਾ ਹੈ । ੨੫ ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਸ ਤੋਂ ਕਰ ਜਾਂ ਮਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ ? ੨੬ ਤਦ ਉਹ ਬੋਲਿਆ, ਪਰਾਇਆਂ ਤੋਂ, ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤਰ ਤਾਂ ਮਾਫ਼ ਹੋਏ । ੨੭ ਪਰ ਇਸ ਲਈ ਜੋ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਸਿੱਕਾ ਪਾਏਂਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਵੀਂ ।