੨੪
ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
(ਮਰਕੁਸ 13:1,2; ਲੂਕਾ 21:5,6)
੧ ਯਿਸੂ ਹੈਕਲ ਵਿੱਚੋਂ ਬਾਹਰ ਨਿੱਕਲ ਕੇ ਜਾ ਰਿਹਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਤਾਂ ਕਿ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ । ੨ ਪਰ ਉਸ ਨੇ ਅੱਗੋਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜੋ ਡੇਗਿਆ ਨਾ ਜਾਵੇ ।
ਸੰਕਟ ਅਤੇ ਕਲੇਸ਼
(ਮਰਕੁਸ 13:3-13; ਲੂਕਾ 21:7-19)
੩ ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਜੁੱਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ ? ੪ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ । ੫ ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ । ੬ ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ । ਸਾਵਧਾਨ ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ । ੭ ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ । ੮ ਪਰ ਇਹ ਸਭ ਕੁੱਝ ਪੀੜਾਂ ਦਾ ਅਰੰਭ ਹੈ । ੯ ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ । ੧੦ ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ । ੧੧ ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ । ੧੨ ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ । ੧੩ ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ । ੧੪ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ ।
ਮਹਾਂ ਸੰਕਟ ਦਾ ਅਰੰਭ
(ਮਰਕੁਸ 13:14-23; ਲੂਕਾ 21:20-24)
੧੫ ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋਗੇ ( ਪੜ੍ਹਨ ਵਾਲਾ ਸਮਝ ਲਵੇ ) ੧੬ ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ । ੧੭ ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ । ੧੮ ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ । ੧੯ ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ! ੨੦ ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ । ੨੧ ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ । ੨੨ ਅਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ । ੨੩ ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ । ੨੪ ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭਰਮਾ ਲੈਂਦੇ । ੨੫ ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ । ੨੬ ਇਸ ਲਈ ਜੇ ਉਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ । ਵੇਖੋ ਮਸੀਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਚ ਨਾ ਮੰਨਣਾ । ੨੭ ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ । ੨੮ ਜਿੱਥੇ ਲੋਥ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
(ਮਰਕੁਸ 13:24-27; ਲੂਕਾ 21:25-28)
੨੯ ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਬਾਅਦ ਸੂਰਜ ਝੱਟ ਹਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ । ੩੦ ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ । ੩੧ ਅਤੇ ਉਹ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਚਾਰੇ ਪਾਸਿਓਂ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ ।
ਹੰਜ਼ੀਰ ਦੇ ਦਰੱਖਤ ਦੀ ਉਦਾਹਰਣ
(ਮਰਕੁਸ 13:28-31; ਲੂਕਾ 21:29-33)
੩੨ ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ । ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ । ੩੩ ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁੱਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ । ੩੪ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ । ੩੫ ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ ।
ਜਾਗਦੇ ਰਹੋ
(ਮਰਕੁਸ 13:32-37; ਲੂਕਾ 17:26-30,34-36)
੩੬ ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ । ੩੭ ਅਤੇ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ । ੩੮ ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ । ੩੯ ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ੍ਹ ਕੇ ਲੈ ਗਈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ । ੪੦ ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ । ੪੧ ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ । ੪੨ ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ । ੪੩ ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ । ੪੪ ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ ।
ਵਫ਼ਾਦਾਰ ਅਤੇ ਦੁਸ਼ਟ ਨੌਕਰ
(ਲੂਕਾ 12:41-48)
੪੫ ਉਪਰੰਤ ਉਹ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਉੱਤੇ ਪ੍ਰਧਾਨ ਠਹਿਰਾਇਆ ਕਿ ਵੇਲੇ ਸਿਰ ਉਨ੍ਹਾਂ ਨੂੰ ਭੋਜਣ ਦੇਵੇ ? ੪੬ ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ, ਅਜਿਹਾ ਹੀ ਕਰਦਿਆਂ ਵੇਖੇ । ੪੭ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ । ੪੮ ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ੪੯ ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ । ੫੦ ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ, ਉਸ ਨੌਕਰ ਦਾ ਮਾਲਕ ਆਵੇਗਾ । ੫੧ ਅਤੇ ਉਹ ਨੂੰ ਦੋ ਟੁੱਕੜੇ ਕਰ ਦੇਵੇਗਾ ਅਤੇ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ । ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ।