ਨਾਸਰਤ ਵਿੱਚ ਯਿਸੂ ਦਾ ਨਿਰਾਦਰ
(ਮੱਤੀ 13:53-58; ਲੂਕਾ 4:16-30)
੧ ਫਿਰ ਪ੍ਰਭੂ ਯਿਸੂ ਉੱਥੋਂ ਤੁਰ ਕੇ ਆਪਣੇ ਦੇਸ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ । ੨ ਜਦੋਂ ਸਬਤ ਦਾ ਦਿਨ ਆਇਆ ਤਾਂ ਪ੍ਰਭੂ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇਣ ਲੱਗੇ ਅਤੇ ਬਹੁਤੇ ਸੁਣ ਕੇ ਹੈਰਾਨ ਹੋਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ? ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ? ਅਤੇ ਇਹ ਕਿਹੋ ਜਿਹੇ ਚਮਤਕਾਰ ਹਨ ਜੋ ਉਹ ਦੇ ਹੱਥੋਂ ਹੁੰਦੇ ਹਨ ? ੩ ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾਹ ਅਤੇ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ ? ਸੋ ਉਨ੍ਹਾਂ ਨੇ ਇਸ ਗੱਲ ਤੋਂ ਠੋਕਰ ਖਾਧੀ । ੪ ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਤੇ ਆਦਰ ਹੁੰਦਾ ਹੈ । ੫ ਅਤੇ ਉਹ ਉੱਥੇ ਕੋਈ ਚਮਤਕਾਰ ਨਾ ਵਿਖਾ ਸਕਿਆ ਪਰ ਥੋੜ੍ਹੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ । ੬ ਅਤੇ ਪ੍ਰਭੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਹੋਇਆ ਅਤੇ ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਰਿਹਾ ।
ਬਾਰਾਂ ਚੇਲਿਆਂ ਨੂੰ ਭੇਜਣਾ
(ਮੱਤੀ 10:5-15; ਲੂਕਾ 9:1-6)
੭ ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਸ ਨੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ । ੮ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਰਾਹ ਦੇ ਲਈ ਲਾਠੀ ਤੋਂ ਬਿਨ੍ਹਾਂ ਹੋਰ ਕੁੱਝ ਨਾ ਲਓ, ਨਾ ਰੋਟੀ, ਨਾ ਝੋਲਾ, ਅਤੇ ਨਾ ਜੇਬ ਵਿੱਚ ਪੈਸੇ ੯ ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਲਵੋਂ । ੧੦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿੰਨਾਂ ਚਿਰ ਉੱਥੋਂ ਨਾ ਤੁਰੋ, ਉੱਥੇ ਹੀ ਟਿਕੋ । ੧੧ ਪਰ ਜਿਸ ਨਗਰ ਦੇ ਲੋਕ ਤੁਹਾਨੂੰ ਕਬੂਲ ਨਾ ਕਰਨ ਅਤੇ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿੱਕਲ ਕੇ ਉਨ੍ਹਾਂ ਉੱਤੇ ਗਵਾਹੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ । ੧੨ ਤਾਂ ਉਹ ਬਾਹਰ ਜਾ ਕੇ ਪਰਚਾਰ ਕਰਨ ਲੱਗੇ ਜੋ ਆਪਣਿਆਂ ਪਾਪਾਂ ਤੋਂ ਤੋਬਾ ਕਰੋ । ੧੩ ਅਤੇ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
(ਮੱਤੀ 14:1-12; ਲੂਕਾ 9:7-9)
੧੪ ਅਤੇ ਜਦੋਂ ਰਾਜਾ ਹੇਰੋਦੇਸ ਨੇ ਪ੍ਰਭੂ ਯਿਸੂ ਦੀ ਚਰਚਾ ਸੁਣੀ, ਕਿਉਂ ਜੋ ਉਹ ਦਾ ਨਾਮ ਬਹੁਤ ਫੈਲ ਗਿਆ ਸੀ । ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਇਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ ! ੧੫ ਪਰ ਕਈਆਂ ਨੇ ਆਖਿਆ ਉਹ ਏਲੀਯਾਹ ਹੈ, ਅਤੇ ਦੂਜਿਆਂ ਨੇ ਕਿਹਾ ਕਿ ਇਹ ਇੱਕ ਨਬੀ ਹੈ, ਪਰ ਕਈਆਂ ਨੇ ਆਖਿਆ ਨਬੀਆਂ ਵਰਗਾ । ੧੬ ਪਰ ਹੇਰੋਦੇਸ ਨੇ ਸੁਣ ਕੇ ਕਿਹਾ, ਯੂਹੰਨਾ ਜਿਸ ਦਾ ਸਿਰ ਮੈਂ ਵਢਵਾਇਆ ਸੀ ਉਹੋ ਜੀ ਉੱਠਿਆ ਹੈ । ੧੭ ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਨੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ । ੧੮ ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਆਖਿਆ ਸੀ ਕਿ ਆਪਣੇ ਭਰਾ ਦੀ ਪਤਨੀ ਦਾ ਰੱਖਣਾ ਤੇਰੇ ਲਈ ਠੀਕ ਨਹੀਂ । ੧੯ ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਉਸਦਾ ਵੱਸ ਨਹੀਂ ਸੀ ਚੱਲਦਾ । ੨੦ ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਸ ਨੂੰ ਬਚਾਈ ਰੱਖਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧਾ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਸ ਦੀ ਸੁਣਦਾ ਸੀ । ੨੧ ਅਤੇ ਦਾਵਤ ਦਾ ਦਿਨ ਆ ਪਹੁੰਚਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਹੀਸਾਂ ਲਈ ਦਾਵਤ ਕੀਤੀ । ੨੨ ਅਤੇ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਤੇ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੇਰੇ ਕੋਲੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ । ੨੩ ਅਤੇ ਉਹ ਦੇ ਅੱਗੇ ਸਹੁੰ ਖਾਧੀ ਕਿ ਜੋ ਕੁੱਝ ਤੂੰ ਮੇਰੇ ਕੋਲੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੱਕ ਵੀ ਤੈਨੂੰ ਦਿਆਂਗਾ । ੨੪ ਤਦ ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ! ੨੫ ਤਦ ਉਹ ਫੁਰਤੀ ਨਾਲ ਉਸੇ ਸਮੇਂ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦਿਓ ! ੨੬ ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖ਼ਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ । ੨੭ ਤਾਂ ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਯੂਹੰਨਾ ਦਾ ਸਿਰ ਲਿਆਏ । ਤਦ ਉਹ ਨੇ ਜਾ ਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ । ੨੮ ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਤੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦੇ ਦਿੱਤਾ । ੨੯ ਅਤੇ ਉਹ ਦੇ ਚੇਲੇ ਇਹ ਸੁਣ ਕੇ ਆਏ ਅਤੇ ਉਹ ਦੀ ਲੋਥ ਨੂੰ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ ।
ਯਿਸੂ ਪੰਜ ਹਜ਼ਾਰ ਨੂੰ ਰਜਾਉਂਦਾ ਹੈ
(ਮੱਤੀ 14:15-21; ਲੂਕਾ 9:11-17; ਯੂਹੰਨਾ 6:1-14)
੩੦ ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁੱਝ ਉਨ੍ਹਾਂ ਨੇ ਕੀਤਾ ਅਤੇ ਜੋ ਉਪਦੇਸ਼ ਦਿੱਤਾ ਸੀ ਸਭ ਉਸ ਨੂੰ ਦੱਸਿਆ । ੩੧ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ; ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ ਹੁੰਦਾ । ੩੨ ਸੋ ਉਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚਲੇ ਗਏ । ੩੩ ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇਕੱਠੇ ਦੌੜੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਜਾ ਪਹੁੰਚੇ । ੩੪ ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਉਹ ਉਨ੍ਹਾਂ ਭੇਡਾਂ ਵਾਗੂੰ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ । ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ । ੩੫ ਅਤੇ ਜਦੋਂ ਦਿਨ ਬਹੁਤ ਢੱਲ਼ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢੱਲ਼ ਗਿਆ । ੩੬ ਇਨ੍ਹਾਂ ਨੂੰ ਵਿਦਿਆ ਕਰ ਤਾਂ ਜੋ ਉਹ ਆਲੇ-ਦੁਆਲੇ ਦਿਆਂ ਨਗਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਕੁੱਝ ਮੁੱਲ ਲੈ ਆਉਣ । ੩੭ ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ ? ੩੮ ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ? ਜਾਓ ਵੇਖੋ । ਤਾਂ ਉਨ੍ਹਾਂ ਨੇ ਪਤਾ ਕਰ ਕੇ ਕਿਹਾ ਕਿ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ । ੩੯ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸਭਨਾਂ ਨੂੰ ਹਰੇ ਘਾਹ ਉੱਤੇ ਇੱਕ ਸਾਰ ਬਿਠਾ ਦਿਉ । ੪੦ ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਕਰ ਕੇ ਬੈਠ ਗਏ । ੪੧ ਤਾਂ ਪ੍ਰਭੂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਵੱਲ ਵੇਖਿਆ ਅਤੇ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦੇ ਗਏ ਕਿ ਉਹ ਲੋਕਾਂ ਨੂੰ ਪਰੋਸਣ ਅਤੇ ਦੋਵੇਂ ਮੱਛੀਆਂ ਵੀ ਉਨ੍ਹਾਂ ਨੇ ਸਭਨਾਂ ਵਿੱਚ ਵੰਡੀਆਂ । ੪੨ ਤਾਂ ਉਹ ਸਾਰੇ ਖਾ ਕੇ ਰੱਜ ਗਏ । ੪੩ ਅਤੇ ਉਨ੍ਹਾਂ ਦੇ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉੱਠਾਈਆਂ ਅਤੇ ਕੁੱਝ ਮੱਛੀਆਂ ਵਿੱਚੋਂ ਵੀ ਉੱਠਾਈਆਂ । ੪੪ ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ ।
ਯਿਸੂ ਪਾਣੀ ਉੱਤੇ ਚੱਲਦਾ ਹੈ
(ਮੱਤੀ 14:22-33; ਲੂਕਾ 6:15-21)
੪੫ ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਉਸ ਪਾਰ ਬੈਤਸੈਦਾ ਨੂੰ ਚਲੇ ਜਾਵੋ । ੪੬ ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ । ੪੭ ਅਤੇ ਜਦੋਂ ਸ਼ਾਮ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ, ਅਤੇ ਉਹ ਇਕੱਲਾ ਹੀ ਕਿਨਾਰੇ ਉੱਤੇ ਸੀ । ੪੮ ਜਦੋਂ ਉਸ ਨੇ ਉਨ੍ਹਾਂ ਨੂੰ ਬੇੜੀ ਸੰਭਾਲਣ ਵਿੱਚ ਔਖੇ ਵੇਖਿਆ, ਕਿਉਂ ਜੋ ਹਵਾ ਉਨ੍ਹਾਂ ਦੇ ਵਿਰੋਧ ਵਿੱਚ ਸੀ, ਤਾਂ ਰਾਤ ਦੇ ਚੋਥੇ ਪਹਿਰ ਦੇ ਨੇੜੇ, ਉਹ ਆਪ ਝੀਲ ਦੇ ਉੱਤੇ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣਾ ਚਾਹੁੰਦਾ ਸੀ । ੪੯ ਪਰ ਜਦੋਂ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤ ਸਮਝ ਕੇ ਉੱਚੀ ਅਵਾਜ਼ ਨਾਲ ਚਿੱਲਾ ਉੱਠੇ । ੫੦ ਕਿਉਂਕਿ ਉਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਤੁਰੰਤ ਉਨ੍ਹਾਂ ਦੇ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ ! ੫੧ ਤਦ ਪ੍ਰਭੂ ਯਿਸੂ ਬੇੜੀ ਉੱਤੇ ਉਨ੍ਹਾਂ ਕੋਲ ਆਏ ਅਤੇ ਤੂਫ਼ਾਨ ਉਸੇ ਵੇਲੇ ਥੰਮ੍ਹ ਗਿਆ । ਤਦ ਉਹ ਆਪਣੇ ਆਪ ਵਿੱਚ ਬੜੇ ਹੈਰਾਨ ਹੋਏ । ੫੨ ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਮਨ ਕਠੋਰ ਹੋ ਗਏ ਸਨ ।
ਗਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਨਾ
(ਮੱਤੀ 14:34-36)
੫੩ ਫੇਰ ਉਹ ਪਾਰ ਲੰਘ ਕੇ ਗਨੇਸਰਤ ਦੀ ਧਰਤੀ ਉੱਤੇ ਉੱਤਰੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ । ੫੪ ਜਦੋਂ ਉਹ ਬੇੜੀ ਉੱਤੋਂ ਉੱਤਰੇ ਤਾਂ ਲੋਕਾਂ ਨੇ ਪ੍ਰਭੂ ਯਿਸੂ ਨੂੰ ਝੱਟ ਸਿਆਣ ਲਿਆ । ੫੫ ਤਾਂ ਉਹ ਸਾਰੇ ਲੋਕ ਆਲੇ-ਦੁਆਲੇ ਦੇ ਨਗਰਾਂ ਵਿੱਚ ਦੌੜੇ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਉੱਥੇ ਹੈ, ਰੋਗੀਆਂ ਨੂੰ ਉਸ ਦੇ ਕੋਲ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ । ੫੬ ਅਤੇ ਪ੍ਰਭੂ ਯਿਸੂ ਜਿੱਥੇ ਕਿਤੇ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦੇ ਸਨ, ਅਤੇ ਲੋਕ ਉੱਥੇ ਹੀ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਆਪਣੇ ਕੱਪੜੇ ਦਾ ਪੱਲਾ ਹੀ ਉਨ੍ਹਾ ਨੂੰ ਛੂਹਣ ਦੇਵੇ ਅਤੇ ਜਿੰਨਿਆਂ ਨੇ ਉਸ ਨੂੰ ਛੂਹਿਆ ਸੋ ਚੰਗੇ ਹੋ ਗਏ ।