੧ ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ ।
ਯਿਸੂ ਦੇ ਰੂਪ ਦਾ ਜਲਾਲੀ ਹੋ ਜਾਣਾ
(ਮੱਤੀ 17:1-13; ਲੂਕਾ 9:28-36)
੨ ਅਤੇ ਛੇ ਦਿਨਾਂ ਪਿੱਛੋਂ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਅਲੱਗ ਲੈ ਗਿਆ ਅਤੇ ਉਸ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ । ੩ ਅਤੇ ਉਹ ਦੇ ਕੱਪੜੇ ਚਮਕਣ ਲੱਗੇ ਅਤੇ ਅਜਿਹੇ ਚਿੱਟੇ ਹੋ ਗਏ ਕਿ ਸੰਸਾਰ ਵਿੱਚ ਕੋਈ ਵੀ ਧੋਬੀ ਓਹੋ ਜਿਹੇ ਚਿੱਟੇ ਨਹੀਂ ਕਰ ਸਕਦਾ । ੪ ਅਤੇ ਮੂਸਾ ਦੇ ਨਾਲ ਏਲੀਯਾਹ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਉਹ ਯਿਸੂ ਨਾਲ ਗੱਲਾਂ ਕਰਦੇ ਸਨ । ੫ ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਗੁਰੂ ਜੀ, ਸਾਡਾ ਐਥੇ ਰਹਿਣਾ ਚੰਗਾ ਹੈ, ਇਸ ਲਈ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਦੇ ਲਈ ਅਤੇ ਇੱਕ ਏਲੀਯਾਹ ਲਈ । ੬ ਕਿਉਂ ਜੋ ਉਹ ਨਹੀਂ ਜਾਣਦਾ ਸੀ ਜੋ ਕੀ ਉੱਤਰ ਦੇਵੇ, ਇਸ ਲਈ ਜੋ ਉਹ ਬਹੁਤ ਡਰ ਗਏ ਸਨ । ੭ ਤਾਂ ਇੱਕ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਉਹ ਦੀ ਸੁਣੋ । ੮ ਅਤੇ ਉਨ੍ਹਾਂ ਨੇ ਅਚਾਨਕ ਚੁਫ਼ੇਰੇ ਨਜ਼ਰ ਕੀਤੀ, ਫੇਰ ਹੋਰ ਕਿਸੇ ਨੂੰ ਨਹੀਂ ਪਰ ਪ੍ਰਭੂ ਯਿਸੂ ਨੂੰ ਇਕੱਲਾ ਹੀ ਆਪਣੇ ਨਾਲ ਵੇਖਿਆ ।
੯ ਜਦੋਂ ਉਹ ਪਹਾੜੋਂ ਉੱਤਰੇ ਆਉਂਦੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਤਦ ਤੱਕ ਜੋ ਕੁੱਝ ਤੁਸੀਂ ਵੇਖਿਆ ਕਿਸੇ ਨੂੰ ਨਾ ਦੱਸਣਾ । ੧੦ ਅਤੇ ਉਹ ਉਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਜੇ ਨਾਲ ਚਰਚਾ ਕਰਨ ਲੱਗੇ ਜੋ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ ? ੧੧ ਅਤੇ ਉਨ੍ਹਾਂ ਨੇ ਉਸ ਅੱਗੇ ਅਰਜ਼ ਕੀਤੀ ਕਿ ਉਪਦੇਸ਼ਕ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ? ੧੨ ਉਸ ਨੇ ਉਨ੍ਹਾਂ ਨੂੰ ਉਤਰ ਦਿੱਤਾ ਕਿ ਏਲੀਯਾਹ ਤਾਂ ਠੀਕ ਪਹਿਲਾਂ ਆਣ ਕੇ ਸਭ ਕੁੱਝ ਬਹਾਲ ਕਰੇਗਾ, ਪਰ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਇਹ ਕਿਉਂ ਲਿਖਿਆ ਹੈ ਜੋ ਉਹ ਬਹੁਤ ਦੁੱਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ ? ੧੩ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ, ਨਾਲੇ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ, ਉਨ੍ਹਾਂ ਨੇ ਉਹ ਦੇ ਨਾਲ ਜੋ ਚਾਹਿਆ ਸੋਈ ਕੀਤਾ ।
ਦੁਸ਼ਟ-ਆਤਮਾ ਦੇ ਜਕੜੇ ਹੋਏ ਮੁੰਡੇ ਨੂੰ ਚੰਗਾ ਕਰਨਾ
(ਮੱਤੀ 17:14-21; ਲੂਕਾ 9:37-43)
੧੪ ਜਦੋਂ ਪ੍ਰਭੂ ਯਿਸੂ ਚੇਲਿਆਂ ਦੇ ਕੋਲ ਆਏ ਤਾਂ ਉਨ੍ਹਾਂ ਦੇ ਚੁਫ਼ੇਰੇ ਵੱਡੀ ਭੀੜ ਅਤੇ ਉਨ੍ਹਾਂ ਨਾਲ ਉਪਦੇਸ਼ਕਾਂ ਨੂੰ ਵਾਦ-ਵਿਵਾਦ ਕਰਦੇ ਵੇਖਿਆ । ੧੫ ਅਤੇ ਝੱਟ ਸਾਰੀ ਭੀੜ ਉਹ ਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕ ਉਸ ਦੇ ਕੋਲ ਭੱਜੇ ਅਤੇ ਉਸਦਾ ਸਵਾਗਤ ਕੀਤਾ । ੧੬ ਤਦ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਇਨ੍ਹਾਂ ਨਾਲ ਕੀ ਸਵਾਲ-ਜ਼ਵਾਬ ਕਰਦੇ ਹੋ ? ੧੭ ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹ ਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ, ਤੇਰੇ ਕੋਲ ਲਿਆਇਆ ਹਾਂ । ੧੮ ਅਤੇ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ, ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ । ੧੯ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਅਵਿਸ਼ਵਾਸੀ ਲੋਕੋ, ਮੈਂ ਕਦ ਤੱਕ ਤੁਹਾਡੇ ਨਾਲ ਰਹਾਂਗਾ ? ਅਤੇ ਕਦ ਤੱਕ ਤੁਹਾਡੀ ਸਹਾਂਗਾ ? ਉਹ ਨੂੰ ਮੇਰੇ ਕੋਲ ਲਿਆਓ ! ੨੦ ਉਹ ਉਸ ਨੂੰ ਪ੍ਰਭੂ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਉਸ ਨੇ ਉਹ ਨੂੰ ਵੇਖਿਆ ਤਾਂ ਦੁਸ਼ਟ ਆਤਮਾ ਨੇ ਉਸੇ ਸਮੇਂ ਉਹ ਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਸਮੇਂ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ । ੨੧ ਉਸ ਨੇ ਉਹ ਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ । ੨੨ ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁੱਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ । ੨੩ ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ ! ਵਿਸ਼ਵਾਸ ਕਰਨ ਵਾਲਿਆ ਦੇ ਲਈ ਸੱਭੋ ਕੁੱਝ ਹੋ ਸਕਦਾ ਹੈ । ੨੪ ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ ! ੨੫ ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਮੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ ! ੨੬ ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ ! ੨੭ ਪਰ ਯਿਸੂ ਨੇ ਉਹ ਦਾ ਹੱਥ ਫੜ੍ਹ ਕੇ ਉਹ ਨੂੰ ਉੱਠਾ ਲਿਆ ਅਤੇ ਉਹ ਉੱਠ ਖੜ੍ਹਾ ਹੋਇਆ । ੨੮ ਜਦੋਂ ਪ੍ਰਭੂ ਯਿਸੂ ਘਰ ਵਿੱਚ ਆਏ ਤਾਂ ਉਹ ਦੇ ਚੇਲਿਆਂ ਨੇ ਇਕਾਂਤ ਵਿੱਚ ਉਹ ਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ ? ੨੯ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ ।
ਯਿਸੂ ਦੂਸਰੀ ਬਾਰ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 17:22,23; ਲੂਕਾ 9:43-45)
੩੦ ਫੇਰ ਉਹ ਉੱਥੋਂ ਤੁਰ ਪਏ, ਅਤੇ ਗਲੀਲ ਵਿੱਚੋਂ ਦੀ ਲੰਘ ਗਏ ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖ਼ਬਰ ਹੋਵੇ । ੩੧ ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਉਂਦਾ ਅਤੇ ਉਨ੍ਹਾਂ ਨੂੰ ਕਹਿੰਦਾ ਸੀ ਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ, ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨ ਦਿਨ ਪਿੱਛੋਂ ਉਹ ਫਿਰ ਜੀ ਉੱਠੇਗਾ । ੩੨ ਉਨ੍ਹਾਂ ਨੇ ਇਹ ਗੱਲ ਨਾ ਸਮਝੀ ਪਰ ਉਹ ਦੇ ਪੁੱਛਣ ਤੋਂ ਡਰਦੇ ਸਨ ।
ਸਭ ਤੋਂ ਵੱਡਾ ਕੌਣ ਹੈ ?
(ਮੱਤੀ 18:1-5; ਲੂਕਾ 9:46-48)
੩੩ ਫੇਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਜਦੋਂ ਉਹ ਘਰ ਵਿੱਚ ਸੀ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਰਾਹ ਵਿੱਚ ਕੀ ਗੱਲਬਾਤ ਕਰਦੇ ਸੀ ? ੩੪ ਪਰ ਉਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਜੇ ਨਾਲ ਇਹ ਬਹਿਸ ਕੀਤੀ ਸੀ, ਜੋ ਸਾਡੇ ਵਿੱਚੋਂ ਵੱਡਾ ਕੌਣ ਹੈ ? ੩੫ ਫੇਰ ਉਹ ਨੇ ਬੈਠ ਕੇ ਉਨ੍ਹਾਂ ਬਾਰਾਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਕਿਹਾ, ਜੇ ਕੋਈ ਵੱਡਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਛੋਟਾ ਅਤੇ ਸਭਨਾਂ ਦਾ ਸੇਵਕ ਬਣੇ । ੩੬ ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ । ਫੇਰ ਉਸ ਨੂੰ ਗੋਦੀ ਚੁੱਕ ਕੇ ਉਨ੍ਹਾਂ ਨੂੰ ਕਿਹਾ, ੩੭ ਜੋ ਕੋਈ ਮੇਰੇ ਨਾਮ ਕਰ ਕੇ ਅਜਿਹੀਆਂ ਬਾਲਕ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ।
ਜਿਹੜਾ ਵਿਰੋਧ ਵਿੱਚ ਨਹੀਂ ਉਹ ਨਾਲ ਹੈ
(ਲੂਕਾ 9:49,50)
੩੮ ਯੂਹੰਨਾ ਨੇ ਉਸ ਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ । ੩੯ ਪਰ ਯਿਸੂ ਨੇ ਉਨ੍ਹਾ ਨੂੰ ਕਿਹਾ, ਉਹ ਨੂੰ ਨਾ ਰੋਕੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਚਮਤਕਾਰ ਕਰੇ ਅਤੇ ਛੇਤੀ ਮੈਨੂੰ ਬੁਰਾ ਕਹਿ ਸਕੇ । ੪੦ ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ । ੪੧ ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਗਿਲਾਸ ਪਾਣੀ ਦਾ ਪੀਣ ਨੂੰ ਦੇਵੇ ਇਸ ਕਰ ਕੇ ਜੋ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾਏ ਬਿਨ੍ਹਾਂ ਕਦੇ ਨਾ ਰਹੇਗਾ ।
ਠੋਕਰ ਦਾ ਕਾਰਨ ਬਣਨਾ
(ਮੱਤੀ 18:6-9; ਲੂਕਾ 17:1,2)
੪੨ ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੋ ਚੱਕੀ ਦਾ ਪੁੜ ਉਹ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ! ੪੩ ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ । ੪੪ ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ । ੪੫ ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ । ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ । ੪੬ ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ । ੪੭ ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ । ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ । ੪੮ ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ । ੪੯ ਕਿਉਂਕਿ ਹਰ ਇੱਕ ਜਨ ਅੱਗ ਨਾਲ ਸਲੂਣਾ ਕੀਤਾ ਜਾਵੇਗਾ । ੫੦ ਲੂਣ ਚੰਗਾ ਹੈ, ਪਰ ਜੇ ਲੂਣ ਬੇਸੁਆਦ ਜੋ ਜਾਏ ਤਾਂ ਤੁਸੀਂ ਉਹ ਨੂੰ ਕਿਵੇਂ ਸਲੂਣਾ ਕਰੋਗੇ ? ਇਸ ਲਈ ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਜੇ ਨਾਲ ਮਿਲੇ ਰਹੋ ।