ਪਾਪ ਦਾ ਇਕਰਾਰ ਕਰਨਾ
੧ ਫਿਰ ਉਸੇ ਮਹੀਨੇ ਦੀ ਚੌਵੀ ਤਾਰੀਖ਼ ਨੂੰ ਇਸਰਾਏਲੀ ਵਰਤ ਰੱਖ ਕੇ, ਤੱਪੜ ਪਾ ਕੇ ਅਤੇ ਆਪਣੇ ਸਿਰਾਂ ਉੱਤੇ ਸੁਆਹ ਪਾ ਕੇ ਇੱਕਠੇ ਹੋ ਗਏ । ੨ ਤਦ ਇਸਰਾਏਲ ਦੇ ਵੰਸ਼ ਦੇ ਲੋਕਾਂ ਨੇ ਸਾਰੀਆਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ ਅਤੇ ਖੜ੍ਹੇ ਹੋ ਕੇ ਆਪਣਿਆਂ ਪਾਪਾਂ ਦਾ ਅਤੇ ਆਪਣੇ ਪਿਉ-ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ । ੩ ਤਦ ਉਹ ਆਪਣੇ-ਆਪਣੇ ਸਥਾਨ ਤੇ ਖੜ੍ਹੇ ਹੋ ਕੇ ਦਿਨ ਦੇ ਇੱਕ ਪਹਿਰ ਤੱਕ ਆਪਣੇ ਪਰਮੇਸ਼ੁਰ ਯਹੋਵਾਹ ਦੀ ਬਿਵਸਥਾ ਦੀ ਪੁਸਤਕ ਨੂੰ ਪੜ੍ਹਦੇ ਰਹੇ ਅਤੇ ਦੂਸਰੇ ਪਹਿਰ ਆਪਣੇ ਪਾਪਾਂ ਦਾ ਇਕਰਾਰ ਕਰਦੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਰਹੇ ।
੪ ਤਦ ਲੇਵੀਆਂ ਵਿੱਚੋਂ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ, ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੱਤੀ । ੫ ਫਿਰ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਯਾਹ ਲੇਵੀਆਂ ਨੇ ਕਿਹਾ, “ਖੜ੍ਹੇ ਹੋਵੋ, ਆਪਣੇ ਪਰਮੇਸ਼ੁਰ ਯਹੋਵਾਹ ਨੂੰ ਜੁੱਗੋ-ਜੁੱਗ ਮੁਬਾਰਕ ਆਖੋ । ਤੇਰਾ ਪ੍ਰਤਾਪੀ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਤੋਂ ਉੱਚਾ ਹੈ !”
ਪਾਪ ਇਕਰਾਰ ਦੀ ਪ੍ਰਾਰਥਨਾ
੬ “ਤੂੰ, ਹਾਂ ਤੂੰ ਹੀ ਕੇਵਲ ਇੱਕ ਯਹੋਵਾਹ ਹੈਂ, ਤੂੰ ਸਵਰਗ ਸਗੋਂ ਸਭ ਤੋਂ ਉੱਚੇ ਸਵਰਗ ਅਤੇ ਉਨ੍ਹਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਸਵਰਗ ਦੀ ਸਾਰੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ ੭ ਤੂੰ ਉਹ ਯਹੋਵਾਹ ਪਰਮੇਸ਼ੁਰ ਹੈਂ, ਜਿਸ ਨੇ ਅਬਰਾਮ ਨੂੰ ਚੁਣ ਕੇ ਕਸਦੀਆਂ ਦੇ ਊਰ ਨਗਰ ਵਿੱਚੋਂ ਕੱਢ ਲਿਆ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ, ੮ ਤੂੰ ਉਸ ਦਾ ਮਨ ਆਪਣੇ ਸਨਮੁਖ ਵਿਸ਼ਵਾਸਯੋਗ ਪਾਇਆ ਅਤੇ ਉਸ ਦੇ ਨਾਲ ਨੇਮ ਬੰਨ੍ਹਿਆ ਕਿ ਮੈਂ ਤੇਰੇ ਵੰਸ਼ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ੀਆਂ, ਯਬੂਸੀਆਂ ਅਤੇ ਗਿਰਗਸ਼ੀਆਂ ਦਾ ਦੇਸ਼ ਦਿਆਂਗਾ, ਅਤੇ ਤੂੰ ਆਪਣਾ ਬਚਨ ਪੂਰਾ ਕੀਤਾ ਹੈ ਕਿਉਂ ਜੋ ਤੂੰ ਧਰਮੀ ਹੈਂ ।
੯ ਤੂੰ ਸਾਡੇ ਪਿਉ-ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਨੂੰ ਸੁਣਿਆ । ੧੦ ਤੂੰ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਨਿਸ਼ਾਨ ਅਤੇ ਅਚਰਜ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੀ ਕਿ ਮਿਸਰੀ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਉ ਕਰਦੇ ਸਨ, ਇਸ ਲਈ ਤੂੰ ਆਪਣੇ ਲਈ ਇੱਕ ਅਜਿਹਾ ਵੱਡਾ ਨਾਮ ਬਣਾਇਆ, ਜਿਵੇਂ ਅੱਜ ਦੇ ਦਿਨ ਹੈ । ੧੧ ਤੂੰ ਉਨ੍ਹਾਂ ਦੇ ਅੱਗੇ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਉਹ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਧਰਤੀ ਉੱਤੋਂ ਪਾਰ ਲੰਘ ਗਏ, ਅਤੇ ਜੋ ਉਨ੍ਹਾਂ ਦਾ ਪਿੱਛਾ ਕਰਦੇ ਸਨ, ਉਨ੍ਹਾਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ । ੧੨ ਫਿਰ ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਹੋ ਕੇ ਉਨ੍ਹਾਂ ਦੀ ਅਗਵਾਈ ਕੀਤੀ ਕਿ ਜਿਸ ਰਾਹ ਵਿੱਚ ਉਨ੍ਹਾਂ ਨੂੰ ਚੱਲਣਾ ਸੀ, ਉਸ ਵਿੱਚ ਉਨ੍ਹਾਂ ਲਈ ਚਾਨਣ ਹੋਵੇ । ੧੩ ਫਿਰ ਤੂੰ ਸੀਨਈ ਪਹਾੜ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਨ੍ਹਾਂ ਨੂੰ ਦਿੱਤੇ । ੧੪ ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਤੋਂ ਜਾਣੂ ਕਰਾਇਆ ਅਤੇ ਆਪਣੇ ਦਾਸ ਮੂਸਾ ਦੇ ਰਾਹੀਂ ਹੁਕਮ, ਬਿਧੀਆਂ ਅਤੇ ਬਿਵਸਥਾ ਉਨ੍ਹਾਂ ਨੂੰ ਦਿੱਤੀ । ੧੫ ਉਨ੍ਹਾਂ ਦੀ ਭੁੱਖ ਮਿਟਾਉਣ ਲਈ ਤੂੰ ਸਵਰਗ ਤੋਂ ਰੋਟੀ ਦਿੱਤੀ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਚੱਟਾਨ ਵਿੱਚੋਂ ਪਾਣੀ ਕੱਢਿਆ, ਅਤੇ ਉਨ੍ਹਾਂ ਨੂੰ ਕਿਹਾ ਕਿ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ ਖਾਧੀ ਹੈ, ਉਸ ਉੱਤੇ ਕਬਜ਼ਾ ਕਰਨ ਲਈ ਜਾਓ ।
੧੬ ਪਰ ਉਨ੍ਹਾਂ ਨੇ ਅਤੇ ਸਾਡੇ ਪਿਉ-ਦਾਦਿਆਂ ਨੇ ਹੰਕਾਰ ਕੀਤਾ ਅਤੇ ਢੀਠ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ, ੧੭ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕੀਤਾ ਅਤੇ ਜੋ ਅਚਰਜ ਕੰਮ ਤੂੰ ਉਨ੍ਹਾਂ ਵਿੱਚ ਕੀਤੇ ਸਨ, ਉਨ੍ਹਾਂ ਨੂੰ ਯਾਦ ਨਾ ਰੱਖਿਆ ਪਰ ਢੀਠ ਬਣ ਗਏ ਅਤੇ ਵਿਦਰੋਹੀ ਹੋ ਕੇ ਆਪਣੇ ਲਈ ਇੱਕ ਆਗੂ ਠਹਿਰਾ ਲਿਆ ਤਾਂ ਜੋ ਫਿਰ ਗ਼ੁਲਾਮੀ ਵਿੱਚ ਮੁੜਨ ਪਰ ਤੂੰ ਇੱਕ ਮਾਫ਼ ਕਰਨ ਵਾਲਾ, ਦਿਆਲੂ, ਕਿਰਪਾਲੂ, ਕ੍ਰੋਧ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਪਰਮੇਸ਼ੁਰ ਹੈਂ, ਇਸ ਲਈ ਤੂੰ ਉਨ੍ਹਾਂ ਨੂੰ ਨਹੀਂ ਤਿਆਗਿਆ, ੧੮ ਜਦ ਕਿ ਉਨ੍ਹਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਅਤੇ ਕਿਹਾ, 'ਇਹ ਤੁਹਾਡਾ ਪਰਮੇਸ਼ੁਰ ਹੈ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ !' ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ । ੧੯ ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਨ੍ਹਾਂ ਤੋਂ ਅਲੱਗ ਨਾ ਹੋਇਆ । ੨੦ ਸਗੋਂ, ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਨ੍ਹਾਂ ਨੂੰ ਦਿੱਤਾ ਅਤੇ ਆਪਣਾ ਮੰਨਾ ਉਨ੍ਹਾਂ ਦੇ ਮੂੰਹ ਤੋਂ ਨਾ ਰੋਕਿਆ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਜਲ ਦਿੰਦਾ ਰਿਹਾ । ੨੧ ਚਾਲੀ ਸਾਲ ਤੱਕ ਤੂੰ ਜੰਗਲ ਵਿੱਚ ਉਨ੍ਹਾਂ ਦੀ ਪਾਲਣਾ ਕੀਤੀ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਨ੍ਹਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ । ੨੨ ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਨ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਨ੍ਹਾਂ ਨੇ ਹਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ । ੨੩ ਤੂੰ ਉਨ੍ਹਾਂ ਦੇ ਵੰਸ਼ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦਿੱਤਾ ਜਿਸ ਦੇ ਲਈ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਕਿਹਾ ਸੀ ਕਿ ਉਹ ਉੱਥੇ ਜਾ ਕੇ ਉਸ ਦੇ ਅਧਿਕਾਰੀ ਬਣ ਜਾਣਗੇ । ੨੪ ਇਸ ਤਰ੍ਹਾਂ ਉਨ੍ਹਾਂ ਦਾ ਵੰਸ਼ ਆ ਕੇ ਉਸ ਦੇਸ਼ ਦਾ ਅਧਿਕਾਰੀ ਬਣ ਗਿਆ ਅਤੇ ਤੂੰ ਉਨ੍ਹਾਂ ਦੇ ਅੱਗੇ ਉਸ ਦੇਸ਼ ਦੇ ਵਾਸੀਆਂ ਅਰਥਾਤ ਕਨਾਨੀਆਂ ਨੂੰ ਦਬਾਇਆ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਉਸ ਦੇਸ਼ ਦੀਆਂ ਕੌਮਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਉਨ੍ਹਾਂ ਨਾਲ ਕਰਨ । ੨੫ ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਭੂਮੀ ਨੂੰ ਲੈ ਲਿਆ ਅਤੇ ਸਭ ਪ੍ਰਕਾਰ ਦੀਆਂ ਚੰਗੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਦੇ ਅਤੇ ਪੁੱਟੇ ਹੋਏ ਖੂਹਾਂ ਦੇ ਅਤੇ ਅੰਗੂਰੀ ਬਾਗਾਂ ਦੇ ਅਤੇ ਜ਼ੈਤੂਨ ਦੇ ਬਾਗਾਂ ਅਤੇ ਫਲਾਂ ਨਾਲ ਭਰੇ ਹੋਏ ਰੁੱਖਾਂ ਦੇ ਅਧਿਕਾਰੀ ਹੋ ਗਏ । ਉਹ ਖਾ-ਖਾ ਕੇ ਰੱਜ ਗਏ ਅਤੇ ਤਕੜੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ ।
੨੬ ਪਰ ਉਹ ਤੇਰੇ ਤੋਂ ਬੇਮੁਖ ਹੋ ਕੇ ਵਿਦਰੋਹੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਅਤੇ ਤੇਰੇ ਨਬੀਆਂ ਨੂੰ ਜੋ ਉਨ੍ਹਾਂ ਨੂੰ ਤੇਰੇ ਵੱਲ ਮੁੜਨ ਲਈ ਚਿਤਾਉਣੀ ਦਿੰਦੇ ਸਨ, ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ । ੨੭ ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥ ਦੇ ਵਿੱਚ ਦੇ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਤਾਇਆ, ਫਿਰ ਵੀ ਜਦ ਉਨ੍ਹਾਂ ਨੇ ਦੁੱਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ, ੨੮ ਪਰ ਜਦ ਉਨ੍ਹਾਂ ਨੂੰ ਅਰਾਮ ਮਿਲਿਆ, ਤਦ ਉਨ੍ਹਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ, ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ, ਜੋ ਉਨ੍ਹਾਂ ਦੇ ਉੱਤੇ ਰਾਜ ਕਰਦੇ ਸਨ ਪਰ ਜਦ ਵੀ ਉਹ ਮੁੜ ਕੇ ਤੇਰੀ ਦੁਹਾਈ ਦਿੰਦੇ ਸਨ, ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣਦਾ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ, ੨੯ ਅਤੇ ਤੂੰ ਉਨ੍ਹਾਂ ਨੂੰ ਚਿਤਾਉਣੀ ਦਿੰਦਾ ਸੀ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੀ ਬਿਵਸਥਾ ਵੱਲ ਮੋੜ ਲਿਆਵੇ ਪਰ ਉਨ੍ਹਾਂ ਨੇ ਹੰਕਾਰ ਕੀਤਾ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ ਅਤੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਮਨੁੱਖ ਪੂਰਾ ਕਰੇ ਤਾਂ ਉਨ੍ਹਾਂ ਦੇ ਕਾਰਨ ਜੀਉਂਦਾ ਰਹੇ, ਅਤੇ ਹਠੀਲੇ ਬਣ ਕੇ ਆਪਣੀ ਪਿੱਠ ਤੇਰੇ ਵੱਲ ਮੋੜ ਲਈ ਅਤੇ ਢੀਠ ਹੋ ਗਏ ਅਤੇ ਉਨ੍ਹਾਂ ਨੇ ਨਾ ਸੁਣਿਆ । ੩੦ ਫਿਰ ਵੀ ਤੂੰ ਬਹੁਤ ਸਾਲਾਂ ਤੱਕ ਉਨ੍ਹਾਂ ਨੂੰ ਸਹਿੰਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਲਾਇਆ, ਇਸ ਲਈ ਤੂੰ ਉਨ੍ਹਾਂ ਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ । ੩੧ ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਹੋਣ ਲਈ ਨਹੀਂ ਛੱਡਿਆ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ ।
੩੨ ਹੁਣ ਹੇ ਸਾਡੇ ਪਰਮੇਸ਼ੁਰ ! ਤੂੰ ਜੋ ਵੱਡਾ ਅਤੇ ਬਲਵੰਤ ਅਤੇ ਭੈ ਯੋਗ ਪਰਮੇਸ਼ੁਰ ਹੈ ਅਤੇ ਆਪਣੇ ਨੇਮ ਦੀ ਪਾਲਣਾ ਕਰਦਾ ਅਤੇ ਦਯਾ ਕਰਦਾ ਹੈਂ, ਇਹ ਸਾਰਾ ਕਸ਼ਟ ਜਿਹੜਾ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੇ ਉੱਤੇ ਅਤੇ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਜਾਜਕਾਂ, ਸਾਡੇ ਨਬੀਆਂ, ਸਾਡੇ ਪਿਉ-ਦਾਦਿਆਂ ਅਤੇ ਤੇਰੀ ਸਾਰੀ ਪਰਜਾ ਉੱਤੇ ਬੀਤਿਆ ਹੈ, ਉਹ ਤੇਰੇ ਸਨਮੁਖ ਮਾਮੂਲੀ ਨਾ ਜਾਣਿਆ ਜਾਵੇ, ੩੩ ਤਾਂ ਵੀ ਜੋ ਕੁਝ ਸਾਡੇ ਉੱਤੇ ਬੀਤਿਆ ਹੈ ਉਸ ਵਿੱਚ ਤੂੰ ਧਰਮੀ ਹੈਂ, ਕਿਉਂ ਜੋ ਤੂੰ ਸਾਡੇ ਨਾਲ ਸਚਿਆਈ ਨਾਲ ਵਰਤਿਆ ਹੈ ਪਰ ਅਸੀਂ ਦੁਸ਼ਟਤਾ ਕੀਤੀ । ੩੪ ਸਾਡੇ ਰਾਜਿਆਂ ਨੇ, ਹਾਕਮਾਂ ਨੇ, ਜਾਜਕਾਂ ਨੇ ਅਤੇ ਸਾਡੇ ਪਿਉ-ਦਾਦਿਆਂ ਨੇ ਨਾ ਤਾਂ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਕੀਤਾ, ਨਾ ਤੇਰੇ ਹੁਕਮਾਂ ਨੂੰ ਮੰਨਿਆ ਅਤੇ ਨਾ ਹੀ ਤੇਰੀਆਂ ਚਿਤਾਉਣੀਆਂ ਵੱਲ ਜਿਹੜੀ ਤੂੰ ਉਨ੍ਹਾਂ ਦੇ ਵਿਰੁੱਧ ਦਿੱਤੀਆਂ, ਧਿਆਨ ਦਿੱਤਾ । ੩੫ ਉਨ੍ਹਾਂ ਨੇ ਆਪਣੇ ਰਾਜ ਵਿੱਚ, ਅਤੇ ਤੇਰੀਆਂ ਬਹੁਤੀਆਂ ਭਲਿਆਈਆਂ ਵਿੱਚ ਜਿਹੜੀਆਂ ਤੂੰ ਉਨ੍ਹਾਂ ਉੱਤੇ ਕੀਤੀਆਂ, ਅਤੇ ਇਸ ਵੱਡੇ ਅਤੇ ਉਪਜਾਊ ਦੇਸ਼ ਜਿਹੜਾ ਤੂੰ ਉਨ੍ਹਾਂ ਨੂੰ ਦਿੱਤਾ, ਤੇਰੀ ਸੇਵਾ ਨਾ ਕੀਤੀ ਅਤੇ ਨਾ ਹੀ ਆਪਣੀਆਂ ਬੁਰਿਆਈਆਂ ਤੋਂ ਮੁੜੇ ।
੩੬ ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ, ਇਹ ਦੇਸ਼ ਜਿਹੜਾ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਕਿ ਉਹ ਇਸ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਅਸੀਂ ਇਸੇ ਵਿੱਚ ਗੁਲਾਮ ਹਾਂ ! ੩੭ ਇਸ ਧਰਤੀ ਦੀ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡੇ ਪਾਪਾਂ ਦੇ ਕਾਰਨ ਠਹਿਰਾਇਆ ਹੈ, ਅਤੇ ਉਹ ਸਾਡੇ ਸਰੀਰਾਂ ਉੱਤੇ ਅਤੇ ਸਾਡੇ ਪਸ਼ੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ, ਇਸ ਕਾਰਨ ਅਸੀਂ ਵੱਡੇ ਦੁੱਖ ਵਿੱਚ ਹਾਂ ।”
ਨੇਮ ਦਾ ਬੰਨ੍ਹਿਆ ਜਾਣਾ
੩੮ ਇਸ ਸਭ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਕੇ ਵੀ ਦਿੰਦੇ ਹਾਂ ਅਤੇ ਹਾਕਮ, ਸਾਡੇ ਲੇਵੀ ਅਤੇ ਸਾਡੇ ਜਾਜਕ ਉਸ ਦੇ ਉੱਤੇ ਮੋਹਰ ਲਾਉਂਦੇ ਹਨ ।