੧੨
ਜਾਜਕਾਂ ਅਤੇ ਲੇਵੀਆਂ ਦੀ ਸੂਚੀ
੧ ਉਹ ਜਾਜਕ ਅਤੇ ਲੇਵੀ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਮੁੜ ਆਏ, ਉਹ ਇਹ ਸਨ: ਸ਼ਰਾਯਾਹ, ਯਿਰਮਿਯਾਹ, ਅਜ਼ਰਾ, ੨ ਅਮਰਯਾਹ, ਮੱਲੂਕ, ਹੱਟੂਸ਼, ੩ ਸ਼ਕਨਯਾਹ, ਰਹੁਮ, ਮਰੇਮੋਥ, ੪ ਇੱਦੋ, ਗਿਨਥੋਈ, ਅਬੀਯਾਹ, ੫ ਮਿੱਯਾਮੀਨ, ਮਆਦਯਾਹ ਬਿਲਗਾਹ, ੬ ਸ਼ਮਅਯਾਹ, ਯੋਯਾਰੀਬ, ਯਦਆਯਾਹ, ੭ ਸੱਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ, ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਭਰਾਵਾਂ ਦੇ ਆਗੂ ਇਹੋ ਸਨ ।
੮ ਲੇਵੀ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਧੰਨਵਾਦ ਦੇ ਗੀਤਾਂ ਦਾ ਮੁਖੀਆ ਸੀ । ੯ ਬਕਬੁਕਯਾਹ, ਉੱਨੀ ਅਤੇ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਾਹਮਣੇ ਸੇਵਾ ਕਰਦੇ ਸਨ ।
ਯੇਸ਼ੂਆ ਦੀ ਵੰਸ਼ਾਵਲੀ
੧੦ ਯੇਸ਼ੂਆ ਤੋਂ ਯੋਯਾਕੀਮ ਜੰਮਿਆ, ਯੋਯਾਕੀਮ ਤੋਂ ਅਲਯਾਸ਼ੀਬ ਜੰਮਿਆ, ਅਲਯਾਸ਼ੀਬ ਤੋਂ ਯੋਯਾਦਾ ਜੰਮਿਆ, ੧੧ ਯੋਯਾਦਾ ਤੋਂ ਯੋਨਾਥਾਨ ਜੰਮਿਆ ਅਤੇ ਯੋਨਾਥਾਨ ਤੋਂ ਯੱਦੂਆ ਜੰਮਿਆ ।
ਜਾਜਕ ਘਰਾਣਿਆਂ ਦੇ ਮੁਖੀਏ
੧੨ ਯੋਯਾਕੀਮ ਦੇ ਦਿਨਾਂ ਵਿੱਚ ਇਹ ਜਾਜਕ ਆਪੋ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਸਰਾਯਾਹ ਤੋਂ ਮਿਰਯਾਹ ਅਤੇ ਯਿਰਮਿਯਾਹ ਤੋਂ ਹਨਨਯਾਹ, ੧੩ ਅਜ਼ਰਾ ਤੋਂ ਮਸ਼ੁੱਲਾਮ ਅਤੇ ਅਮਰਯਾਹ ਤੋਂ ਯਹੋਹਾਨਾਨ, ੧੪ ਮਲੂਕੀ ਤੋਂ ਯੋਨਾਥਾਨ ਅਤੇ ਸ਼ਬਨਯਾਹ ਤੋਂ ਯੂਸੁਫ਼, ੧੫ ਹਰੀਮ ਤੋਂ ਅਦਨਾ ਅਤੇ ਮਰਾਯੋਥ ਤੋਂ ਹਲਕਈ, ੧੬ ਇੱਦੋ ਤੋਂ ਜ਼ਕਰਯਾਹ ਅਤੇ ਗਿਨਥੋਨ ਤੋਂ ਮਸ਼ੁੱਲਾਮ, ੧੭ ਅਬੀਯਾਹ ਤੋਂ ਜ਼ਿਕਰੀ ਅਤੇ ਮਿਨਯਾਮੀਨ ਤੋਂ ਅਤੇ ਮੋਅਦਯਾਹ ਤੋਂ ਪਿਲਟਾਈ, ੧੮ ਬਿਲਗਾਹ ਤੋਂ ਸ਼ੰਮੂਆ ਅਤੇ ਸ਼ਮਆਯਾਹ ਤੋਂ ਯਹੋਨਾਥਾਨ, ੧੯ ਯੋਯਾਰੀਬ ਤੋਂ ਮਤਨਈ ਅਤੇ ਯਦਆਯਾਹ ਤੋਂ ਉੱਜ਼ੀ, ੨੦ ਸੱਲਈ ਤੋਂ ਕੱਲਈ ਅਤੇ ਆਮੋਕ ਤੋਂ ਏਬਰ, ੨੧ ਹਿਲਕੀਯਾਹ ਤੋਂ ਹਸ਼ਬਯਾਹ ਅਤੇ ਯਦਆਯਾਹ ਤੋਂ ਨਥਨਏਲ ।
ਜਾਜਕ ਅਤੇ ਲੇਵੀ ਘਰਾਣਿਆਂ ਦੀ ਸੂਚੀ
੨੨ ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯੱਦੂਆ ਦੇ ਦਿਨਾਂ ਵਿੱਚ ਲੇਵੀ ਘਰਾਣਿਆਂ ਦੇ ਆਗੂਆਂ ਦੇ ਨਾਮ ਅਤੇ ਜਾਜਕਾਂ ਦੇ ਨਾਮ ਵੀ ਦਾਰਾ ਫਾਰਸੀ ਦੇ ਰਾਜ ਵਿੱਚ ਲਿਖੇ ਜਾਂਦੇ ਸਨ । ੨੩ ਲੇਵੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਮ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੱਕ ਇਤਿਹਾਸ ਦੀ ਪੁਸਤਕ ਵਿੱਚ ਲਿਖੇ ਜਾਂਦੇ ਸਨ ।
ਭਵਨ ਵਿੱਚ ਸੇਵਾ-ਕਾਰਜਾਂ ਨੂੰ ਵੰਡਣਾ
੨੪ ਲੇਵੀਆਂ ਦੇ ਆਗੂ ਇਹ ਸਨ: ਹਸ਼ਬਯਾਹ, ਸ਼ੇਰੇਬਯਾਹ ਅਤੇ ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ ਪਰਮੇਸ਼ੁਰ ਦੇ ਦਾਸ ਦਾਊਦ ਦੇ ਹੁਕਮ ਅਨੁਸਾਰ ਆਹਮੋ-ਸਾਹਮਣੇ ਉਸਤਤ ਅਤੇ ਧੰਨਵਾਦ ਕਰਨ ਲਈ ਨਿਯੁਕਤ ਸਨ । ੨੫ ਮੱਤਨਯਾਹ, ਬਕਬੁਕਯਾਹ, ਓਬਦਯਾਹ, ਮਸ਼ੁੱਲਾਮ, ਟਲਮੋਨ ਅਤੇ ਅਕੂੱਬ ਦਰਬਾਨ ਸਨ ਅਤੇ ਫਾਟਕਾਂ ਦੇ ਕੋਲ ਭੰਡਾਰ-ਘਰਾਂ ਉੱਤੇ ਪਹਿਰਾ ਦਿੰਦੇ ਸਨ । ੨੬ ਯੋਸਾਦਾਕ ਦੇ ਪੋਤਰੇ ਯੇਸ਼ੂਆ ਦੇ ਪੁੱਤਰ ਯੋਯਾਕੀਮ ਦੇ ਦਿਨਾਂ ਵਿੱਚ ਅਤੇ ਨਹਮਯਾਹ ਹਾਕਮ ਅਤੇ ਅਜ਼ਰਾ ਜਾਜਕ ਅਤੇ ਸ਼ਾਸਤਰੀ ਦੇ ਦਿਨਾਂ ਵਿੱਚ ਇਹ ਹੀ ਸਨ ।
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਸਮਰਪਣ
੨੭ ਯਰੂਸ਼ਲਮ ਦੀ ਸ਼ਹਿਰਪਨਾਹ ਦੇ ਸਮਰਪਣ ਦੇ ਸਮੇਂ ਲੇਵੀਆਂ ਨੂੰ ਸਾਰੇ ਸਥਾਨਾਂ ਵਿੱਚ ਭਾਲਿਆ ਗਿਆ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲਿਆਇਆ ਗਿਆ ਤਾਂ ਜੋ ਉਹ ਅਨੰਦ ਅਤੇ ਧੰਨਵਾਦ ਕਰਕੇ ਅਤੇ ਛੈਣੇ, ਸਤਾਰ ਅਤੇ ਬਰਬਤਾਂ ਵਜਾ ਕੇ ਅਤੇ ਗਾ ਕੇ ਉਸਦਾ ਸਮਰਪਣ ਕਰਨ । ੨੮ ਗਾਇਕਾਂ ਦੇ ਵੰਸ਼ ਨੂੰ ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਅਤੇ ਨਟੋਫਾਥੀਆਂ ਦੇ ਪਿੰਡਾਂ ਵਿੱਚੋਂ ੨੯ ਅਤੇ ਬੈਤ-ਗਿਲਗਾਲ ਤੋਂ ਅਤੇ ਗਬਾ ਅਤੇ ਅਜ਼ਮਾਵਥ ਦੇ ਖੇਤਾਂ ਤੋਂ ਇਕੱਠਾ ਕੀਤਾ ਗਿਆ, ਕਿਉਂਕਿ ਗਾਇਕਾਂ ਨੇ ਯਰੂਸ਼ਲਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਬਣਾ ਲਏ ਸਨ । ੩੦ ਜਾਜਕਾਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਤਦ ਉਨ੍ਹਾਂ ਨੇ ਪਰਜਾ ਨੂੰ ਅਤੇ ਫਾਟਕਾਂ ਨੂੰ ਅਤੇ ਸ਼ਹਿਰਪਨਾਹ ਨੂੰ ਸ਼ੁੱਧ ਕੀਤਾ ।
੩੧ ਫਿਰ ਮੈਂ ਯਹੂਦਾਹ ਦੇ ਹਾਕਮਾਂ ਨੂੰ ਸ਼ਹਿਰਪਨਾਹ ਉੱਤੇ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਤਾਂ ਜੋ ਉਹ ਧੰਨਵਾਦ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਟੋਲੀ ਸੱਜੇ ਹੱਥ ਕੂੜਾ-ਫਾਟਕ ਵੱਲ ਗਈ ੩੨ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਹਾਕਮ, ੩੩ ਅਤੇ ਅਜ਼ਰਯਾਹ, ਅਜ਼ਰਾ, ਮਸ਼ੁੱਲਾਮ, ੩੪ ਯਹੂਦਾਹ, ਬਿਨਯਾਮੀਨ, ਸ਼ਮਅਯਾਹ ਤੇ ਯਿਰਮਿਯਾਹ ਗਏ ੩੫ ਅਤੇ ਜਾਜਕਾਂ ਦੇ ਪੁੱਤਰਾਂ ਨੇ ਨਰਸਿੰਗੇ ਲਏ ਹੋਏ ਸਨ ਅਤੇ ਜ਼ਕਰਯਾਹ ਯੋਨਾਥਾਨ ਦਾ ਪੁੱਤਰ, ਉਹ ਸ਼ਅਅਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾਯਾਹ ਦਾ ਪੁੱਤਰ, ਉਹ ਜ਼ਕੂਰ ਦਾ ਪੁੱਤਰ, ਉਹ ਆਸਾਫ ਦਾ ਪੁੱਤਰ ੩੬ ਅਤੇ ਉਸ ਦੇ ਭਰਾ ਸ਼ਮਅਯਾਹ, ਅਜ਼ਰਏਲ, ਮਿਲਲਈ, ਗਿਲਲਈ, ਮਾਈ, ਨਥਨਏਲ, ਯਹੂਦਾਹ ਅਤੇ ਹਨਾਨੀ, ਪਰਮੇਸ਼ੁਰ ਦੇ ਦਾਸ ਦਾਊਦ ਦੇ ਵਾਜਿਆਂ ਨਾਲ ਸਨ ਅਤੇ ਅਜ਼ਰਾ ਸ਼ਾਸਤਰੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ । ੩੭ ਇਹ ਚਸ਼ਮਾ-ਫਾਟਕ ਤੋਂ ਹੋ ਕੇ ਇਹ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੋਂ ਸ਼ਹਿਰਪਨਾਹ ਉੱਪਰ ਵੱਲ ਜਾਂਦੀ ਸੀ, ਦਾਊਦ ਦੇ ਮਹਿਲ ਦੇ ਉੱਪਰੋਂ ਹੋ ਕੇ ਪੂਰਬ ਵੱਲ ਜਲ-ਫਾਟਕ ਨੂੰ ਗਏ ।
੩੮ ਉਨ੍ਹਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ, ਦੂਜੇ ਪਾਸੇ ਵੱਲ ਗਈ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਮੈਂ ਅਤੇ ਅੱਧੀ ਪਰਜਾ ਸ਼ਹਿਰਪਨਾਹ ਦੇ ਉੱਪਰੋਂ ਤੰਦੂਰਾਂ ਦੇ ਬੁਰਜ ਦੇ ਕੋਲ ਚੌੜੀ ਕੰਧ ਤੱਕ ਗਏ ੩੯ ਅਤੇ ਅਫਰਾਈਮੀ ਫਾਟਕ, ਅਤੇ ਪੁਰਾਣੇ ਫਾਟਕ, ਅਤੇ ਮੱਛੀ ਫਾਟਕ, ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਤੋਂ ਹੁੰਦੇ ਹੋਏ ਭੇਡ-ਫਾਟਕ ਤੱਕ ਗਏ ਅਤੇ ਕੈਦਖ਼ਾਨੇ ਦੇ ਫਾਟਕ ਕੋਲ ਖੜ੍ਹੇ ਹੋ ਗਏ । ੪੦ ਤਦ ਧੰਨਵਾਦ ਕਰਨ ਵਾਲਿਆਂ ਦੀਆਂ ਦੋਵੇਂ ਟੋਲੀਆਂ ਅਤੇ ਮੈਂ ਅਤੇ ਮੇਰੇ ਨਾਲ ਅੱਧੇ ਹਾਕਮ ਪਰਮੇਸ਼ੁਰ ਦੇ ਭਵਨ ਵਿੱਚ ਖੜ੍ਹੇ ਹੋ ਗਏ, ੪੧ ਅਤੇ ਜਾਜਕ - ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨੀ, ਜ਼ਕਰਯਾਹ ਅਤੇ ਹਨਨਯਾਹ ਨਰਸਿੰਗਿਆਂ ਦੇ ਨਾਲ ਖੜ੍ਹੇ ਸਨ ੪੨ ਅਤੇ ਮਅਸੇਯਾਹ, ਸ਼ਮਅਯਾਹ, ਅਲਆਜ਼ਰ, ਉੱਜ਼ੀ, ਯਹੋਨਾਨ, ਮਲਕੀਯਾਹ, ਏਲਾਮ ਅਤੇ ਆਜ਼ਰ ਅਤੇ ਗਾਇਕ ਯਜ਼ਰਯਾਹ ਜਿਹੜਾ ਉਨ੍ਹਾਂ ਦਾ ਆਗੂ ਸੀ, ਉਹ ਉੱਚੀ ਅਵਾਜ਼ ਨਾਲ ਗਾਉਂਦੇ ਸਨ । ੪੩ ਉਸ ਦਿਨ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡਾ ਅਨੰਦ ਮਨਾਇਆ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਹੀ ਅਨੰਦ ਦਿੱਤਾ ਸੀ, ਇਸਤਰੀਆਂ ਅਤੇ ਬੱਚਿਆਂ ਨੇ ਵੀ ਅਨੰਦ ਮਨਾਇਆ । ਯਰੂਸ਼ਲਮ ਦੇ ਇਸ ਅਨੰਦ ਦੀ ਅਵਾਜ਼ ਦੂਰ ਤੱਕ ਸੁਣੀ ਗਈ ।
ਉਪਾਸਨਾ ਆਦਿ ਦਾ ਪ੍ਰਬੰਧ
੪੪ ਉਸ ਦਿਨ ਉਨ੍ਹਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ, ਚੁੱਕਣ ਦੀਆਂ ਭੇਟਾਂ, ਪਹਿਲੇ ਫਲਾਂ ਅਤੇ ਦਸਵੰਧਾ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੇ ਖੇਤਾਂ ਅਨੁਸਾਰ ਉਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਬਿਵਸਥਾ ਦੇ ਅਨੁਸਾਰ ਜਾਜਕਾਂ ਅਤੇ ਲੇਵੀਆਂ ਦੇ ਹਿੱਸੇ ਦੀਆਂ ਸਨ ਕਿਉਂ ਜੋ ਯਹੂਦੀ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਕਾਰਨ ਖੁਸ਼ ਸਨ । ੪੫ ਇਸ ਲਈ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੀ ਸੇਵਾ ਅਤੇ ਸ਼ੁੱਧਤਾਈ ਦੇ ਨੇਮ ਦੀ ਪਾਲਣਾ ਕੀਤੀ, ਅਤੇ ਗਾਇਕ ਅਤੇ ਦਰਬਾਨਾਂ ਨੇ ਵੀ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤਾ । ੪੬ ਕਿਉਂ ਜੋ ਪਹਿਲੇ ਸਮੇਂ ਵਿੱਚ ਅਰਥਾਤ ਦਾਊਦ ਤੇ ਆਸਾਫ ਦੇ ਦਿਨਾਂ ਵਿੱਚ ਉਨ੍ਹਾਂ ਗਾਇਕਾਂ ਦੇ ਆਗੂ ਹੁੰਦੇ ਸਨ, ਜਿਹੜੇ ਪਰਮੇਸ਼ੁਰ ਲਈ ਉਸਤਤ ਅਤੇ ਧੰਨਵਾਦ ਦੇ ਗੀਤ ਗਾਉਂਦੇ ਸਨ । ੪੭ ਜ਼ੱਰੁਬਾਬਲ ਅਤੇ ਨਹਮਯਾਹ ਦੇ ਦਿਨਾਂ ਵਿੱਚ ਸਾਰਾ ਇਸਰਾਏਲ, ਗਾਇਕਾਂ ਅਤੇ ਦਰਬਾਨਾਂ ਦਾ ਹਰ ਦਿਨ ਦਾ ਹਿੱਸਾ ਦਿੰਦੇ ਰਹੇ, ਉਹ ਲੇਵੀਆਂ ਲਈ ਵੀ ਚੀਜ਼ਾਂ ਪਵਿੱਤਰ ਕਰਕੇ ਦਿੰਦੇ ਸਨ ਅਤੇ ਲੇਵੀ ਹਾਰੂਨ ਦੇ ਵੰਸ਼ ਲਈ ਚੀਜ਼ਾਂ ਪਵਿੱਤਰ ਕਰਕੇ ਦਿੰਦੇ ਸਨ ।