ਅਸ਼ੁੱਧ ਮਨੁੱਖ
੧ ਯਹੋਵਾਹ ਨੇ ਮੂਸਾ ਨੂੰ ਆਖਿਆ, ੨ ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲਾਸ਼ਾਂ ਤੋਂ ਅਸ਼ੁੱਧ ਹੋਣ, ੩ ਭਾਵੇਂ ਪੁਰਖ ਭਾਵੇਂ ਇਸਤਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਉਹ ਉਨ੍ਹਾਂ ਦੇ ਡੇਰਿਆਂ ਨੂੰ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ । ੪ ਤਦ ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਆਖਿਆ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ।
ਨੁਕਸਾਨ ਦੀ ਭਰਪਾਈ ਦਾ ਨਿਯਮ
੫ ਯਹੋਵਾਹ ਨੇ ਮੂਸਾ ਨੂੰ ਆਖਿਆ, ੬ ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਪੁਰਖ ਜਾਂ ਇਸਤਰੀ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਤੇ ਉਹ ਪ੍ਰਾਣੀ ਦੋਸ਼ੀ ਠਹਿਰੇ, ੭ ਤਦ ਉਹ ਆਪਣੇ ਪਾਪ ਦਾ ਇਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰੇ ਅਤੇ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਵੱਧ ਪਾ ਕੇ ਉਹ ਨੂੰ ਦੇਵੇ ਜਿਸ ਦੇ ਵਿਰੁੱਧ ਉਹ ਦੋਸ਼ੀ ਹੋਇਆ । ੮ ਜੇ ਉਸ ਮਨੁੱਖ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਜਿਸ ਨੂੰ ਉਸ ਦੇ ਦੋਸ਼ ਦਾ ਹਰਜਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜਾਨਾ ਜਿਹੜਾ ਯਹੋਵਾਹ ਦਾ ਹੈ, ਜਾਜਕ ਨੂੰ ਦਿੱਤਾ ਜਾਵੇ ਨਾਲੇ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ । ੯ ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਵਿੱਚੋਂ ਜਿਹੜੀਆਂ ਉਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ । ੧੦ ਹਰ ਮਨੁੱਖ ਦੀਆਂ ਪਵਿੱਤਰ ਚੀਜ਼ਾਂ ਉਸ ਦੀਆਂ ਹੋਣ । ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸਦਾ ਹੋਵੇ ।
ਵਿਭਚਾਰ ਦੀ ਜਾਂਚ
੧੧ ਯਹੋਵਾਹ ਨੇ ਮੂਸਾ ਨੂੰ ਆਖਿਆ, ੧੨ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕਿਸੇ ਮਨੁੱਖ ਦੀ ਪਤਨੀ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ । ੧੩ ਜੇ ਕੋਈ ਮਨੁੱਖ ਉਸ ਨਾਲ ਲੇਟੇ ਅਤੇ ਬਦਕਾਰੀ ਕਰੇ, ਭਾਵੇਂ ਇਹ ਗੱਲ ਉਸ ਦੇ ਪਤੀ ਦੀਆਂ ਅੱਖਾਂ ਤੋਂ ਲੁੱਕੀ ਰਹੇ ਅਤੇ ਉਹ ਇਸ ਬਾਰੇ ਨਾ ਜਾਣਦਾ ਹੋਵੇ, ਭਾਵੇਂ ਕੋਈ ਉਸ ਦੇ ਵਿਰੁੱਧ ਗਵਾਹ ਨਾ ਹੋਵੇ ਅਤੇ ਉਹ ਫੜੀ ਨਾ ਗਈ ਹੋਵੇ, ਤਾਂ ਵੀ ਉਹ ਭ੍ਰਿਸ਼ਟ ਹੋ ਚੁੱਕੀ ਹੈ । ੧੪ ਪਰ ਉਸ ਦੇ ਪਤੀ ਦੇ ਮਨ ਵਿੱਚ ਜਲਨ ਪੈਦਾ ਹੋਵੇ ਅਤੇ ਉਹ ਆਪਣੀ ਪਤਨੀ ਨਾਲ ਜਲਨ ਕਰੇ ਕਿਉਂ ਜੋ ਉਹ ਭ੍ਰਿਸ਼ਟ ਹੋ ਗਈ,ਜਾਂ ਉਸ ਨਾਲ ਫਿਰ ਵੀ ਜਲਨ ਕਰੇ ਕਿ ਉਹ ਆਪਣੀ ਪਤਨੀ ਨਾਲ ਜਲਨ ਰਖੇ ਪਰ ਉਹ ਭ੍ਰਿਸ਼ਟ ਨਾ ਹੋਈ ਹੋਵੇ । ੧੫ ਤਦ ਉਹ ਮਨੁੱਖ ਆਪਣੀ ਪਤਨੀ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫ਼ਾ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਦੇ ਉੱਤੇ ਤੇਲ ਨਾ ਡੋਹਲੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਨ ਦੀ ਭੇਟ ਹੈ, ਉਹ ਯਾਦਗਾਰੀ ਦੀ ਭੇਂਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ ।
੧੬ ਤਦ ਜਾਜਕ ਉਸ ਨੂੰ ਨੇੜੇ ਲਿਆ ਕੇ ਯਹੋਵਾਹ ਦੇ ਅੱਗੇ ਖੜ੍ਹੀ ਕਰੇ । ੧੭ ਫੇਰ ਜਾਜਕ ਪਵਿੱਤਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਰੇ ਦੇ ਫ਼ਰਸ਼ ਦੀ ਧੂੜ ਲੈ ਕੇ ਉਸ ਜਲ ਵਿੱਚ ਪਾਵੇ । ੧੮ ਫੇਰ ਜਾਜਕ ਉਸ ਇਸਤਰੀ ਨੂੰ ਯਹੋਵਾਹ ਦੇ ਅੱਗੇ ਖੜ੍ਹੀ ਕਰੇ ਅਤੇ ਉਸ ਦੇ ਸਿਰ ਦੇ ਵਾਲ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾਂ ਉੱਤੇ ਯਾਦਗਾਰੀ ਦੀ ਭੇਟ ਰੱਖੇ ਜਿਹੜੀ ਜਲਨ ਦੀ ਭੇਟ ਵੀ ਹੈ, ਅਤੇ ਜਾਜਕ ਦੇ ਹੱਥ ਵਿੱਚ ਕੁੱੜਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ । ੧੯ ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭ੍ਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ । ੨੦ ਪਰੰਤੂ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇਕਰ ਆਪਣੇ ਪਤੀ ਤੋਂ ਬਿਨ੍ਹਾਂ ਕਿਸੇ ਹੋਰ ਮਨੁੱਖ ਦੇ ਸੰਗ ਲੇਟ ਕੇ ਭ੍ਰਿਸ਼ਟ ਹੋ ਗਈ ਹੈਂ । ੨੧ ਤਦ ਜਾਜਕ ਉਸ ਤੀਵੀਂ ਨੂੰ ਸਰਾਪ ਦੀ ਸਹੁੰ ਦੇਵੇ ਅਤੇ ਜਾਜਕ ਉਸ ਤੀਵੀਂ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸਹੁੰ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੇ ਪੱਟ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ । ੨੨ ਇਸ ਤਰ੍ਹਾਂ ਇਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੇ ਪੱਟ ਨੂੰ ਸਾੜੇ ਤਾਂ ਇਸਤਰੀ ਆਖੇ, “ਆਮੀਨ, ਆਮੀਨ ।''
੨੩ ਤਦ ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮਿਟਾਵੇ । ੨੪ ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ, ਉਸ ਇਸਤਰੀ ਨੂੰ ਪਿਆਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਇਸਤਰੀ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ । ੨੫ ਫੇਰ ਜਾਜਕ ਉਸ ਤੀਵੀਂ ਦੇ ਹੱਥੋਂ ਜਲਨ ਵਾਲੇ ਮੈਦੇ ਦੀ ਭੇਟ ਲੈ ਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ । ੨੬ ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਾਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਉਸ ਤੀਵੀਂ ਨੂੰ ਪਿਲਾਵੇ । ੨੭ ਜਦ ਉਹ ਜਲ ਤੀਵੀਂ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਤੀਵੀਂ ਭ੍ਰਿਸ਼ਟੀ ਗਈ ਹੈ ਅਤੇ ਉਸ ਨੇ ਆਪਣੇ ਪਤੀ ਦੇ ਵਿਰੁੱਧ ਦੋਸ਼ ਕੀਤਾ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ਅਤੇ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾਂ ਵਿੱਚ ਸਰਾਪਣ ਹੋਵੇਗੀ । ੨੮ ਪਰ ਜੇ ਤੀਵੀਂ ਭ੍ਰਿਸ਼ਟ ਨਹੀਂ ਹੋਈ ਹੋਵੇ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ ।
੨੯ ਇਹ ਬਿਵਸਥਾ ਉਸ ਜਲਨ ਦੀ ਹੈ ਜਦ ਤੀਵੀਂ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਚਲੀ ਜਾਵੇ । ੩੦ ਜਦ ਕਿਸੇ ਮਨੁੱਖ ਦਾ ਜਲਨ ਦਾ ਸੁਭਾਵ ਹੋ ਜਾਵੇ ਅਤੇ ਉਸ ਨੂੰ ਆਪਣੀ ਤੀਵੀਂ ਦੀ ਜਲਨ ਹੋਵੇ ਤਾਂ ਉਹ ਉਸ ਤੀਵੀਂ ਨੂੰ ਯਹੋਵਾਹ ਅੱਗੇ ਖੜ੍ਹੀ ਕਰੇ ਅਤੇ ਜਾਜਕ ਉਸ ਉੱਤੇ ਇਹ ਸਾਰੀ ਬਿਵਸਥਾ ਵਰਤੇ । ੩੧ ਇਸ ਤਰ੍ਹਾਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਤੀਵੀਂ ਆਪਣੀ ਬਦੀ ਨੂੰ ਆਪ ਚੁੱਕੇਗੀ ।