੧੪
ਲੋਕਾਂ ਦਾ ਬੁੜਬੜਾਉਣਾ
੧ ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ, ਰੌਲਾਂ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ । ੨ ਅਤੇ ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਨਾ ਕਿ ਇਸ ਉਜਾੜ ਵਿੱਚ ਮਰ ਮੁੱਕਦੇ । ੩ ਯਹੋਵਾਹ ਸਾਨੂੰ ਕਿਉਂ ਇਸ ਦੇਸ ਵਿੱਚ ਲਿਆਇਆ ਕਿ ਅਸੀਂ ਤਲਵਾਰ ਨਾਲ ਡਿੱਗੀਏ ਅਤੇ ਸਾਡੀਆਂ ਪਤਨੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ ? ਕੀ ਸਾਡੇ ਲਈ ਚੰਗਾ ਨਹੀਂ, ਜੋ ਅਸੀਂ ਮਿਸਰ ਨੂੰ ਮੁੜ ਜਾਈਏ ? ੪ ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਅਸੀਂ ਇੱਕ ਆਗੂ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ । ੫ ਤਦ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਦੇ ਭਾਰ ਇਸਰਾਏਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ । ੬ ਫੇਰ ਤਾਂ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫੁੰਨਹ ਦੇ ਪੁੱਤਰ ਕਾਲੇਬ ਨੇ ਜਿਹੜੇ ਧਰਤੀ ਦਾ ਭੇਤ ਲੈਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ । ੭ ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਸ ਦੇ ਵਿੱਚ ਦੀ ਅਸੀਂ ਭੇਤ ਲੈਣ ਲਈ ਗਏ, ਬਹੁਤ ਚੰਗੀ ਹੈ । ੮ ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਉਸ ਦੇਸ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ । ਉਹ ਇੱਕ ਧਰਤੀ ਹੈ ਜਿਸ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ । ੯ ਤੁਸੀਂ ਸਿਰਫ਼ ਯਹੋਵਾਹ ਦੇ ਵਿਰੁੱਧ ਗਵਾਹੀ ਨਾ ਦੇਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ ਕਿਉਂ ਜੋ ਉਹ ਤਾਂ ਸਾਡੇ ਲਈ ਮਾਮੂਲੀ ਹੀ ਹਨ । ਉਹਨਾਂ ਦੀ ਸੁਰੱਖਿਆ ਉਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ ਉਹਨਾਂ ਤੋਂ ਤੁਸੀਂ ਨਾ ਡਰੋ ! ੧੦ ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ ਤਦ ਯਹੋਵਾਹ ਦੀ ਮਹਿਮਾ ਸਾਰੇ ਇਸਰਾਏਲੀਆਂ ਦੀ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਈ ।
ਲੋਕਾਂ ਦੇ ਲਈ ਮੂਸਾ ਦੀ ਪ੍ਰਾਰਥਨਾ
੧੧ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਹ ਪਰਜਾ ਕਦੋਂ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ ? ਅਤੇ ਕਦੋਂ ਤੱਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ, ਵਿਸ਼ਵਾਸ ਨਾ ਕਰੇਗੀ ? ੧੨ ਮੈਂ ਉਨ੍ਹਾਂ ਨੂੰ ਮਰੀ ਨਾਲ ਮਾਰਾਂਗਾ, ਅਤੇ ਤੈਨੂੰ ਇੱਕ ਕੌਮ ਬਣਾਵਾਂਗਾ ਜੋ ਉਨ੍ਹਾਂ ਤੋਂ ਵੱਡੀ ਅਤੇ ਬਲਵੰਤ ਹੋਵੇਗੀ । ੧੩ ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, ਫੇਰ ਮਿਸਰੀ ਇਹ ਸੁਣਨਗੇ ਕਿਉਂ ਜੋ ਤੂੰ ਇਸ ਪਰਜਾ ਨੂੰ ਆਪਣੇ ਬਲ ਨਾਲ ਉਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਹੈਂ । ੧੪ ਅਤੇ ਉਹ ਇਸ ਦੇਸ ਦੇ ਵਸਨੀਕਾਂ ਨੂੰ ਦੱਸਣਗੇ । ਉਨ੍ਹਾਂ ਨੇ ਸੁਣਿਆ ਹੈ ਕਿ ਤੂੰ ਯਹੋਵਾਹ ਇਸ ਪਰਜਾ ਦੇ ਵਿੱਚ ਹੈਂ ਅਤੇ ਤੂੰ ਯਹੋਵਾਹ ਉਨ੍ਹਾਂ ਨੂੰ ਆਹਮੋ-ਸਾਹਮਣੇ ਵਿਖਾਈ ਦਿੰਦਾ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਦੇ ਉੱਤੇ ਖੜ੍ਹਾ ਰਹਿੰਦਾ ਹੈ ਅਤੇ ਤੂੰ ਉਨ੍ਹਾਂ ਦੇ ਅੱਗੇ-ਅੱਗੇ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਚੱਲਦਾ ਹੈਂ । ੧੫ ਜੇ ਤੂੰ ਇਸ ਪਰਜਾ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ ਹੈ, ਆਖਣਗੀਆਂ, ੧੬ ਇਸ ਲਈ ਕਿ ਯਹੋਵਾਹ ਇਸ ਪਰਜਾ ਨੂੰ ਉਸ ਦੇਸ ਵਿੱਚ ਪਹੁੰਚਾ ਨਾ ਸਕਿਆ ਜਿਸ ਦੇ ਦੇਣ ਦੀ ਸਹੁੰ ਖਾਧੀ ਸੀ ਤਾਂ ਹੀ ਤਾਂ ਉਸਨੇ ਉਨ੍ਹਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ । ੧੭ ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ ਜਿਵੇਂ ਤੂੰ ਬੋਲਿਆ ਹੈਂ । ੧੮ ਕਿ ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖਸ਼ਣਹਾਰ ਹੈ ਪਰ ਕੁਧਰਮੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡ ਦਿੰਦਾ । ਉਹ ਪਿਤਾ ਦੇ ਕੁਧਰਮ ਦਾ ਬਦਲਾ ਉਨ੍ਹਾਂ ਦੇ ਪੁੱਤਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ । ੧੯ ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੂੰ ਇਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇ ।
੨੦ ਤਾਂ ਯਹੋਵਾਹ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਨ੍ਹਾਂ ਨੂੰ ਮਾਫ਼ ਕੀਤਾ । ੨੧ ਪਰ ਮੇਰੀ ਜਿੰਦ ਦੀ ਸਹੁੰ ਯਹੋਵਾਹ ਦੀ ਮਹਿਮਾ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ । ੨੨ ਫੇਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੀ ਮਹਿਮਾ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ । ੨੩ ਉਹ ਉਸ ਧਰਤੀ ਨੂੰ ਨਾ ਵੇਖਣਗੇ ਜਿਸ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਨਾ ਹੀ ਉਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹ ਨੂੰ ਵੇਖਣਗੇ । ੨੪ ਪਰ ਮੇਰਾ ਸੇਵਕ ਕਾਲੇਬ ਅਤੇ ਉਸ ਦਾ ਵੰਸ਼ ਇਸ ਉੱਤੇ ਕਬਜ਼ਾ ਕਰੇਗਾ ਇਸ ਲਈ ਕਿ ਉਹ ਦੇ ਵਿੱਚ ਹੋਰ ਸੁਭਾਅ ਹੈ ਅਤੇ ਉਹ ਪੂਰੀ ਤਰ੍ਹਾਂ ਮੇਰੇ ਪਿੱਛੇ ਚੱਲਿਆ ਹੈ, ਮੈਂ ਉਸ ਨੂੰ ਹੀ ਇਸ ਧਰਤੀ ਵਿੱਚ ਜਿਸ ਦੇ ਵਿੱਚ ਉਹ ਗਿਆ ਸੀ ਲੈ ਜਾਂਵਾਂਗਾ । ੨੫ ਅਮਾਲੇਕੀ ਅਤੇ ਕਨਾਨੀ ਘਾਟੀ ਵਿੱਚ ਵੱਸਦੇ ਹਨ । ਕਲ ਨੂੰ ਮੁੜੋ ਅਤੇ ਲਾਲ ਸਮੁੰਦਰ ਦੇ ਰਾਹ ਦੁਆਰਾ ਉਜਾੜ ਨੂੰ ਕੂਚ ਕਰੋ ।
ਬੁੜਬੜਾਉਣ ਦੀ ਸਜ਼ਾ
੨੬ ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, ੨੭ ਕਦੋਂ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜਬੁੜਾਉਂਦੀ ਹੈ ? ਇਸਰਾਏਲੀਆਂ ਦੀ ਇਸ ਬੁੜ ਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜ-ਬੁੜ ਕਰਦੇ ਹਨ ਮੈਂ ਸੁਣਿਆ ਹੈ । ੨੮ ਉਨ੍ਹਾਂ ਨੂੰ ਆਖੋ ਕਿ ਮੈਨੂੰ ਮੇਰੀ ਜਾਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਸੱਚ-ਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਕਰਾਂਗਾ । ੨੯ ਇਸੇ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਸਾਲ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ ਬੁੜਾਏ । ੩੦ ਯਫੁੰਨਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਛੁੱਟ, ਤੁਹਾਡੇ ਵਿੱਚੋਂ ਕੋਈ ਉਸ ਦੇਸ ਨਾ ਵੜੋਂਗੇ ਜਿਸ ਦੀ ਮੈਂ ਸਹੁੰ ਖਾਧੀ ਸੀ, ਕਿ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ । ੩੧ ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸੀਂ ਆਖਿਆ ਸੀ ਕਿ ਉਹ ਲੁੱਟ ਦਾ ਮਾਲ ਹੋਣਗੇ ਉਨ੍ਹਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਉਹ ਇਸ ਧਰਤੀ ਨੂੰ ਪਾਉਣਗੇ ਜਿਸ ਨੂੰ ਤੁਸੀਂ ਰੱਦਿਆ ਹੈ । ੩੨ ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗ ਪੈਣਗੀਆਂ, ਇਹ ਤੁਹਾਡੇ ਲਈ ਹੈ ! ੩੩ ਤੁਹਾਡੇ ਪੁੱਤਰ ਉਜਾੜ ਵਿੱਚ ਚਾਲੀਆਂ ਸਾਲ ਤੱਕ ਅਯਾਲੀ ਹੋਣਗੇ ਅਤੇ ਤੁਹਾਡੇ ਕੁਕਰਮ ਦੀ ਸਜ਼ਾ ਚੁੱਕਣਗੇ ਜਦ ਤੱਕ ਤੁਹਾਡੀਆਂ ਲਾਸ਼ਾਂ ਉਜਾੜ ਵਿੱਚ ਗਲ ਸੜ ਨਾ ਜਾਣ । ੩੪ ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲ੍ਹੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲ੍ਹੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ ! ੩੫ ਮੈਂ ਯਹੋਵਾਹ ਬੋਲ ਚੁੱਕਿਆ ਹਾਂ । ਮੈਂ ਜ਼ਰੂਰ ਇਹ ਸਭ ਕੁਝ ਇਸ ਦੁਸ਼ਟ ਮੰਡਲੀ ਨਾਲ ਕਰਾਂਗਾ ਜਿਹੜੀ ਮੇਰੇ ਵਿਰੁੱਧ ਇਕੱਠੀ ਹੋਈ ਹੈ । ਉਹ ਇਸ ਉਜਾੜ ਵਿੱਚ ਗਲ ਸੜ ਜਾਣਗੇ ਅਤੇ ਇੱਥੇ ਹੀ ਉਹ ਮਰ ਜਾਣਗੇ ।
੩੬ ਫੇਰ ਉਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਭੇਤ ਜਾਣਨ ਲਈ ਭੇਜਿਆ ਸੀ ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜਿਹੀ ਬੁਰੀ ਖ਼ਬਰ ਲਿਆਏ ਕਿ ਸਾਰੀ ਮੰਡਲੀ ਉਸ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ, ੩੭ ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਲਿਆਏ ਯਹੋਵਾਹ ਦੇ ਅੱਗੇ ਬਵਾ ਨਾਲ ਮਰ ਗਏ । ੩੮ ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਧਰਤੀ ਦਾ ਭੇਤ ਪਾਉਣ ਨੂੰ ਗਏ ਸਨ ਜੀਉਂਦੇ ਬਚੇ ਰਹੇ ।
ਉਸ ਦੇਸ ਉੱਤੇ ਪਹਿਲਾ ਹਮਲਾ
(ਬਿਵਸਥਾ ਸਾਰ 1:41-46)
੩੯ ਤਦ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਦੱਸੀਆਂ ਅਤੇ ਪਰਜਾ ਨੇ ਵੱਡਾ ਵਿਰਲਾਪ ਕੀਤਾ । ੪੦ ਤਦ ਉਹ ਸਵੇਰੇ ਹੀ ਉੱਠ ਕੇ ਪਹਾੜ ਦੀ ਟੀਸੀ ਉੱਤੇ ਇਹ ਕਹਿ ਕੇ ਗਏ ਕਿ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਂਵਾਂਗੇ ਜਿਸ ਦੇ ਲਈ ਯਹੋਵਾਹ ਨੇ ਫਰਮਾਇਆ ਹੈ ਕਿਉਂ ਜੋ ਅਸੀਂ ਪਾਪ ਕੀਤਾ ਹੈ । ੪੧ ਪਰ ਮੂਸਾ ਨੇ ਆਖਿਆ, ਤੁਸੀਂ ਯਹੋਵਾਹ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਹੋ ? ਕਿਉਂ ਜੋ ਇਹ ਸਫ਼ਲ ਨਹੀਂ ਹੋਵੇਗਾ । ੪੨ ਤੁਸੀਂ ਉਤਾਹਾਂ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡੇ ਵਿਚਕਾਰ ਨਹੀਂ ਹੈ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਹਾਰ ਜਾਓ । ੪੩ ਅਮਾਲੇਕੀ ਅਤੇ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤਲਵਾਰ ਨਾਲ ਡਿੱਗ ਪਓਗੇ । ਇਸ ਲਈ ਕਿ ਤੁਸੀਂ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਯਹੋਵਾਹ ਤੁਹਾਡੇ ਸੰਗ ਨਹੀਂ ਹੋਵੇਗਾ । ੪੪ ਪਰੰਤੂ ਉਹ ਜਿੱਦ ਨਾਲ ਪਹਾੜ ਦੀ ਟੀਸੀ ਉੱਤੇ ਚੜ੍ਹ ਗਏ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ । ੪੫ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਵੱਢਦੇ ਗਏ ।