੧੭
ਹਾਰੂਨ ਦੀ ਲਾਠੀ ਦੇ ਵਿੱਚ ਕੂਮਲੀਆਂ
੧ ਯਹੋਵਾਹ ਨੇ ਮੂਸਾ ਨੂੰ ਆਖਿਆ, ੨ ਇਸਰਾਏਲੀਆਂ ਨੂੰ ਆਖ ਅਤੇ ਉਨ੍ਹਾਂ ਤੋਂ ਗੋਤਰਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਢਾਂਗਾ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਮ ਲਿਖ । ੩ ਤੂੰ ਹਾਰੂਨ ਦਾ ਨਾਮ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ-ਇੱਕ ਢਾਂਗਾ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇਗਾ । ੪ ਅਤੇ ਉਨ੍ਹਾਂ ਢਾਂਗਿਆਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਦੇ ਸੰਦੂਕ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ, ਰੱਖਦੇ । ੫ ਜਿਸ ਮਨੁੱਖ ਨੂੰ ਮੈਂ ਚੁਣਾਂਗਾ, ਉਸ ਦੇ ਢਾਂਗੇ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ, ਜਿਹੜੀ ਉਹ ਤੁਹਾਡੇ ਵਿਰੁੱਧ ਬੁੜ ਬੁੜਾਉਂਦੇ ਹਨ, ਦੂਰ ਕਰ ਦਿਆਂਗਾ । ੬ ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਰਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ । ੭ ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖ ਦਿੱਤਾ । ੮ ਦੂਜੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ, ਅਤੇ ਕੀ ਵੇਖਿਆ ਕਿ ਹਾਰੂਨ ਦਾ ਢਾਂਗਾ ਜੋ ਲੇਵੀ ਦੇ ਪਰਿਵਾਰ ਦਾ ਸੀ, ਉਸ ਵਿੱਚੋਂ ਕੁੰਬਲਾਂ ਫੁੱਟੀਆਂ ਹੋਈਆਂ ਸਨ ਅਰਥਾਤ ਉਸ ਉੱਤੇ ਫੁੱਲ ਅਤੇ ਪੱਕੇ ਬਦਾਮ ਵੀ ਲੱਗੇ ਹੋਏ ਸਨ । ੯ ਤਦ ਮੂਸਾ ਉਹਨਾਂ ਸਾਰਿਆਂ ਢਾਂਗਿਆਂ ਨੂੰ ਯਹੋਵਾਹ ਦੇ ਅੱਗੋਂ ਲੈ ਕੇ ਇਸਰਾਏਲੀਆਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਆਪਣੇ-ਆਪਣੇ ਢਾਂਗੇ ਨੂੰ ਪਹਿਚਾਣ ਕੇ ਲੈ ਲਿਆ । ੧੦ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦਾ ਢਾਂਗਾ ਵਿਦਰੋਹ ਕਰਨ ਵਾਲਿਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ, ਸਾਖੀ ਦੇ ਅੱਗੇ ਫਿਰ ਰੱਖਦੇ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਨੂੰ ਮਿਟਾ ਦੇਵੇ ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ । ੧੧ ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ।
੧੨ ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ । ਅਸੀਂ ਨਾਸ ਹੋ ਗਏ ਹਾਂ ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ । ੧੩ ਜੋ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਜਾਂਦਾ ਉਹ ਮਰ ਜਾਂਦਾ ਹੈ । ਕੀ ਅਸੀਂ ਵੀ ਸਾਰੇ ਮਰ ਜਾਂਵਾਂਗੇ ?