੨੦
ਮੂਸਾ ਅਤੇ ਹਾਰੂਨ ਦਾ ਪਾਪ ਅਤੇ ਉਸ ਪਾਪ ਦੀ ਸਜ਼ਾ
(ਕੂਚ 17:1-7)
੧ ਇਸਰਾਏਲੀਆਂ ਦੀ ਸਾਰੀ ਮੰਡਲੀ ਪਹਿਲੇ ਮਹੀਨੇ ਵਿੱਚ ਸੀਨ ਦੀ ਉਜਾੜ ਵਿੱਚ ਆਈ ਅਤੇ ਪਰਜਾ ਕਾਦੇਸ ਵਿੱਚ ਰਹਿਣ ਲੱਗੀ ਅਤੇ ਉੱਥੇ ਮਿਰਯਮ ਮਰ ਗਈ ਅਤੇ ਉੱਥੇ ਦੱਬ ਦਿੱਤੀ ਗਈ । ੨ ਉੱਥੇ ਮੰਡਲੀ ਲਈ ਪਾਣੀ ਨਹੀਂ ਸੀ ਇਸ ਕਾਰਨ ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ । ੩ ਅਤੇ ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਉਨ੍ਹਾਂ ਨੇ ਆਖਿਆ, ਭਲਾ ਹੁੰਦਾ ਜੇ ਅਸੀਂ ਵੀ ਮਰ ਜਾਂਦੇ ਜਦੋਂ ਸਾਡੇ ਭਰਾ ਯਹੋਵਾਹ ਅੱਗੇ ਮਰ ਗਏ ਸਨ ! ੪ ਤੁਸੀਂ ਯਹੋਵਾਹ ਦੀ ਸਭਾ ਨੂੰ ਕਿਉਂ ਇਸ ਉਜਾੜ ਵਿੱਚ ਲੈ ਕੇ ਆਏ ਹੋ, ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ ? ੫ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਕੱਢ ਕੇ ਲਿਆਏ ? ਤੁਸੀਂ ਸਾਨੂੰ ਇਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀਜ ਨਾ ਹੰਜ਼ੀਰ, ਨਾ ਦਾਖ ਦੀ ਵੇਲ, ਨਾ ਅਨਾਰ ਅਤੇ ਨਾ ਪੀਣ ਲਈ ਪਾਣੀ ਹੈ । ੬ ਤਾਂ ਮੂਸਾ ਅਤੇ ਹਾਰੂਨ, ਸਭਾ ਦੇ ਅੱਗੋਂ, ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਜਾ ਕੇ ਮੂੰਹ ਦੇ ਭਾਰ ਡਿੱਗੇ ਤਾਂ ਯਹੋਵਾਹ ਦਾ ਪਰਤਾਪ ਉਨ੍ਹਾਂ ਉੱਤੇ ਪਰਗਟ ਹੋਇਆ । ੭ ਯਹੋਵਾਹ ਨੇ ਮੂਸਾ ਨੂੰ ਆਖਿਆ, ੮ ਢਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ, ਉਨ੍ਹਾਂ ਦੇ ਵੇਖਦਿਆਂ ਪੱਥਰੀਲੀ ਚੱਟਾਨ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਨ੍ਹਾਂ ਲਈ ਚੱਟਾਨ ਤੋਂ ਪਾਣੀ ਕੱਢੇਂਗਾ । ਇਸ ਤਰ੍ਹਾਂ ਤੂੰ ਇਸ ਮੰਡਲੀ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਵੇਂਗਾ । ੯ ਉਪਰੰਤ ਮੂਸਾ ਨੇ ਯਹੋਵਾਹ ਦੇ ਅੱਗੋਂ ਢਾਂਗਾ ਲਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ।
੧੦ ਮੂਸਾ ਅਤੇ ਹਾਰੂਨ ਨੇ ਸਭਾ ਨੂੰ ਉਸ ਚੱਟਾਨ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾ ਕਰਨ ਵਾਲਿਓ, ਕੀ ਅਸੀਂ ਤੁਹਾਡੇ ਲਈ ਇਸ ਚਟਾਨ ਤੋਂ ਪਾਣੀ ਕੱਢੀਏ ? ੧੧ ਫੇਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਚਟਾਨ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿੱਕਲ ਆਇਆ ਤਾਂ ਮੰਡਲੀ ਦੇ ਲੋਕ ਅਤੇ ਉਨ੍ਹਾਂ ਦੇ ਪਸ਼ੂਆਂ ਨੇ ਪੀਤਾ । ੧੨ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ ਅਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਨਹੀਂ ਠਹਿਰਾਇਆ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਕੇ ਜਾ ਸਕੋਗੇ । ੧੩ ਇਸ ਲਈ ਇਸ ਸਥਾਨ ਦਾ ਨਾਮ ਮਰੀਬਾਹ ਪਿਆ ਕਿਉਂ ਜੋ ਇਸਰਾਏਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਅਤੇ ਉਹ ਉਨ੍ਹਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ ।
ਅਦੋਮੀਆਂ ਦੁਆਰਾ ਰਾਸਤਾ ਨਾ ਦੇਣਾ
੧੪ ਫੇਰ ਮੂਸਾ ਨੇ ਕਾਦੇਸ਼ ਤੋਂ ਆਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, ਇਸਰਾਏਲ ਤੁਹਾਡਾ ਭਰਾ ਆਖਦਾ ਹੈ ਕਿ ਤੁਸੀਂ ਉਹ ਸਾਰਾ ਕਸ਼ਟ ਜਾਣਦੇ ਹੋ, ਜੋ ਸਾਡੇ ਉੱਤੇ ਆਇਆ ਹੈ । ੧੫ ਕਿਵੇਂ ਸਾਡੇ ਪਿਉ-ਦਾਦੇ ਮਿਸਰ ਨੂੰ ਗਏ ਅਤੇ ਅਸੀਂ ਮਿਸਰ ਵਿੱਚ ਬਹੁਤ ਦਿਨਾਂ ਤੱਕ ਰਹੇ ਅਤੇ ਫੇਰ ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪਿਉ-ਦਾਦਿਆਂ ਨਾਲ ਬੁਰਾ ਵਿਵਹਾਰ ਕੀਤਾ । ੧੬ ਪਰ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਦ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਉਹ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਹੈ ਇਸ ਲਈ ਅਸੀਂ ਕਾਦੇਸ਼ ਸ਼ਹਿਰ ਵਿੱਚ ਹਾਂ, ਜਿਹੜਾ ਤੁਹਾਡੀ ਸਰਹੱਦ ਉੱਤੇ ਹੈ । ੧੭ ਸਾਨੂੰ ਆਪਣੇ ਦੇਸ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਜਾਂ ਅੰਗੂਰੀ ਬਾਗਾਂ ਦੇ ਵਿੱਚ ਦੀ ਹੋ ਕੇ ਨਾ ਲੰਘਾਂਗੇ ਅਤੇ ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ, ਅਸੀਂ ਰਾਜੇ ਦੀ ਬਣਾਈ ਹੋਈ ਸੜਕ ਤੋਂ ਹੀ ਲੰਘ ਜਾਂਵਾਂਗੇ, ਅਸੀਂ ਸੱਜੇ ਜਾਂ ਖੱਬੇ ਨਹੀਂ ਮੁੜਾਂਗੇ, ਜਦ ਤੱਕ ਅਸੀਂ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ । ੧੮ ਪਰ ਅਦੋਮ ਦੇ ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਮੇਰੇ ਦੇਸ ਵਿੱਚੋਂ ਨਹੀਂ ਲੰਘੋਗੇ ਨਹੀਂ ਤਾਂ ਮੈਂ ਤੁਹਾਡਾ ਤਲਵਾਰ ਨਾਲ ਸਾਹਮਣਾ ਕਰਾਂਗਾ । ੧੯ ਤਦ ਇਸਰਾਏਲੀਆਂ ਨੇ ਉਹਨਾਂ ਦੇ ਕੋਲ ਫੇਰ ਸੁਨੇਹਾ ਭੇਜਿਆ, ਅਸੀਂ ਰਸਤੇ ਤੋਂ ਹੁੰਦੇ ਹੋਏ ਜਾਂਵਾਂਗੇ, ਜੇਕਰ ਅਸੀਂ ਅਤੇ ਸਾਡੇ ਪਸ਼ੂਆਂ ਨੇ ਤੁਹਾਡਾ ਪਾਣੀ ਪੀਤਾ ਤਾਂ ਅਸੀਂ ਉਸ ਦਾ ਮੁੱਲ ਦੇ ਦੇਵਾਂਗੇ । ਕੁਝ ਹੋਰ ਨਹੀਂ ਸਿਰਫ਼ ਸਾਨੂੰ ਪੈਦਲ ਲੰਘ ਜਾਣ ਦੇ । ੨੦ ਪਰ ਉਸ ਨੇ ਆਖਿਆ, ਤੁਸੀਂ ਲੰਘ ਨਹੀਂ ਸਕੋਗੇ । ਅਦੋਮ ਵੱਡੀ ਸੈਨਾ ਲੈ ਕੇ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲਿਆ । ੨੧ ਇਸ ਤਰ੍ਹਾਂ ਅਦੋਮ ਨੇ ਇਸਰਾਏਲ ਨੂੰ ਆਪਣੇ ਦੇਸ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਾ ਦਿੱਤੀ, ਇਸ ਲਈ ਇਸਰਾਏਲੀ ਉੱਥੋਂ ਮੁੜ੍ਹ ਗਏ ।
ਹਾਰੂਨ ਦੀ ਮੌਤ
੨੨ ਤਦ ਇਸਰਾਏਲੀਆਂ ਦੀ ਸਾਰੀ ਮੰਡਲੀ ਕਾਦੇਸ਼ ਤੋਂ ਕੂਚ ਕਰਕੇ, ਹੋਰ ਨਾਮ ਦੇ ਪਰਬਤ ਨੂੰ ਆਈ । ੨੩ ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮ ਦੇ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ, ਆਖਿਆ, ੨੪ ਹਾਰੂਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਅਤੇ ਉਹ ਉਸ ਧਰਤੀ ਵਿੱਚ ਦਾਖ਼ਲ ਨਾ ਹੋ ਸਕੇਗਾ, ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਕਿਉਂਕਿ ਤੁਸੀਂ ਮਰੀਬਾਹ ਦੇ ਸੋਤੇ ਉੱਤੇ ਮੇਰੇ ਹੁਕਮਾਂ ਦੇ ਵਿਰੁੱਧ ਝਗੜਾ ਕੀਤਾ । ੨੫ ਇਸ ਲਈ ਤੂੰ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ, ਹੋਰ ਨਾਮ ਦੇ ਪਰਬਤ ਉੱਤੇ ਲੈ ਚੱਲ । ੨੬ ਹਾਰੂਨ ਦੇ ਬਸਤਰ ਉਸ ਉੱਤੋਂ ਉਤਾਰ ਕੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ, ਤਦ ਹਾਰੂਨ ਉੱਥੇ ਹੀ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ । ੨੭ ਤਦ ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਉਹ ਸਾਰੀ ਮੰਡਲੀ ਦੇ ਵੇਖਦਿਆਂ ਹੀ ਹੋਰ ਨਾਮ ਦੇ ਪਰਬਤ ਉੱਤੇ ਚੜ੍ਹ ਗਏ । ੨੮ ਤਦ ਮੂਸਾ ਨੇ ਹਾਰੂਨ ਦੇ ਬਸਤਰ ਉਤਾਰ ਕੇ, ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾਏ ਅਤੇ ਹਾਰੂਨ ਉਸ ਪਹਾੜ ਦੀ ਟੀਸੀ ਉੱਤੇ ਮਰ ਗਿਆ ਫੇਰ ਮੂਸਾ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਉਤਰ ਆਏ । ੨੯ ਜਦ ਇਸਰਾਏਲ ਦੀ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਮਰ ਗਿਆ ਹੈ ਤਦ ਇਸਰਾਏਲ ਦੇ ਸਾਰੇ ਪਰਿਵਾਰ ਹਾਰੂਨ ਦੇ ਲਈ ਤੀਹ ਦਿਨ ਤੱਕ ਸੋਗ ਕਰਦੇ ਰਹੇ ।