੨੫
ਇਸਰਾਏਲੀਆਂ ਦੁਆਰਾ ਵਿਭਚਾਰ
੧ ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ । ੨ ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਵੀ ਟੇਕਿਆ । ੩ ਸੋ ਇਸਰਾਏਲ ਪਓਰ ਦੇ ਬਆਲ ਦੇਵਤੇ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ । ੪ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾਹ ਦੇ ਅੱਗੇ ਧੁੱਪ ਵਿੱਚ ਟੰਗ ਦੇ ਤਾਂ ਜੋ ਯਹੋਵਾਹ ਦਾ ਕ੍ਰੋਧ ਇਸਰਾਏਲ ਤੋਂ ਟਲ ਜਾਵੇ । ੫ ਤਾਂ ਮੂਸਾ ਨੇ ਇਸਰਾਏਲ ਦੇ ਨਿਆਈਆਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ !
੬ ਤਾਂ ਵੇਖੋ, ਮੂਸਾ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਇਸਤਰੀ ਨੂੰ ਲੈ ਆਇਆ । ੭ ਜਦ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ । ੮ ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ । ੯ ਉਸ ਬਵਾ ਨਾਲ ਚੌਵੀ ਹਜ਼ਾਰ ਮਰ ਗਏ ਸਨ ।
੧੦ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ੧੧ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ । ਜਦ ਉਹ ਉਨ੍ਹਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਦੇ ਕਾਰਨ ਨਾਸ਼ ਨਹੀਂ ਕੀਤਾ । ੧੨ ਇਸ ਲਈ ਆਖ, ਕਿ ਵੇਖ, ਮੈਂ ਉਸ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ । ੧੩ ਅਤੇ ਉਹ ਉਸ ਲਈ ਅਤੇ ਉਸ ਦੇ ਬਾਅਦ ਵਾਲੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ ।
੧੪ ਉਸ ਇਸਰਾਏਲੀ ਮਨੁੱਖ ਦਾ ਨਾਮ ਜ਼ਿਮਰੀ ਸੀ ਜੋ ਮਿਦਯਾਨੀ ਇਸਤਰੀ ਨਾਲ ਮਾਰਿਆ ਗਿਆ । ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਪਰਿਵਾਰ ਦਾ ਪ੍ਰਧਾਨ ਸਾਲੂ ਦਾ ਪੁੱਤਰ ਸੀ । ੧੫ ਅਤੇ ਉਸ ਮਿਦਯਾਨੀ ਇਸਤਰੀ ਦਾ ਨਾਮ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਪਰਿਵਾਰ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ ।
੧੬ ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ, ੧੭ ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਜਾਨੋਂ ਮਾਰੋ । ੧੮ ਕਿਉਂ ਜੋ ਉਹ ਤੁਹਾਨੂੰ ਆਪਣੇ ਛਲਾਂ ਨਾਲ ਸਤਾਉਂਦੇ ਹਨ, ਜਿਵੇਂ ਪਓਰ ਦੀ ਗੱਲ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪ੍ਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ ।