੩੧
ਮਿਦਯਾਨੀਆਂ ਤੋਂ ਬਦਲਾ ਲੈਣਾ
੧ ਯਹੋਵਾਹ ਨੇ ਮੂਸਾ ਨੂੰ ਬੋਲਿਆ ਕਿ ੨ ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਫਿਰ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਂਗਾ । ੩ ਤਦ ਮੂਸਾ ਨੇ ਪਰਜਾ ਨੂੰ ਆਖਿਆ ਕਿ ਆਪਣੇ ਵਿੱਚੋਂ ਮਨੁੱਖਾਂ ਨੂੰ ਸ਼ਸਤਰ ਧਾਰੀ ਬਣਾਓ ਤਾਂ ਜੋ ਉਹ ਮਿਦਯਾਨ ਦੇ ਵਿਰੁੱਧ ਲੜਨ ਅਤੇ ਯਹੋਵਾਹ ਦਾ ਬਦਲਾ ਮਿਦਯਾਨੀਆਂ ਤੋਂ ਲੈਣ । ੪ ਇਸਰਾਏਲੀਆਂ ਦਿਆਂ ਸਾਰਿਆਂ ਗੋਤਾਂ ਵਿੱਚੋ ਤੁਸੀਂ ਇੱਕ-ਇੱਕ ਹਜ਼ਾਰ ਆਦਮੀ ਯੁੱਧ ਕਰਨ ਲਈ ਭੇਜੋ । ੫ ਤਦ ਇਸਰਾਏਲ ਦੇ ਹਜ਼ਾਰਾਂ ਵਿੱਚੋਂ ਹਰ ਗੋਤ ਤੋਂ ਇੱਕ ਹਜ਼ਾਰ ਆਦਮੀ ਚੁਣੇ ਗਏ ਅਰਥਾਤ ਯੁੱਧ ਲਈ ਬਾਰਾਂ ਹਜ਼ਾਰ ਸ਼ਸਤਰ ਧਾਰੀ ਸਨ । ੬ ਉਪਰੰਤ ਮੂਸਾ ਨੇ ਗੋਤਾਂ ਦੇ ਅਨੁਸਾਰ ਇੱਕ-ਇੱਕ ਹਜ਼ਾਰ ਆਦਮੀਆਂ ਨੂੰ ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਯੁੱਧ ਕਰਨ ਲਈ ਭੇਜਿਆ ਅਤੇ ਪਵਿੱਤਰ ਸਥਾਨ ਦੇ ਭਾਂਡੇ ਅਤੇ ਚੌਕਸ ਕਰਨ ਵਾਲੀਆਂ ਤੁਰ੍ਹੀਆਂ ਉਸ ਦੇ ਹੱਥ ਵਿੱਚ ਸਨ । ੭ ਸੋ ਉਹ ਮਿਦਯਾਨੀਆਂ ਨਾਲ ਲੜੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ । ੮ ਅਤੇ ਉਨ੍ਹਾਂ ਨੇ ਮਿਦਯਾਨ ਦੇ ਰਾਜਿਆਂ ਨੂੰ ਉਹਨਾਂ ਮਾਰਿਆ ਹੋਇਆਂ ਦੇ ਨਾਲ ਹੀ ਮਾਰ ਦਿੱਤਾ ਅਰਥਾਤ ਅੱਵੀ, ਰਕਮ, ਸੂਰ, ਹੂਰ ਅਤੇ ਰੱਬਾ ਇਨ੍ਹਾਂ ਮਿਦਯਾਨ ਦੇ ਪੰਜਾਂ ਰਾਜਿਆਂ ਨੂੰ ਅਤੇ ਬਓਰ ਦੇ ਪੁੱਤਰ ਬਿਲਆਮ ਨੂੰ ਤਲਵਾਰ ਨਾਲ ਮਾਰ ਦਿੱਤਾ । ੯ ਅਤੇ ਇਸਰਾਏਲੀਆਂ ਨੇ ਮਿਦਯਾਨ ਦੀਆਂ ਔਰਤਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਉਨ੍ਹਾਂ ਦੇ ਸਾਰੇ ਡੰਗਰ, ਸਾਰੇ ਝੁੰਡ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਲਿਆ । ੧੦ ਅਤੇ ਉਨ੍ਹਾਂ ਦੇ ਸਾਰੇ ਸ਼ਹਿਰਾਂ ਨੂੰ ਅਤੇ ਸਾਰੀਆਂ ਛਾਉਣੀਆਂ ਨੂੰ, ਜਿਨ੍ਹਾਂ ਵਿੱਚ ਉਹ ਵੱਸਦੇ ਸਨ, ਅੱਗ ਨਾਲ ਫੂਕ ਦਿੱਤਾ । ੧੧ ਅਤੇ ਉਨ੍ਹਾਂ ਨੇ ਲੁੱਟ ਦਾ ਸਾਰਾ ਮਾਲ ਅਤੇ ਸਾਰੇ ਗੁਲਾਮ ਕੀ ਮਨੁੱਖ, ਕੀ ਡੰਗਰ ਸਭ ਕੁਝ ਲੈ ਲਏ । ੧੨ ਅਤੇ ਉਹ ਮੂਸਾ, ਅਲਆਜ਼ਾਰ ਜਾਜਕ, ਇਸਰਾਏਲੀਆਂ ਦੀ ਮੰਡਲੀ ਕੋਲ ਗੁਲਾਮਾਂ ਨੂੰ, ਮਾਲ ਡੰਗਰ ਨੂੰ ਅਤੇ ਲੁੱਟ ਨੂੰ ਡੇਰੇ ਵਿੱਚ ਮੋਆਬ ਦੇ ਮੈਦਾਨ ਵਿੱਚ ਜਿਹੜਾ ਯਰਦਨ ਉੱਤੇ ਯਰੀਹੋ ਕੋਲ ਹੈ, ਲੈ ਆਏ ।
ਸੈਨਾਂ ਦੀ ਵਾਪਸੀ
੧੩ ਤਦ ਮੂਸਾ, ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਸਾਰੇ ਪ੍ਰਧਾਨ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ । ੧੪ ਪਰ ਮੂਸਾ ਦਲ ਦੇ ਸੈਨਾਪਤੀਆਂ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਹਾਕਮਾਂ ਨਾਲ ਜਿਹੜੇ ਯੁੱਧ ਕਰਕੇ ਮੁੜ੍ਹ ਆਏ, ਕ੍ਰੋਧਵਾਨ ਹੋਇਆ । ੧੫ ਅਤੇ ਮੂਸਾ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਸਾਰੀਆਂ ਇਸਤਰੀਆਂ ਨੂੰ ਜੀਉਂਦਾ ਛੱਡ ਦਿੱਤਾ ਹੈ ? ੧੬ ਵੇਖੋ, ਇਹ ਉਹ ਹਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਪਓਰ ਦੀ ਗੱਲ ਵਿੱਚ ਯਹੋਵਾਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਬਵਾ ਯਹੋਵਾਹ ਦੀ ਮੰਡਲੀ ਵਿੱਚ ਫੈਲੀ । ੧੭ ਇਸ ਲਈ ਹੁਣ ਬੱਚਿਆਂ ਵਿੱਚੋਂ ਹਰੇਕ ਨਰ ਬੱਚੇ ਨੂੰ ਮਾਰ ਦਿਓ ਅਤੇ ਜਿਹਨਾਂ ਔਰਤਾਂ ਨੇ ਮਨੁੱਖ ਨਾਲ ਸੰਗ ਕੀਤਾ ਹੋਵੇ ਉਹਨਾਂ ਨੂੰ ਵੀ ਮਾਰ ਦਿਓ । ੧੮ ਪਰ ਜਿਹਨਾਂ ਕੁਆਰੀਆਂ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ, ਉਹਨਾਂ ਨੂੰ ਤੁਸੀਂ ਆਪਣੇ ਲਈ ਜੀਉਂਦਾ ਰੱਖੋ । ੧੯ ਪਰ ਤੁਸੀਂ ਡੇਰੇ ਤੋਂ ਸੱਤ ਦਿਨ ਬਾਹਰ ਰਹੋ, ਉਹ ਸਾਰੇ ਜਿਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ ਅਤੇ ਜਿਨ੍ਹਾਂ ਨੇ ਕਿਸੇ ਮਰੇ ਹੋਏ ਨੂੰ ਛੂਹਿਆ ਹੋਵੇ, ਉਹ ਸਾਰੇ ਆਪਣੇ ਆਪ ਨੂੰ ਆਪਣੇ ਗੁਲਾਮਾਂ ਸਮੇਤ ਤੀਜੇ ਦਿਨ ਅਤੇ ਸੱਤਵੇਂ ਦਿਨ ਪਵਿੱਤਰ ਕਰਨ । ੨੦ ਤੁਸੀਂ ਚਮੜੇ ਅਤੇ ਬੱਕਰੀ ਦੇ ਵਾਲਾਂ ਦੇ ਸਾਰੇ ਬਸਤਰ ਅਤੇ ਸਾਰੇ ਲੱਕੜੀ ਦੇ ਭਾਂਡਿਆਂ ਨੂੰ ਪਵਿੱਤਰ ਕਰੋ ।
੨੧ ਤਦ ਅਲਆਜ਼ਾਰ ਜਾਜਕ ਨੇ ਉਨ੍ਹਾਂ ਸੂਰਮਿਆਂ ਨੂੰ ਆਖਿਆ, ਜਿਹੜੇ ਯੁੱਧ ਵਿੱਚ ਗਏ ਸਨ ਕਿ ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ । ੨੨ ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ ਅਤੇ ਸਿੱਕਾ । ੨੩ ਅਰਥਾਤ ਹਰ ਇੱਕ ਚੀਜ਼, ਜਿਹੜੀ ਅੱਗ ਵਿੱਚ ਪੈ ਸਕੇ ਉਸ ਨੂੰ ਤੁਸੀਂ ਅੱਗ ਦੇ ਵਿੱਚ ਦੀ ਲੰਘਾਓ, ਤਾਂ ਉਹ ਸ਼ੁੱਧ ਹੋਵੇਗੀ ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ । ੨੪ ਸੱਤਵੇਂ ਦਿਨ ਤੁਸੀਂ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋਵੋਗੇ, ਇਸ ਦੇ ਬਾਅਦ ਤੁਸੀਂ ਡੇਰੇ ਵਿੱਚ ਆਓ ।
ਲੁੱਟ ਦਾ ਬਟਵਾਰਾ
੨੫ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ੨੬ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਤੂੰ ਆਪਣੇ ਨਾਲ ਲੈ ਕੇ, ਲੁੱਟ ਦੇ ਮਾਲ ਦਾ ਆਦਮੀਆਂ ਅਤੇ ਡੰਗਰਾਂ ਸਮੇਤ, ਲੇਖਾ ਕਰ । ੨੭ ਤੂੰ ਲੁੱਟ ਨੂੰ ਦੋ ਹਿੱਸਿਆਂ ਵਿੱਚ ਅਰਥਾਤ ਸੂਰਮਿਆਂ ਦੇ ਹਿੱਸੇ ਵਿੱਚ ਜਿਹੜੇ ਲੜਾਈ ਵਿੱਚ ਗਏ ਅਤੇ ਮੰਡਲੀ ਦੇ ਹਿੱਸੇ ਵਿੱਚ ਵੰਡ । ੨੮ ਅਤੇ ਤੂੰ ਉਨ੍ਹਾਂ ਸੂਰਮਿਆਂ ਤੋਂ ਜਿਹੜੇ ਲੜਾਈ ਵਿੱਚ ਗਏ, ਯਹੋਵਾਹ ਲਈ ਲਗਾਨ ਲਈਂ ਅਰਥਾਤ ਪੰਜ ਸੌ ਵਿੱਚੋਂ ਇੱਕ ਜਾਨ ਭਾਵੇਂ ਉਹ ਆਦਮੀਆਂ ਦੀ, ਭਾਵੇਂ ਵੱਗ ਦੀ, ਭਾਵੇਂ ਗਧਿਆਂ ਦੀ, ਭਾਵੇਂ ਇੱਜੜਾਂ ਦੀ ਹੋਵੇ । ੨੯ ਉਨ੍ਹਾਂ ਦੀ ਅੱਧ ਵਿੱਚੋਂ ਲੈ ਕੇ ਅਲਆਜ਼ਾਰ ਜਾਜਕ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ ਦੇਵੀਂ । ੩੦ ਅਤੇ ਇਸਰਾਏਲੀਆਂ ਦੇ ਅੱਧ ਦੇ ਪੰਜਾਹਾਂ ਵਿੱਚੋਂ ਇੱਕ ਲੈ, ਭਾਵੇਂ ਆਦਮੀਆਂ ਦਾ, ਭਾਵੇਂ ਵੱਗ ਦਾ, ਭਾਵੇਂ ਗਧਿਆਂ ਦਾ, ਭਾਵੇਂ ਇੱਜੜ ਦਾ ਅਰਥਾਤ ਸਾਰੇ ਪਸ਼ੂਆਂ ਦਾ ਅਤੇ ਉਨ੍ਹਾਂ ਨੂੰ ਲੇਵੀਆਂ ਨੂੰ ਦੇਵੀਂ, ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਹਨ । ੩੧ ਜਿਹੜਾ ਹੁਕਮ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ, ਅਲਆਜ਼ਾਰ ਜਾਜਕ ਅਤੇ ਮੂਸਾ ਨੇ ਉਸੇ ਦੇ ਅਨੁਸਾਰ ਹੀ ਕੀਤਾ ।
੩੨ ਮਾਲ ਡੰਗਰ ਤੋਂ ਬਿਨ੍ਹਾ ਜੋ ਸੂਰਮਿਆਂ ਨੇ ਲੁੱਟਿਆ, ਉਸ ਵਿੱਚ ਛੇ ਲੱਖ ਪੰਝੱਤਰ ਹਜ਼ਾਰ ਭੇਡਾਂ, ੩੩ ਬਹੱਤਰ ਹਜ਼ਾਰ ਬਲ਼ਦ, ੩੪ ਇਕਾਹਟ ਹਜ਼ਾਰ ਗਧੇ, ੩੫ ਇਨਸਾਨਾਂ ਵਿੱਚੋਂ ਉਹ ਕੁਆਰੀਆਂ ਜਿਨ੍ਹਾਂ ਨੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਬੱਤੀ ਹਜ਼ਾਰ ਸਨ, ੩੬ ਜਿਹੜੇ ਯੁੱਧ ਕਰਨ ਗਏ ਉਹਨਾਂ ਦਾ ਭਾਗ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ ਭੇਡਾਂ ਸਨ, ੩੭ ਅਤੇ ਯਹੋਵਾਹ ਦਾ ਲਗਾਨ ਇਹ ਸੀ, ਜਿਹਨਾਂ ਵਿੱਚੋਂ ਛੇ ਸੌ ਪੰਝੱਤਰ ਭੇਡਾਂ ਅਤੇ ਬੱਕਰੀਆਂ, ੩੮ ਅਤੇ ਬਲ਼ਦ ਛੱਤੀ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬਹੱਤਰ ਸਨ ੩੯ ਗਧੇ ਤੀਹ ਹਜ਼ਾਰ ਪੰਜ ਸੌ ਸਨ, ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਇਕਾਹਟ ਸਨ ੪੦ ਅਤੇ ਇਨਸਾਨ ਸੌਲਾਂ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬੱਤੀ ਪ੍ਰਾਣੀ ਸਨ ੪੧ ਤਾਂ ਮੂਸਾ ਨੇ ਉਸ ਲਗਾਨ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ, ਅਲਆਜ਼ਾਰ ਜਾਜਕ ਨੂੰ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
੪੨ ਅਤੇ ਇਸਰਾਏਲੀਆਂ ਦੇ ਅੱਧ ਤੋਂ ਜਿਹੜਾ ਮੂਸਾ ਨੇ ਯੁੱਧ ਕਰਨ ਵਾਲਿਆਂ ਤੋਂ ਵੰਡਿਆ ੪੩ ਅਤੇ ਮੰਡਲੀ ਦਾ ਹਿੱਸਾ ਇਹ ਸੀ, ਭੇਡਾਂ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ, ੪੪ ਗਾਂ-ਬਲ਼ਦ ਛੱਤੀ ਹਜ਼ਾਰ, ੪੫ ਗਧੇ ਤੀਹ ਹਜ਼ਾਰ ਪੰਜ ਸੌ, ੪੬ ਇਨਸਾਨ ਸੌਲਾਂ ਹਜ਼ਾਰ ੪੭ ਇਸ ਅੱਧੇ ਹਿੱਸੇ ਵਿੱਚੋਂ ਜਿਸ ਨੂੰ ਮੂਸਾ ਨੇ ਯੁੱਧ ਕਰਨ ਵਾਲਿਆਂ ਪੁਰਖਾਂ ਤੋਂ ਵੱਖਰਾ ਕੀਤਾ ਸੀ, ਯਹੋਵਾਹ ਦੇ ਹੁਕਮਾਂ ਅਨੁਸਾਰ ਮੂਸਾ ਨੇ ਭਾਵੇਂ ਮਨੁੱਖਾਂ ਵਿੱਚੋਂ ਭਾਵੇਂ ਪਸ਼ੂਆਂ ਵਿੱਚੋਂ, ਪੰਜਾਹ ਵਿੱਚੋਂ ਇੱਕ ਨੂੰ ਲੈ ਕੇ ਉਹ ਲੇਵੀਆਂ ਨੂੰ ਦਿੱਤੇ ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਸਨ ।
੪੮ ਤਾਂ ਸੈਨਾਪਤੀ ਜਿਹੜੇ ਹਜ਼ਾਰਾਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੈਂਕੜਿਆਂ ਦੇ ਪ੍ਰਧਾਨ ਮੂਸਾ ਕੋਲ ਆਏ ੪੯ ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੁਹਾਡੇ ਦਾਸਾਂ ਨੇ ਯੁੱਧ ਕਰਨ ਵਾਲਿਆਂ ਦੀ ਗਿਣਤੀ ਕੀਤੀ ਅਤੇ ਉਹਨਾਂ ਵਿੱਚੋਂ ਇੱਕ ਮਨੁੱਖ ਵੀ ਨਹੀਂ ਘਟਿਆ । ੫੦ ਅਸੀਂ ਯਹੋਵਾਹ ਦਾ ਚੜ੍ਹਾਵਾ ਲਿਆਏ ਹਾਂ, ਜੋ ਕੁਝ ਹਰ ਇੱਕ ਦੇ ਹੱਥ ਲੱਗਾ ਅਰਥਾਤ ਸੋਨੇ ਦੇ ਗਹਿਣੇ, ਪਜੇਬਾਂ, ਕੜੇ, ਛਾਪਾਂ, ਬਾਲੀਆਂ ਬਾਜੂਬੰਦ, ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਈ ਯਹੋਵਾਹ ਅੱਗੇ ਪਰਾਸਚਿਤ ਕਰੀਏ । ੫੧ ਤਦ ਮੂਸਾ ਅਤੇ ਅਲਆਜ਼ਾਰ ਜਾਜਕ ਨੇ ਉਨ੍ਹਾਂ ਤੋਂ ਇਹ ਸਾਰੇ ਘੜਤ ਦੇ ਸੋਨੇ ਦੇ ਗਹਿਣੇ ਲਏ ੫੨ ਅਤੇ ਚੁੱਕਣ ਦੀ ਭੇਟ ਦਾ ਸਾਰਾ ਸੋਨਾ, ਜਿਹੜਾ ਉਨ੍ਹਾਂ ਨੇ ਯਹੋਵਾਹ ਲਈ ਚੜ੍ਹਾਇਆ ਸਵਾ ਕੁ ਪੰਜ ਮਣ ਪੱਕਾ ਸੀ, ਜਿਹੜਾ ਹਜ਼ਾਰਾਂ ਦੇ ਹਾਕਮਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਆਇਆ । ੫੩ ਯੁੱਧ ਕਰਨ ਵਾਲਿਆਂ ਵਿੱਚੋਂ ਹਰ ਇੱਕ ਨੇ ਆਪਣੇ ਲਈ ਲੁੱਟਿਆ ਸੀ ੫੪ ਤਾਂ ਮੂਸਾ ਅਤੇ ਅਲਆਜ਼ਾਰ ਜਾਜਕ, ਉਹ ਸੋਨਾ ਹਜ਼ਾਰਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਲੈ ਕੇ ਮੰਡਲੀ ਦੇ ਤੰਬੂ ਵਿੱਚ ਲਿਆਏ ਤਾਂ ਜੋ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਾਰੀ ਹੋਵੇ ।