੩੪
ਕਨਾਨ ਦੇਸ ਦੀਆਂ ਸੀਮਾਵਾਂ
੧ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, ੨ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਪ੍ਰਵੇਸ਼ ਕਰੋ ( ਉਹ ਦੇਸ ਜਿਹੜਾ ਤੁਹਾਡੀ ਵਿਰਾਸਤ ਹੋਣ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੱਕ ) ੩ ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਨੇੜੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਪੂਰਬ ਵੱਲ ਹੋਵੇ । ੪ ਤੁਹਾਡੀ ਹੱਦ ਦੱਖਣ ਵਿੱਚ ਅਕਰੱਬੀਮ ਦੀ ਚੜ੍ਹਾਈ ਵੱਲ ਮੁੜੇ, ਫਿਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਓ ਦੱਖਣ ਤੋਂ ਕਾਦੇਸ਼-ਬਰਨੋਆ ਤੱਕ ਹੋਵੇ ਅਤੇ ਹਸਰ-ਅੱਦਾਰ ਤੱਕ ਜਾ ਕੇ ਅਸਮੋਨ ਨੂੰ ਪਹੁੰਚੇ । ੫ ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤੱਕ ਘੁੰਮੇ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਹੋਵੇ ।
੬ ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ । ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ ।
੭ ਮਹਾਂ ਸਮੁੰਦਰ ਤੋਂ ਤੁਸੀਂ ਹੋਰ ਨਾਮ ਦੇ ਪਰਬਤ ਤੱਕ ਨਿਸ਼ਾਨ ਲਾਓ ਜੋ ਇਹ ਤੁਹਾਡੀ ਉੱਤਰ ਵੱਲ ਦੀ ਹੱਦ ਹੋਵੇ । ੮ ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਗਾਉ ਤਾਂ ਇਹ ਹੱਦ ਸਦਾਦ ਤੱਕ ਪਹੁੰਚੇ । ੯ ਫੇਰ ਹੱਦ ਜ਼ਿਫਰੋਨ ਤੱਕ ਜਾਵੇ ਅਤੇ ਉਹ ਦਾ ਫੈਲਾਓ ਹਸਰ-ਏਨਾਨ ਤੱਕ ਹੋਵੇ । ਇਹ ਤੁਹਾਡੀ ਉੱਤਰ ਦੀ ਹੱਦ ਹੋਵੇ ।
੧੦ ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੱਕ ਨਿਸ਼ਾਨ ਲਾਓ । ੧੧ ਅਤੇ ਸ਼ਫਾਮ ਤੋਂ ਰਿਬਲਾਹ ਤੱਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ । ਅਤੇ ਪੂਰਬ ਵੱਲ ਕਿਨੱਰਥ ਦੀ ਝੀਲ ਦੇ ਕੰਢੇ ਤੱਕ ਪਹੁੰਚ ਕੇ ਤੁਹਾਡੀ ਹੱਦ ਪੱਛਮ ਨੂੰ ਜਾਵੇ । ੧੨ ਅਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ । ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ ।
੧੩ ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਦੇਸ ਹੈ ਜਿਸ ਦਾ ਅਧਿਕਾਰ ਤੁਸੀਂ ਪਰਚੀਆਂ ਪਾ ਕੇ ਲਵੋਗੇ ਜਿਵੇਂ ਤੁਹਾਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ । ੧੪ ਕਿਉਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਪਾ ਲਿਆ ਹੈ । ੧੫ ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਯਰਦਨ ਪਾਰ ਯਰੀਹੋ ਕੋਲ, ਪੂਰਬ ਦਿਸ਼ਾ ਵੱਲ ਪਾ ਲਿਆ ਹੈ ।
ਦੇਸ ਨੂੰ ਵੰਡਣ ਵਾਲੇ ਪ੍ਰਧਾਨ
੧੬ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ੧੭ ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਦੇਸ ਦੀ ਜ਼ਮੀਨ ਵੰਡਣ । ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯਹੋਸ਼ੁਆ । ੧੮ ਨਾਲੇ ਤੁਸੀਂ ਹਰ ਗੋਤ ਤੋਂ ਇੱਕ-ਇੱਕ ਪ੍ਰਧਾਨ ਦੇਸ ਦੀ ਜ਼ਮੀਨ ਵੰਡਣ ਲਈ ਲਿਓ । ੧੯ ਅਤੇ ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹੋਣ, ਯਹੂਦਾਹ ਦੇ ਗੋਤ ਲਈ ਯਫ਼ੁੰਨਹ ਦਾ ਪੁੱਤਰ ਕਾਲੇਬ ੨੦ ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤਰ ਸ਼ਮੂਏਲ ੨੧ ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤਰ ਅਲੀਦਾਦ ੨੨ ਦਾਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਯਾਗਲੀ ਦਾ ਪੁੱਤਰ ਬੁੱਕੀ ੨੩ ਯੂਸੁਫ਼ ਦੇ ਪੁੱਤਰਾਂ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪ੍ਰਧਾਨ ਏਫ਼ੋਦ ਦਾ ਪੁੱਤਰ ਹੰਨੀਏਲ ੨੪ ਅਤੇ ਅਫ਼ਰਈਮੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਿਫਟਾਨ ਦਾ ਪੁੱਤਰ ਕਮੂਏਲ ੨੫ ਅਤੇ ਜ਼ਬੂਲੁਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਪਰਨਾਕ ਦਾ ਪੁੱਤਰ ਅਲੀਸਾਫ਼ਾਨ ੨੬ ਅਤੇ ਯਿੱਸਾਕਾਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੱਜ਼ਾਨ ਦਾ ਪੁੱਤਰ ਪਲਟੀਏਲ ੨੭ ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਲੋਮੀ ਦਾ ਪੁੱਤਰ ਅਹੀਹੂਦ ੨੮ ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੰਮੀਹੂਦ ਦਾ ਪੁੱਤਰ ਪਦਹੇਲ ੨੯ ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਜ਼ਮੀਨ ਵੰਡਣ ।