ਸੱਚੀ ਧਾਰਮਿਕਤਾ
੧ ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ । ਇਹ ਗੱਲਾਂ ਤੁਹਾਨੂੰ ਮੁੜ ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ । ੨ ਕੁੱਤਿਆਂ ਤੋਂ ਸੁਚੇਤ ਰਹੋ । ਕੁਕਰਮੀਆਂ ਤੋਂ ਸੁਚੇਤ ਰਹੋ । ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ । ੩ ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ । ੪ ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ । ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ । ੫ ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ । ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ । ੬ ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ । ਬਿਵਸਥਾ ਦੀ ਧਾਰਮਿਕਤਾ ਦੀ ਪੁੱਛੋ ਤਾਂ ਨਿਰਦੋਸ਼ । ੭ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ । ੮ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ । ੯ ਅਤੇ ਮੈਂ ਉਸ ਵਿੱਚ ਪਾਇਆ ਜਾਂਵਾਂ, ਅਤੇ ਮੇਰੀ ਆਪਣੀ ਧਾਰਮਿਕਤਾ ਨਾਲ ਨਹੀਂ, ਜਿਹੜਾ ਬਿਵਸਥਾ ਤੋਂ ਹੁੰਦੀ ਹੈ, ਸਗੋਂ ਉਸ ਧਾਰਮਿਕਤਾ ਦੇ ਨਾਲ, ਜੋ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਉਸ ਧਾਰਮਿਕਤਾ ਨਾਲ ਜੋ ਪਰਮੇਸ਼ੁਰ ਦੀ ਵੱਲੋਂ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਹੁੰਦੀ ਹੈ । ੧੦ ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ । ੧੧ ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ ।
ਨਿਸ਼ਾਨੇ ਦੇ ਵੱਲ ਦੌੜਨਾ
੧੨ ਇਹ ਨਹੀਂ ਕੀ ਮੈਂ ਪਾ ਚੁੱਕਿਆ ਹਾਂ ਜਾਂ ਸਿੱਧ ਹੋ ਚੁੱਕਿਆ ਹਾਂ ਪਰ ਮੈਂ ਓਸ ਨਿਸ਼ਾਨੇ ਪਿੱਛੇ ਚੱਲਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ । ੧੩ ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ, ੧੪ ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ । ੧੫ ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖ਼ਿਆਲ ਰੱਖੀਏ ਅਤੇ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖ਼ਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਵੀ ਪਰਗਟ ਕਰ ਦੇਵੇਗਾ । ੧੬ ਪਰ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਉਸੇ ਦੇ ਅਨੁਸਾਰ ਚੱਲੀਏ ।
੧੭ ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ । ੧੮ ਕਿਉਂਕਿ ਬਹੁਤੇ ਅਜਿਹੇ ਚੱਲਣ ਵਾਲੇ ਹਨ ਜਿੰਨ੍ਹਾ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਹੰਝੂਆਂ ਨਾਲ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ । ੧੯ ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ । ੨੦ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ । ੨੧ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ ।