੧ ਹੇ ਮੇਰੇ ਪੁੱਤਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ । ੨ ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹਿ, ਅਤੇ ਮੇਰੀ ਸਿੱਖਿਆ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ । ੩ ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ । ੪ ਬੁੱਧ ਨੂੰ ਆਖ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਆਖ, ਤੂੰ ਮੇਰੀ ਸਾਥਣ ਹੈਂ, ੫ ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਈ ਰੱਖਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ ।
ਇੱਕ ਉਦਾਰਹਣ
੬ ਮੈਂ ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ ਵੇਖਿਆ, ੭ ਤਾਂ ਮੈਂ ਭੋਲਿਆਂ ਵਿੱਚੋਂ, ਇੱਕ ਨਿਰਬੁੱਧ ਗੱਭਰੂ ਜੁਆਨ ਵੇਖਿਆ, ੮ ਉਹ ਉਸ ਔਰਤ ਦੇ ਘਰ ਦੀ ਨੁੱਕਰ ਦੇ ਨੇੜ੍ਹੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜ੍ਹਿਆ, ੯ ਦਿਨ ਢਲੇ, ਸ਼ਾਮ ਦੇ ਵੇਲੇ, ਅਤੇ ਕਾਲੀ ਰਾਤ ਦੇ ਹਨੇਰੇ ਵਿੱਚ । ੧੦ ਤਾਂ ਵੇਖੋ, ਇੱਕ ਔਰਤ ਉਸ ਨੂੰ ਆ ਮਿਲੀ, ਜਿਸ ਦਾ ਭੇਸ ਕੰਜਰੀ ਦੇ ਭੇਸ ਜਿਹਾ ਸੀ ਅਤੇ ਉਹ ਮਨ ਮੋਹਣੀ ਸੀ । ੧੧ ਉਹ ਬੜਬੋਲੀ ਅਤੇ ਮਨ-ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ । ੧੨ ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ, ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ । ੧੩ ਸੋ ਉਹ ਨੇ ਉਸ ਨੂੰ ਫੜ੍ਹ ਕੇ ਉਸ ਨੂੰ ਚੁੰਮ ਲਿਆ, ਅਤੇ ਬੇਸ਼ਰਮੀ ਨਾਲ ਉਸ ਨੂੰ ਆਖਿਆ, ੧੪ ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ । ੧੫ ਇਸੇ ਲਈ ਮੈਂ ਤੈਨੂੰ ਮਿਲਣ ਅਤੇ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ । ੧੬ ਮੈਂ ਆਪਣੀ ਸੇਜ ਉੱਤੇ ਪਲੰਗ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛੁਉਣੇ ਵਿਛਾਏ: ੧੭ ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ ਅਤੇ ਦਾਲਚੀਨੀ ਛਿੜਕੀ ਹੈ । ੧੮ ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ, ੧੯ ਕਿਉਂ ਜੋ ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਦੂਰ ਦੇਸ਼ ਦੇ ਸਫ਼ਰ ਤੇ ਗਿਆ ਹੋਇਆ ਹੈ । ੨੦ ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ । ੨੧ ਉਹ ਨੇ ਆਪਣੀਆਂ ਬਾਹਲੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲਾਂ ਦੇ ਲੱਲੋ-ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ । ੨੨ ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਵੱਢੇ ਜਾਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਸਜ਼ਾ ਲਈ ਜਾਵੇ, ੨੩ ਜਦ ਤੱਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨੇ, ਜਿਵੇਂ ਪੰਛੀ ਫਾਹੀ ਵੱਲ ਨੂੰ ਛੇਤੀ ਨਾਲ ਜਾਵੇ, ਅਤੇ ਨਹੀਂ ਜਾਣਦਾ ਭਈ ਇਹ ਉਹ ਉਸ ਦੀ ਜਾਨ ਲੈਣ ਲਈ ਹੈ । ੨੪ ਹੁਣ ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਧਿਆਨ ਲਾਓ । ੨੫ ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਮਾਰਗਾਂ ਵਿੱਚ ਨਾ ਭਟਕਦਾ ਫਿਰੀਂ, ੨੬ ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ ! ੨੭ ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵੱਲ ਲੈ ਜਾਂਦਾ ਹੈ ।