Psalms
ਜ਼ਬੂਰ
ਭੂਮਿਕਾ
ਜ਼ਬੂਰਾਂ ਦੀ ਪੋਥੀ, ਖਾਸ ਕਰਕੇ ਬਾਈਬਲ ਦੇ ਜ਼ਬੂਰਾਂ ਦੀ ਅਤੇ ਪ੍ਰਾਰਥਨਾ ਦੀ ਪੁਸਤਕ ਹੈ । ਇਹ ਜ਼ਬੂਰ ਅਤੇ ਪ੍ਰਾਰਥਨਾਵਾਂ ਵੱਖ-ਵੱਖ ਲੇਖਕਾਂ ਦੁਆਰਾ ਲੰਮੇ ਸਮੇਂ ਵਿੱਚ ਲਿਖੇ ਗਏ । ਇਨ੍ਹਾਂ ਦੀ ਰਚਨਾ ਇਸਰਾਏਲੀ ਲੋਕਾਂ ਨੇ ਕੀਤੀ ਸੀ ਅਤੇ ਉਹ ਪਰਮੇਸ਼ੁਰ ਦੀ ਅਰਾਧਨਾ ਲਈ ਇਸ ਦਾ ਇਸਤੇਮਾਲ ਕਰਦੇ ਸਨ । ਕਹਿਣ ਦਾ ਅਰਥ ਹੈ ਕਿ ਇਹ ਉਨ੍ਹਾਂ ਦੇ ਪਵਿੱਤਰ ਸ਼ਾਸਤਰ ਦਾ ਹਿੱਸਾ ਬਣ ਗਿਆ ਸੀ ।
ਇਹ ਧਾਰਮਿਕ ਕਵਿਤਾਵਾਂ ਕਈ ਪ੍ਰਕਾਰ ਦੀਆਂ ਹਨ: ਪਰਮੇਸ਼ੁਰ ਦੀ ਉਸਤਤ ਅਤੇ ਅਰਾਧਨਾ ਦੇ ਗੀਤ; ਸਹਾਇਤਾ, ਸੁਰੱਖਿਆ ਅਤੇ ਮੁਕਤੀ ਲਈ ਪ੍ਰਾਰਥਨਾਵਾਂ; ਮਾਫ਼ੀ ਪਾਉਣ ਲਈ ਬੇਨਤੀ; ਪਰਮੇਸ਼ੁਰ ਦੀਆਂ ਬਰਕਤਾਂ ਲਈ ਧੰਨਵਾਦ ਦੇ ਗੀਤ; ਅਤੇ ਵੈਰੀਆਂ ਨੂੰ ਸਜ਼ਾ ਦੇਣ ਲਈ ਯਾਚਨਾਵਾਂ । ਇਹ ਪ੍ਰਾਰਥਨਾਵਾਂ ਵਿਅਕਤੀਗਤ ਅਤੇ ਸਮੂਹਿਕ ਵੀ ਹਨ; ਕੁਝ ਪ੍ਰਾਰਥਨਾਵਾਂ ਇੱਕ ਵਿਅਕਤੀ ਦੀਆਂ ਗਹਿਰੀਆਂ ਭਾਵਨਾਵਾਂ ਨੂੰ ਦਿਖਾਉਂਦੀਆਂ ਹਨ, ਜਦੋਂ ਕਿ ਦੂਸਰੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਦੇ ਸਾਰੇ ਲੋਕਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਨੂੰ ਦਿਖਾਉਂਦੀਆਂ ਹਨ ।
ਜ਼ਬੂਰਾਂ ਦਾ ਇਸਤੇਮਾਲ ਪ੍ਰਭੂ ਯਿਸੂ ਨੇ ਕੀਤਾ ਸੀ, ਨਵੇਂ ਨੇਮ ਦੇ ਲੇਖਕਾਂ ਨੇ ਵੀ ਇਸ ਦਾ ਉਲੇਖ ਕੀਤਾ ਸੀ ਅਤੇ ਮਸੀਹੀ ਕਲੀਸਿਯਾ ਲਈ ਸ਼ੁਰੂ ਤੋਂ ਹੀ ਇਹ ਅਰਾਧਨਾ ਲਈ ਇੱਕ ਬਹੁਮੁੱਲ ਪੁਸਤਕ ਬਣ ਗਈ ਸੀ ।
: ਰੂਪ-ਰੇਖਾ
150 ਜ਼ਬੂਰਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ:
ਜ਼ਬੂਰ 1 - 41
ਜ਼ਬੂਰ 42 - 72
ਜ਼ਬੂਰ 73 - 89
ਜ਼ਬੂਰ 90 - 106
ਜ਼ਬੂਰ 107 - 150
Book One
ਜ਼ਬੂਰ 1—41
੧ ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, ਅਤੇ ਨਾ ਮਖੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ ! ੨ ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ । ੩ ਉਹ ਤਾਂ ਉਸ ਦਰਖ਼ਤ ਵਰਗਾ ਹੋਵੇਗਾ, ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁੱਝ ਉਹ ਕਰੇ ਉਹ ਸਫ਼ਲ ਹੁੰਦਾ ਹੈ । ੪ ਦੁਸ਼ਟ ਅਜਿਹੇ ਨਹੀਂ ਹੁੰਦੇ ਪਰ ਉਹ ਘਾਹ-ਫੂਸ ਵਰਗੇ ਹੁੰਦੇ ਹਨ, ਜਿਸ ਨੂੰ ਪੌਣ ਉਡਾ ਲੈ ਜਾਂਦੀ ਹੈ । ੫ ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿ ਸਕਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ, ੬ ਕਿਉਂ ਜੋ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ ।