੧੮
ਦਾਊਦ ਦਾ ਮੁਕਤੀਗਾਨ
ਪ੍ਰਧਾਨ ਵਜਾਉਣ ਵਾਲੇ ਦੇ ਲਈ । ਯਹੋਵਾਹ ਦੇ ਦਾਸ ਦਾਊਦ ਦਾ ਗੀਤ, ਜਿਸ ਦੇ ਵਚਨ ਉਸ ਨੇ ਯਹੋਵਾਹ ਦੇ ਲਈ ਉਸ ਸਮੇਂ ਗਾਏ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਵੈਰੀਆਂ ਅਰਥਾਤ ਸ਼ਾਊਲ ਦੇ ਹੱਥੋਂ ਬਚਾਇਆ ਸੀ । ਉਸ ਨੇ ਕਿਹਾ:
੧ ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ । ੨ ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰੀ ਚੱਟਾਨ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ ਅਤੇ ਮੇਰਾ ਉੱਚਾ ਗੜ੍ਹ ਹੈ । ੩ ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ, ਪੁਕਾਰਾਂਗਾ ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ । ੪ ਮੌਤ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ । ੫ ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਸਾਹਮਣੇ ਹੋਏ । ੬ ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ । ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ । ੭ ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ ! ੮ ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ, ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ । ੯ ਉਸਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਉਹ ਹੇਠਾਂ ਉਤਰਿਆ, ਅਤੇ ਉਸ ਦੇ ਪੈਰਾਂ ਹੇਠ ਘੁੱਪ ਹਨੇਰਾ ਸੀ । ੧੦ ਤਦ ਉਹ ਸਵਰਗੀ ਜੀਵ ਕਰੂਬੀ, ਜਿਸ ਦੇ ਪੰਖ ਸਨ ਉਸ ਉੱਤੇ ਚੜ੍ਹ ਕੇ ਉੱਡਿਆ, ਹਾਂ, ਪੌਣ ਦੇ ਖੰਭਾਂ ਉੱਤੇ ਉਡਾਰੀ ਮਾਰੀ । ੧੧ ਉਸ ਨੇ ਅਨ੍ਹੇਰੇ ਨੂੰ ਆਪਣਾ ਗੁਪਤ ਸਥਾਨ, ਕਾਲੇ ਜਲਾਂ ਅਤੇ ਅਕਾਸ਼ ਦੀਆਂ ਘਟਾਵਾਂ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ । ੧੨ ਉਹ ਦੀ ਹਜ਼ੂਰੀ ਦੀ ਝਲਕ ਤੋਂ ਅਤੇ ਉਹ ਦੀਆਂ ਘਟਾਂਵਾਂ ਦੇ ਵਿਚੋਂ ਗੜੇ ਅਤੇ ਅੰਗਿਆਰੇ ਨਿੱਕਲੇ । ੧੩ ਤਦ ਯਹੋਵਾਹ ਅਕਾਸ਼ ਵਿੱਚ ਗਰਜਿਆ, ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ। ੧੪ ਫੇਰ ਉਸ ਨੇ ਆਪਣੇ ਤੀਰ ਚਲਾ ਕੇ ਉਨ੍ਹਾਂ ਨੂੰ ਛਿੰਨ-ਭਿੰਨ ਕੀਤਾ, ਅਤੇ ਬਿਜਲੀਆਂ ਲਿਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ । ੧੫ ਤਾਂ ਤੇਰੇ ਦਬਕੇ ਦੇ ਕਾਰਨ, ਹੇ ਯਹੋਵਾਹ, ਤੇਰੀਆਂ ਨਾਸਾਂ ਦੇ ਸੁਆਸ ਦੇ ਝੋਕੇ ਦੇ ਕਾਰਨ ਪਾਣੀ ਦੀਆਂ ਨਾਲੀਆਂ ਦਿੱਸ ਪਈਆਂ, ਅਤੇ ਜਗਤ ਦੀਆਂ ਨੀਹਾਂ ਖੁੱਲ੍ਹ ਗਈਆਂ । ੧੬ ਉਸ ਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ ਅਤੇ ਮੈਨੂੰ ਪਾਣੀ ਦੇ ਹੜਾਂ ਵਿਚੋਂ ਕੱਢਿਆ । ੧੭ ਮੇਰੇ ਬਲਵੰਤ ਵੈਰੀ ਤੋਂ ਉਸ ਨੇ ਮੈਨੂੰ ਛੁਡਾਇਆ, ਅਤੇ ਓਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ । ੧੮ ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰਾ ਸਹਾਰਾ ਸੀ । ੧੯ ਉਹ ਮੈਨੂੰ ਖੁੱਲ੍ਹੇ ਸਥਾਨ ਵਿੱਚ ਕੱਢ ਲਿਆਇਆ, ਉਹ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪਰਸੰਨ ਸੀ । ੨੦ ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ, ੨੧ ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ । ੨੨ ਉਹ ਦੇ ਸਾਰੇ ਨਿਆਂ ਮੇਰੇ ਸਾਹਮਣੇ ਰਹੇ, ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ । ੨੩ ਮੈਂ ਉਹ ਦੇ ਨਾਲ ਪੂਰਾ ਉਤਰਿਆ, ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ । ੨੪ ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ ਅਨੁਸਾਰ, ਅਤੇ ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ । ੨੫ ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਏਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਏਂਗਾ । ੨੬ ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਏਂਗਾ, ਅਤੇ ਹਾਠੇ ਲਈ ਤੂੰ ਆਪਣੇ ਆਪ ਨੂੰ ਹਾਠਾ ਵਿਖਾਏਂਗਾ । ੨੭ ਤੂੰ ਦੁੱਖੀ ਲੋਕਾਂ ਨੂੰ ਬਚਾਵੇਂਗਾ, ਪਰ ਉੱਚੀਆਂ ਅੱਖਾਂ ਨੂੰ ਨੀਵੀਆਂ ਕਰੇਂਗਾ । ੨੮ ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਅਨ੍ਹੇਰੇ ਨੂੰ ਚਾਨਣ ਕਰਦਾ ਹੈ । ੨੯ ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜੱਥੇ ਦੇ ਵਿਚੋਂ ਦੀ ਭੱਜ ਸਕਦਾ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਧਾਵਾ ਬੋਲ ਸਕਦਾ ਹਾਂ । ੩੦ ਪਰਮੇਸ਼ੁਰ ਦਾ ਰਾਹ ਪੂਰਾ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ । ੩੧ ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ ? ੩੨ ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ । ੩੩ ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰੀਆਂ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ । ੩੪ ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਉਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੱਖ ਝੁਕਾ ਦਿੰਦੀਆਂ ਹਨ । ੩੫ ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ । ੩੬ ਤੂੰ ਮੇਰੇ ਹੇਠ ਮੇਰੇ ਕਦਮਾਂ ਨੂੰ ਵਧਾਇਆ ਹੈ, ਅਤੇ ਮੇਰੇ ਪੈਰ ਨਹੀਂ ਤਿਲਕੇ । ੩੭ ਮੈਂ ਆਪਣਿਆਂ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਲਿਆ, ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ । ੩੮ ਮੈਂ ਉਨ੍ਹਾਂ ਨੂੰ ਅਜਿਹਾ ਫੰਡਿਆ ਕਿ ਉਹ ਫੇਰ ਨਾ ਉੱਠ ਸਕੇ, ਉਹ ਪੈਰਾਂ ਹੇਠ ਡਿੱਗ ਪਏ ਸਨ । ੩੯ ਤੂੰ ਯੁੱਧ ਦੇ ਲਈ ਮੇਰੇ ਲੱਕ ਨੂੰ ਬਲ ਨਾਲ ਕੱਸਿਆ ਹੈ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ । ੪੦ ਤੂੰ ਮੇਰੇ ਵਿਰੋਧੀਆਂ ਦੀ ਪਿੱਠ ਮੈਨੂੰ ਵਿਖਾਈ, ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆਨਾਸ ਕੀਤਾ । ੪੧ ਉਨ੍ਹਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾਹ ਅੱਗੇ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ । ੪੨ ਫੇਰ ਮੈਂ ਉਹਨਾਂ ਨੂੰ ਹਵਾ ਨਾਲ ਉੱਡਦੀ ਧੂੜ ਵਾਂਗੂੰ ਪੀਹ ਸੁੱਟਿਆ, ਰਸਤੇ ਦੇ ਚਿੱਕੜ ਵਾਂਗੂੰ ਉਨ੍ਹਾਂ ਨੂੰ ਸੁੱਟ ਦਿੱਤਾ । ੪੩ ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾਂ ਦਾ ਮੁਖੀਆ ਥਾਪਿਆ, ਜਿਨ੍ਹਾ ਲੋਕਾਂ ਨੂੰ ਮੈਂ ਨਹੀਂ ਜਾਤਾ ਉਨ੍ਹਾਂ ਨੇ ਮੇਰੀ ਸੇਵਾ ਕੀਤੀ । ੪੪ ਸੁਣਦਿਆਂ ਸਾਰ ਉਹ ਅਧੀਨ ਹੋ ਗਏ, ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ । ੪੫ ਪਰਦੇਸੀ ਕੁਮਲਾ ਗਏ, ਅਤੇ ਆਪਣੇ ਕੋਟਾਂ ਵਿਚੋਂ ਥਰਥਰਾਉਂਦੇ ਹੋਏ ਨਿੱਕਲੇ । ੪੬ ਯਹੋਵਾਹ ਜਿਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚੱਟਾਨ, ਅਤੇ ਮੇਰੇ ਬਚਾਓ ਦੇ ਪਰਮੇਸ਼ੁਰ ਦੀ ਬਜ਼ੁਰਗੀ ਹੋਵੇ ! ੪੭ ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, ਅਤੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ, ੪੮ ਜਿਸ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ, ਹਾਂ, ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ । ੪੯ ਇਸ ਲਈ, ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ । ੫੦ ਉਹ ਆਪਣੇ ਪਾਤਸ਼ਾਹ ਨੂੰ ਵੱਡੀ ਜਿੱਤ ਦਿੰਦਾ ਹੈ, ਅਤੇ ਆਪਣੇ ਮਸਹ ਕੀਤੇ ਹੋਏ ਉੱਤੇ ਅਰਥਾਤ ਦਾਊਦ ਅਤੇ ਉਹ ਦੀ ਅੰਸ ਉੱਤੇ ਸਦਾ ਤੱਕ ਦਯਾ ਕਰਦਾ ਹੈ ।