੨੪
ਮਹਿਮਾਮਈ ਰਾਜਾ
ਦਾਊਦ ਦਾ ਭਜਨ
੧ ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ । ੨ ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆ ਉੱਤੇ ਕਾਇਮ ਕੀਤਾ । ੩ ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ ? ੪ ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀਅ ਬਦੀ ਵੱਲ ਨਹੀਂ ਲਾਇਆ,ਅਤੇ ਛਲਣ ਲਈ ਸਹੁੰ ਨਹੀਂ ਖਾਧੀ । ੫ ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ । ੬ ਇਹ ਪੀੜ੍ਹੀ ਉਹ ਦੇ ਖੋਜੀਆਂ ਦੀ ਹੈ, ਜਿਹੜੀ ਤੇਰੇ ਦਰਸ਼ਨ ਭਾਲਦੀ ਹੈ, ਹੇ ਯਾਕੂਬ । ਸਲਹ । ੭ ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਅਨੰਤਕਾਲ ਦੇ ਦਰਵੱਜਿਓ, ਉੱਚੇ ਹੋ ਜਾਓ ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ । ੮ ਇਹ ਜਲਾਲ ਦਾ ਪਾਤਸ਼ਾਹ ਕੌਣ ਹੈ ? ਯਹੋਵਾਹ ਸਮਰੱਥੀ ਅਤੇ ਬਲੀ, ਯਹੋਵਾਹ ਯੁੱਧ ਵਿੱਚ ਬਲੀ ਹੈ । ੯ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦਿ ਦਰਵੱਜਿਓ, ਉੱਚੇ ਹੋ ਜਾਓ ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ । ੧੦ ਇਹ ਜਲਾਲ ਦਾ ਪਾਤਸ਼ਾਹ ਕੌਣ ਹੈ ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ । ਸਲਹ ।