੨੬
ਇੱਕ ਖਰੇ ਵਿਅਕਤੀ ਦੀ ਪ੍ਰਾਰਥਨਾ
ਦਾਊਦ ਦਾ ਭਜਨ
੧ ਹੇ ਯਹੋਵਾਹ, ਮੇਰਾ ਨਿਆਂ ਕਰ ਕਿਉਂ ਜੋ ਮੈਂ ਖਰਿਆਈ ਨਾਲ ਹੀ ਚੱਲਿਆ ਹਾਂ, ਮੈਂ ਯਹੋਵਾਹ ਉਤੇ ਅਟੱਲ ਭਰੋਸਾ ਰੱਖਿਆ ਹੈ । ੨ ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ, ੩ ਕਿਉਂ ਜੋ ਤੇਰੀ ਦਯਾ ਮੇਰੀ ਅੱਖੀਆਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ । ੪ ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਸੰਗ ਅੰਦਰ ਜਾਂਵਾਂਗਾ । ੫ ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ । ੬ ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਦੇ ਜਲ ਨਾਲ ਧੋਵਾਂਗਾ, ਇਸ ਲਈ ਮੈਂ ਤੇਰੀ ਜਗਵੇਦੀ ਦੀ ਪਰਿਕਰਮਾ ਕਰਾਂਗਾ, ੭ ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ, ਅਤੇ ਤੇਰੇ ਸਾਰਿਆਂ ਅਚਰਜ ਕੰਮਾਂ ਦਾ ਬਿਆਨ ਕਰਾਂ । ੮ ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਰੇ ਨਾਲ ਪ੍ਰੇਮ ਰੱਖਦਾ ਹਾਂ । ੯ ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ, ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ । ੧੦ ਜਿਨ੍ਹਾ ਦੇ ਹੱਥਾਂ ਵਿੱਚ ਸ਼ਰਾਰਤ ਹੈ, ਅਤੇ ਜਿਨ੍ਹਾ ਦਾ ਸੱਜਾ ਹੱਥ ਰਿਸ਼ਵਤਾਂ ਨਾਲ ਭਰਿਆ ਹੋਇਆ ਹੈ । ੧੧ ਪਰ ਮੈਂ ਖਰਾ ਹੀ ਚੱਲਾਂਗਾ, ਮੈਨੂੰ ਛੁਟਕਾਰਾ ਦੇ ਅਤੇ ਮੇਰੇ ਉੱਤੇ ਦਯਾ ਕਰ । ੧੨ ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸਭਾਵਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ ।