੨੯
ਤੂਫ਼ਾਨ ਦੇ ਵਿੱਚ ਪਰਮੇਸ਼ੁਰ ਦੀ ਅਵਾਜ਼
ਦਾਊਦ ਦਾ ਭਜਨ
੧ ਹੇ ਪਰਮੇਸ਼ੁਰ ਦੇ ਪੁੱਤਰੋ, ਮਹਿਮਾ ਅਤੇ ਸਮਰੱਥਾ ਯਹੋਵਾਹ ਦੀ ਮੰਨੋ । ੨ ਮਹਿਮਾ ਯਹੋਵਾਹ ਦੇ ਨਾਮ ਦੀ ਮੰਨੋ, ਪਵਿੱਤਰ ਬਸਤਰ ਵਿੱਚ ਯਹੋਵਾਹ ਨੂੰ ਮੱਥਾ ਟੇਕੋ । ੩ ਯਹੋਵਾਹ ਦੀ ਅਵਾਜ਼ ਪਾਣੀਆਂ ਉੱਤੇ ਹੈ, ਜਲਾਲ ਦਾ ਪਰਮੇਸ਼ੁਰ ਗਰਜਦਾ ਹੈ, ਯਹੋਵਾਹ ਵੱਡੇ ਪਾਣੀਆਂ ਉੱਤੇ ਹੈ । ੪ ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ । ੫ ਯਹੋਵਾਹ ਦੀ ਅਵਾਜ਼ ਦਿਆਰਾਂ ਨੂੰ ਤੋੜਦੀ ਹੈ, ਸਗੋਂ ਯਹੋਵਾਹ ਲਬਾਨੋਨ ਦੇ ਦਿਆਰਾਂ ਨੂੰ ਤੋੜ ਸੁੱਟਦਾ ਹੈ ! ੬ ਉਹ ਉਨ੍ਹਾਂ ਨੂੰ ਵੱਛੇ ਵਾਂਗੂੰ, ਲਬਾਨੋਨ ਅਤੇ ਸਿਰਯੋਨ ਨੂੰ ਜੰਗਲੀ ਵੱਛੇ ਵਾਂਗੂੰ ਕੁਦਾਉਂਦਾ ਹੈ । ੭ ਯਹੋਵਾਹ ਦੀ ਅਵਾਜ਼ ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ, ੮ ਯਹੋਵਾਹ ਦੀ ਅਵਾਜ਼ ਉਜਾੜ ਹਿਲਾਉਂਦੀ ਹੈ, ਯਹੋਵਾਹ ਕਾਦੇਸ਼ ਦੀ ਉਜਾੜ ਨੂੰ ਹਿਲਾਉਂਦਾ ਹੈ ! ੯ ਯਹੋਵਾਹ ਦੀ ਅਵਾਜ਼ ਹਰਨੀਆਂ ਨੂੰ ਪੀੜਾਂ ਲਾ ਦਿੰਦੀ ਹੈ, ਅਤੇ ਜੰਗਲਾਂ ਨੂੰ ਝਾੜ ਸੁੱਟਦੀ ਹੈ, ਅਤੇ ਉਹ ਦੀ ਹੈਕਲ ਵਿੱਚ ਹਰ ਇੱਕ ਆਖਦਾ ਹੈ “ਮਹਿਮਾ ! “ ੧੦ ਯਹੋਵਾਹ ਜਲ ਪਰਲੋ ਉੱਤੇ ਬੈਠਾ ਹੈ, ਅਤੇ ਯਹੋਵਾਹ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ । ੧੧ ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖਸ਼ੇਗਾ ।