੩੦
ਧੰਨਵਾਦ ਦੀ ਪ੍ਰਾਰਥਨਾ
ਭਵਨ ਦੇ ਆਦਰ ਲਈ ਦਾਊਦ ਦਾ ਭਜਨ
੧ ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੂੰ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ । ੨ ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੂੰ ਮੈਨੂੰ ਚੰਗਿਆ ਕੀਤਾ । ੩ ਹੇ ਯਹੋਵਾਹ, ਤੂੰ ਮੇਰੀ ਜਾਨ ਨੂੰ ਪਤਾਲ ਤੋਂ ਉਠਾ ਲਿਆ ਹੈ, ਤੂੰ ਮੈਨੂੰ ਜੀਉਂਦਿਆ ਰੱਖਿਆ ਹੈ ਕਿ ਮੈਂ ਕਬਰ ਵਿੱਚ ਨਾ ਉਤਰ ਜਾਂਵਾਂ । ੪ ਹੇ ਯਹੋਵਾਹ ਦੇ ਸੰਤੋ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ ! ੫ ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ । ਭਾਵੇਂ ਰਾਤ ਨੂੰ ਰੋਣਾ ਪਵੇ, ਪਰ ਸਵੇਰ ਨੂੰ ਜੈ-ਜੈ ਕਾਰ ਹੋਵੇਗੀ । ੬ ਮੈਂ ਤਾਂ ਸੁੱਖ ਦੇ ਵੇਲੇ ਆਖਿਆ ਸੀ, ਕਿ ਮੈਂ ਕਦੀ ਨਹੀਂ ਡੋਲਾਂਗਾ । ੭ ਹੇ ਯਹੋਵਾਹ, ਤੂੰ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਸਥਿਰ ਰੱਖਿਆ, ਤੂੰ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ । ੮ ਹੇ ਯਹੋਵਾਹ, ਮੈਂ ਤੈਂਨੂੰ ਪੁਕਾਰਿਆ, ਅਤੇ ਪ੍ਰਭੂ ਅੱਗੇ ਮੈਂ ਇਹ ਬੇਨਤੀ ਕੀਤੀ, ੯ ਕਿ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਕਬਰ ਵਿੱਚ ਉਤਰ ਜਾਂਵਾਂ ? ਭਲਾ, ਮਿੱਟੀ ਤੇਰਾ ਧੰਨਵਾਦ ਕਰੇਗੀ ? ਭਲਾ, ਉਹ ਤੇਰੀ ਸਚਿਆਈ ਦੱਸੇਗੀ ? ੧੦ ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ ! ੧੧ ਤੂੰ ਮੇਰੇ ਪਿੱਟਣ ਨੂੰ ਨੱਚਣ ਨਾਲ ਬਦਲ ਦਿੱਤਾ, ਤੂੰ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ । ੧੨ ਜੋ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ ।