੩੧
ਪਰਮੇਸ਼ੁਰ ਉੱਤੇ ਭਰੋਸੇ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ
੧ ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ, ਆਪਣੇ ਧਰਮ ਨਾਲ ਮੈਨੂੰ ਛੁਡਾ ! ੨ ਆਪਣਾ ਕੰਨ ਮੇਰੀ ਵੱਲ ਝੁਕਾ ਅਤੇ ਮੈਨੂੰ ਛੇਤੀ ਛੁਡਾ ! ਤੂੰ ਮੇਰੇ ਲਈ ਇੱਕ ਮਜਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ । ੩ ਤੂੰ ਹੀ ਤਾਂ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ, ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, ਅਤੇ ਮੇਰੀ ਅਗਵਾਈ ਕਰ । ੪ ਤੂੰ ਉਸ ਜਾਲ਼ ਵਿਚੋਂ ਜਿਹੜਾ ਉਨ੍ਹਾਂ ਨੇ ਮੇਰੇ ਲਈ ਲੁਕ ਕੇ ਵਿਛਾਇਆ ਹੈ ਮੈਨੂੰ ਕੱਢ, ਤੂੰ ਜੋ ਮੇਰਾ ਗੜ੍ਹ ਹੈਂ । ੫ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, ਤੂੰ ਮੈਨੂੰ ਛੁਟਕਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ ! ੬ ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਦੇਵਤਿਆਂ ਨੂੰ ਮੰਨਦੇ ਹਨ, ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ । ੭ ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੂੰ ਮੇਰੇ ਦੁੱਖ ਨੂੰ ਵੇਖਿਆ ਹੈ, ਤੂੰ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ । ੮ ਤੂੰ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ, ਤੂੰ ਖੁਲੇ ਥਾਂ ਵਿੱਚ ਮੇਰੇ ਪੈਰ ਸਥਿਰ ਕੀਤੇ ਹਨ । ੯ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਸਮੱਸਿਆ ਵਿੱਚ ਹਾਂ । ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ਼ ਗਈਆਂ, ਮੇਰੀ ਜਾਨ ਅਤੇ ਮੇਰਾ ਸਰੀਰ ਵੀ । ੧੦ ਮੇਰਾ ਜੀਵਨ ਸੋਗ ਵਿੱਚ ਅਤੇ ਮੇਰੇ ਸਾਲ ਹੌਕੇ ਭਰਨ ਵਿੱਚ ਲੰਘ ਗਏ ਹਨ, ਮੇਰੀ ਬਦੀ ਦੇ ਕਾਰਨ ਮੇਰਾ ਬਲ ਘੱਟ ਗਿਆ ਹੈ, ਅਤੇ ਮੇਰੀਆਂ ਹੱਡੀਆਂ ਗਲ਼ ਗਈਆਂ ਹਨ । ੧੧ ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, ਖਾਸ ਕਰਕੇ ਆਪਣੇ ਗੁਆਂਢੀਆਂ ਵਿੱਚ, ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਡਰ ਦਾ ਕਾਰਨ, ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ । ੧੨ ਮੈਂ ਮਰੇ ਹੋਏ ਵਾਂਗੂੰ ਮਨੋਂ ਭੁਲਾ ਦਿੱਤਾ ਗਿਆ ਹਾਂ, ਅਤੇ ਟੁੱਟੇ ਹੋਏ ਭਾਂਡੇ ਵਰਗਾ ਹਾਂ । ੧੩ ਮੈਂ ਤਾਂ ਬਹੁਤਿਆਂ ਦੀ ਬਦਨਾਮੀ ਸੁਣੀ ਹੈ, ਅਤੇ ਆਲੇ-ਦੁਆਲੇ ਭੈ ਹੀ ਭੈ ਸੀ, ਜਦੋਂ ਉਨ੍ਹਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ, ਮੇਰੀ ਜਾਨ ਲੈਣ ਦੀ ਯੋਜਨਾ ਕੀਤੀ । ੧੪ ਪਰ ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, ਮੈਂ ਆਖਿਆ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ । ੧੫ ਮੇਰੇ ਸਮੇਂ ਤੇਰੇ ਹੱਥ ਵਿੱਚ ਹਨ, ਤੂੰ ਮੈਨੂੰ ਮੇਰੇ ਵੈਰੀਆਂ ਅਤੇ ਸਤਾਉਣ ਵਾਲਿਆਂ ਦੇ ਹੱਥੋਂ ਛੁਡਾ । ੧੬ ਆਪਣੇ ਮੁੱਖ ਨੂੰ ਆਪਣੇ ਦਾਸ ਉੱਤੇ ਚਮਕਾ, ਆਪਣੀ ਦਯਾ ਨਾਲ ਮੈਨੂੰ ਬਚਾ ! ੧੭ ਹੇ ਯਹੋਵਾਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਮੈਂ ਜੋ ਤੈਂਨੂੰ ਪੁਕਾਰਿਆ ਹੈ । ਦੁਸ਼ਟ ਸ਼ਰਮਿੰਦੇ ਹੋਣ, ਓਹ ਚੁੱਪ-ਚਾਪ ਪਤਾਲ ਵਿੱਚ ਪਏ ਰਹਿਣ ! ੧੮ ਉਹ ਝੂਠੇ ਬੁੱਲ ਬੰਦ ਹੋ ਜਾਣ, ਜਿਹੜੇ ਧਰਮੀ ਦੇ ਵਿਰੁੱਧ ਬੇਅਦਬੀ ਦੇ ਨਾਲ, ਹੰਕਾਰ ਅਤੇ ਨਫ਼ਰਤ ਨਾਲ ਬੋਲਦੇ ਹਨ ! ੧੯ ਕਿੰਨ੍ਹੀ ਵੱਡੀ ਹੈ ਤੇਰੀ ਭਲਿਆਈ ! ਜਿਹੜੀ ਤੂੰ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ, ਜਿਹੜੀ ਤੂੰ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ ਦੇ ਸਨਮੁੱਖ ਪਰਗਟ ਕੀਤੀ ਹੈ । ੨੦ ਤੂੰ ਉਨ੍ਹਾਂ ਨੂੰ ਆਪਣੀ ਹਜ਼ੂਰੀ ਦੀ ਓਟ ਵਿੱਚ ਮਨੁੱਖ ਦੀਆਂ ਜੁਗਤਾਂ ਤੋਂ ਛਿਪਾਵੇਂਗਾ, ਤੂੰ ਉਨ੍ਹਾਂ ਨੂੰ ਜੀਭਾਂ ਦੇ ਝਗੜੇ ਤੋਂ ਆਪਣੇ ਮੰਡਪ ਵਿੱਚ ਲੁਕਾ ਰੱਖੇਂਗਾ । ੨੧ ਯਹੋਵਾਹ ਮੁਬਾਰਕ ਹੋਵੇ, ਕਿਉਂ ਜੋ ਉਸ ਨੇ ਇੱਕ ਘੇਰੇ ਹੋਏ ਸ਼ਹਿਰ ਵਿੱਚ ਮੇਰੇ ਉੱਤੇ ਆਪਣੀ ਅਚਰਜ ਦਯਾ ਕੀਤੀ ਹੈ । ੨੨ ਪਰ ਮੈਂ ਆਪਣੀ ਘਬਰਾਹਟ ਵਿੱਚ ਆਖਿਆ ਸੀ ਕਿ ਤੇਰੀਆਂ ਅੱਖੀਆਂ ਦੇ ਅੱਗੋਂ ਮੈਂ ਕੱਟਿਆਂ ਗਿਆ ਹਾਂ, ਤਾਂ ਵੀ ਜਦੋਂ ਮੈਂ ਤੇਰੀ ਦੁਹਾਈ ਦਿੱਤੀ ਤੂੰ ਮੇਰੀਆਂ ਬੇਨਤੀਆਂ ਦੀ ਅਵਾਜ਼ ਸੁਣੀ । ੨੩ ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖਾ ਹੈ, ਪਰ ਹੰਕਾਰੀਆਂ ਦਾ ਪੂਰੀ ਤਰ੍ਹਾਂ ਬਦਲਾ ਲੈਂਦਾ ਹੈ । ੨੪ ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਲੇਰ ਹੋਵੇ !