੩੩
ਸਤੂਤੀ ਦਾ ਗੀਤ
੧ ਹੇ ਧਰਮੀਓ, ਯਹੋਵਾਹ ਦੀ ਜੈ-ਜੈ ਕਾਰ ਕਰੋ, ਖਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ । ੨ ਬਰਬਤ ਵਜਾ ਕੇ ਯਹੋਵਾਹ ਦਾ ਧੰਨਵਾਦ ਕਰੋ, ਦਸ ਤਾਰ ਦੀ ਸਿਤਾਰ ਵਜਾ ਕੇ ਉਹ ਦੀ ਉਸਤਤ ਗਾਓ । ੩ ਉਸ ਦੇ ਲਈ ਇੱਕ ਨਵਾ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ । ੪ ਯਹੋਵਾਹ ਦਾ ਬਚਨ ਸੱਚ ਹੈ, ਅਤੇ ਉਹ ਦੇ ਸਾਰੇ ਕੰਮ ਵਫ਼ਾਦਾਰੀ ਨਾਲ ਹੁੰਦੇ ਹਨ । ੫ ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਹੈ, ਯਹੋਵਾਹ ਦੀ ਦਯਾ ਨਾਲ ਧਰਤੀ ਭਰਪੂਰ ਹੈ । ੬ ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, ਅਤੇ ਉਹਨਾਂ ਦੀ ਸਾਰੀ ਵੱਸੋਂ ਉਹ ਦੇ ਮੂੰਹ ਦੇ ਸਵਾਸ ਨਾਲ ੭ ਉਹ ਸਮੁੰਦਰ ਦੇ ਪਾਣੀ ਨੂੰ ਢੇਰਾਂ ਵਿੱਚ ਇਕੱਠਿਆਂ ਕਰਦਾ ਹੈ, ਉਹ ਡੂੰਘਿਆ ਪਾਣੀਆਂ ਨੂੰ ਭੰਡਾਰ ਵਿੱਚ ਰੱਖਦਾ ਹੈ । ੮ ਸਾਰੀ ਧਰਤੀ ਯਹੋਵਾਹ ਤੋਂ ਡਰੇ, ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ, ੯ ਕਿਉਂ ਜੋ ਉਸ ਨੇ ਆਖਿਆ ਅਤੇ ਉਹ ਹੋ ਗਿਆ, ਉਸ ਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ । ੧੦ ਯਹੋਵਾਹ ਕੌਮਾਂ ਦੀ ਸਲਾਹ ਨੂੰ ਅਕਾਰਥ ਕਰਦਾ, ਲੋਕਾਂ ਦੀਆਂ ਜੁਗਤਾਂ ਨੂੰ ਵਿਅਰਥ ਕਰ ਦਿੰਦਾ ਹੈ । ੧੧ ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜੀਓ ਪੀੜ੍ਹੀ । ੧੨ ਧੰਨ ਉਹ ਕੌਮ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਪਰਜਾ ਜਿਸ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ ! ੧੩ ਯਹੋਵਾਹ ਸਵਰਗ ਤੋਂ ਨਿਗਾਹ ਮਾਰਦਾ ਹੈ, ਉਹ ਸਾਰੇ ਆਦਮ ਵੰਸੀਆ ਨੂੰ ਵੇਖਦਾ ਹੈ । ੧੪ ਉਹ ਆਪਣੇ ਵਸੇਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ । ੧੫ ਉਨ੍ਹਾਂ ਸਭਨਾਂ ਦੇ ਦਿਲਾਂ ਨੂੰ ਉਹੋ ਰਚਦਾ ਹੈ, ਉਹੋ ਉਨ੍ਹਾਂ ਦੇ ਸਾਰਿਆਂ ਕੰਮਾਂ ਨੂੰ ਸਮਝਦਾ ਹੈ । ੧੬ ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ, ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ । ੧੭ ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ, ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਹੈ । ੧੮ ਵੇਖੋ, ਯਹੋਵਾਹ ਦੀ ਨਜ਼ਰ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ, ਉਨ੍ਹਾਂ ਉੱਤੇ ਜਿਹੜੇ ਉਸ ਦੀ ਦਯਾ ਨੂੰ ਉਡੀਕਦੇ ਹਨ, ੧੯ ਕਿ ਉਨ੍ਹਾਂ ਦੀ ਜਾਨ ਮੌਤ ਤੋਂ ਛੁਡਾਵੇ,ਅਤੇ ਕਾਲ ਵਿੱਚ ਉਹਨਾਂ ਨੂੰ ਜੀਉਂਦਿਆ ਰੱਖੇ । ੨੦ ਸਾਡਾ ਮਨ ਯਹੋਵਾਹ ਦੀ ਉਡੀਕ ਕਰਦਾ ਹੈ, ਉਹੋ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ । ੨੧ ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ, ਕਿਉਂ ਜੋ ਅਸੀਂ ਉਹ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ । ੨੨ ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ, ਤਿਵੇਂ ਹੇ ਯਹੋਵਾਹ, ਤੇਰੀ ਦਯਾ ਸਾਡੇ ਉੱਤੇ ਹੋਵੇ ।