੪੬
ਪਰਮੇਸ਼ੁਰ ਸਾਡੀ ਪਨਾਹ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਅਲਾਮੋਤ ਦੀ ਰਾਗ ਉੱਤੇ ਇੱਕ ਗੀਤ
੧ ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ, ੨ ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ, ਅਤੇ ਪਹਾੜ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ, ੩ ਭਾਵੇਂ ਉਹ ਦੇ ਪਾਣੀ ਗਰਜਣ ਅਤੇ ਝੱਗ ਛੱਡਣ, ਅਤੇ ਪਹਾੜ ਉਸ ਦੇ ਵਧਣ ਦੇ ਕਾਰਨ ਥਰ ਥਰਾਉਣ । ਸਲਹ । ੪ ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ੁਰ ਦੇ ਨਗਰ ਨੂੰ, ਅੱਤ ਮਹਾਨ ਦੇ ਡੇਰਿਆਂ ਅਤੇ ਅਤੇ ਪਵਿੱਤਰ ਸਥਾਨ ਨੂੰ ਅਨੰਦਿਤ ਕਰਦੀਆਂ ਹਨ । ੫ ਪਰਮੇਸ਼ੁਰ ਉਹ ਦੇ ਵਿੱਚ ਹੈ, ਉਹ ਨਾ ਡੋਲੇਗਾ, ਪਰਮੇਸ਼ੁਰ ਅੰਮ੍ਰਿਤ ਵੇਲੇ ਉਹ ਦੀ ਸਹਾਇਤਾ ਕਰੇਗਾ । ੬ ਕੌਮਾਂ ਨੇ ਹੁਲੜ ਮਚਾਇਆ, ਰਾਜ ਡੋਲ ਗਏ, ਉਸ ਨੇ ਆਪਣਾ ਸ਼ਬਦ ਸੁਣਾਇਆ ਅਤੇ ਧਰਤੀ ਪੰਘਰ ਗਈ । ੭ ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ । ਸਲਹ । ੮ ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਸ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ । ੯ ਉਹ ਧਰਤੀ ਦੇ ਬੰਨਿਆਂ ਤੱਕ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁੱਖ ਨੂੰ ਭੰਨ ਸੁੱਟਦਾ ਹੈ ਅਤੇ ਬਰਛੀ ਦੇ ਟੋਟੇ-ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ ! ੧੦ ਥਮ੍ਹ ਜਾਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ, ਮੈਂ ਕੌਮਾਂ ਵਿੱਚ ਵਡਿਆਇਆ ਜਾਂਵਾਂਗਾ, ਮੈਂ ਧਰਤੀ ਉੱਤੇ ਵਡਿਆਇਆ ਜਾਂਵਾਂਗਾ ! ੧੧ ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ । ਸਲਹ ।