੮੧
ਪਰਮੇਸ਼ੁਰ ਦੀ ਭਲਾਈ ਅਤੇ ਇਸਰਾਏਲ ਦਾ ਹਠ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਥ ਰਾਗ ਵਿੱਚ ਆਸਾਫ਼ ਦਾ ਭਜਨ ।
੧ ਸਾਡੇ ਬਲ ਦੇ ਪਰਮੇਸ਼ੁਰ ਦਾ ਜੈਕਾਰਾ ਗਜਾਓ, ਯਾਕੂਬ ਦੇ ਪਰਮੇਸ਼ੁਰ ਲਈ ਖੁਸ਼ੀ ਨਾਲ ਲਲਕਾਰੋ ! ੨ ਕੋਈ ਭਜਨ ਛੇੜੋ, ਅਤੇ ਡੱਫ, ਮਿੱਠੀ ਅਵਾਜ਼ ਦੀ ਪਰਬਤ ਅਤੇ ਸਿਤਾਰ ਨਾਲ ਵਜਾਓ । ੩ ਅਮੱਸਿਆ ਉੱਤੇ ਤੁਰ੍ਹੀ ਵਜਾਓ, ਨਾਲੇ ਪੂਰਨਮਾਸੀ ਉੱਤੇ ਵੀ ਜੋ ਸਾਡੇ ਪਰਬ ਦਾ ਦਿਨ ਹੈ । ੪ ਉਹ ਤਾਂ ਇਸਰਾਏਲ ਲਈ ਇੱਕ ਬਿਧੀ ਹੈ, ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮਨਾਮਾ ਹੈ । ੫ ਉਸ ਨੇ ਉਹ ਨੂੰ ਯੂਸੁਫ਼ ਲਈ ਸਾਖੀ ਠਹਿਰਾਇਆ, ਜਦ ਉਹ ਮਿਸਰ ਦੇਸ ਦੇ ਵਿਰੁੱਧ ਨਿੱਕਲਿਆ । ਮੈਂ ਇੱਕ ਹੀ ਬੋਲੀ ਸੁਣਨ ਲੱਗਾ ਜੋ ਮੈਂ ਨਹੀਂ ਜਾਣਦਾ, — ੬ ਮੈਂ ਉਹ ਦੇ ਮੋਢੇ ਦੇ ਉੱਤੋਂ ਭਾਰ ਲਹਾਇਆ, ਉਹ ਦੇ ਹੱਥ ਟੋਕਰੀ ਤੋਂ ਛੁੱਟ ਗਏ । ੭ ਤੂੰ ਬਿਪਤਾ ਵਿੱਚ ਪੈ ਕੇ ਪੁਕਾਰਿਆ ਤਾਂ ਮੈਂ ਤੈਨੂੰ ਛੁਡਾਇਆ, ਗੱਜਣ ਦੇ ਗੁਪਤ ਸਥਾਨ ਵਿਚੋਂ ਮੈਂ ਤੈਨੂੰ ਉੱਤਰ ਦਿੱਤਾ, ਮਰੀਬਾਹ ਦੇ ਪਾਣੀ ਕੋਲ ਮੈਂ ਤੈਨੂੰ ਪਰਖਿਆ । ਸਲਹ । ੮ ਸੁਣ, ਹੇ ਮੇਰੀ ਪਰਜਾ ਅਤੇ ਮੈਂ ਤੈਨੂੰ ਸਾਖੀ ਦਿਆਂਗਾ, ਹੇ ਇਸਰਾਏਲ, ਕਾਸ਼ ਕਿ ਤੂੰ ਮੇਰੀ ਸੁਣਦਾ ! । ੯ ਤੇਰੇ ਵਿੱਚ ਕੋਈ ਓਪਰਾ ਦਿਓਤਾ ਨਾ ਹੋਵੇ, ਅਤੇ ਨਾ ਤੂੰ ਕਿਸੇ ਪਰਾਏ ਦਿਓਤੇ ਅੱਗੇ ਮੱਥਾ ਟੇਕੀਂ ! ੧੦ ਯਹੋਵਾਹ ਤੇਰਾ ਪਰਮੇਸ਼ੁਰ ਮੈਂ ਹੀ ਹਾਂ, ਜੋ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਇਆ, ਆਪਣਾ ਮੂੰਹ ਟੱਡ ਤਾਂ ਮੈਂ ਉਹ ਨੂੰ ਭਰ ਦਿਆਂਗਾ । ੧੧ ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ, ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ, ੧੨ ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਦੇ ਖਚਰਪੁਣੇ ਉੱਤੇ ਜਾਣ ਦਿੱਤਾ, ਕਿ ਓਹ ਆਪਣੇ ਹੀ ਮਤਿਆਂ ਦੇ ਅਨੁਸਾਰ ਚੱਲਣ । ੧੩ ਕਾਸ਼ ਕੇ ਮੇਰੀ ਪਰਜਾ ਮੇਰੀ ਸੁਣਦੀ, ਅਤੇ ਇਸਰਾਏਲ ਮੇਰੇ ਮਾਰਗਾਂ ਉੱਤੇ ਚੱਲਦਾ ! ੧੪ ਤਾਂ ਮੈਂ ਛੇਤੀ ਉਨ੍ਹਾਂ ਦੇ ਵੈਰੀਆਂ ਨੂੰ ਹੇਠਾਂ ਦੱਬ ਦਿੰਦਾ, ਅਤੇ ਉਨ੍ਹਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੁੱਕਦਾ ! ੧੫ ਯਹੋਵਾਹ ਦੇ ਵੈਰੀ ਅਧੀਨ ਬਣ ਬਹਿੰਦੇ, ਪਰ ਉਨ੍ਹਾਂ ਦਾ ਸਮਾਂ ਸਦਾ ਰਹਿੰਦਾ, ੧੬ ਅਤੇ ਉਹ ਉਨ੍ਹਾਂ ਨੂੰ ਚੰਗੀ ਤੋਂ ਚੰਗੀ ਕਣਕ ਖੁਆਲਦਾ, ਅਤੇ ਪਹਾੜੀ ਸ਼ਹਿਤ ਨਾਲ ਮੈਂ ਤੈਨੂੰ ਤ੍ਰਿਪਤ ਕਰਦਾ ! ।