੯੬
ਪਰਮੇਸ਼ੁਰ ਸਰਬ ਉੱਚ ਰਾਜਾ
(1 ਇਤਿਹਾਸ 16:23-33)
੧ ਯਹੋਵਾਹ ਲਈ ਇੱਕ ਨਵਾਂ ਗੀਤ ਲਈ ਗਾਓ, ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ ! ੨ ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ, ਉਹ ਦੀ ਮੁਕਤੀ ਦਾ ਦਿਨੋ ਦਿਨ ਪਰਚਾਰ ਕਰੋ ! ੩ ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਣਨ ਕਰੋ । ੪ ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ, ਸਾਰੇ ਦੇਵਤਿਆਂ ਨਾਲੋਂ ਉਹ ਭੈ ਦਾਇਕ ਹੈ । ੫ ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ । ੬ ਉਪਮਾ ਅਤੇ ਮਾਣ ਉਹ ਦੇ ਹਜ਼ੂਰ ਹਨ, ਸਮਰੱਥਾ ਅਤੇ ਸੁਹੱਪਣ ਉਹ ਦੇ ਪਵਿੱਤਰ ਭਵਨ ਵਿੱਚ । ੭ ਲੋਕਾਂ ਦੀਓ ਕੁੱਲੋ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, ੮ ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਨਜ਼ਰਾਨਾ ਲੈ ਕੇ ਉਹ ਦੇ ਦਰਬਾਰ ਵਿੱਚ ਆਓ ! ੯ ਯਹੋਵਾਹ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਤੇਜੋ । ਹੇ ਸਾਰੀ ਸਰਿਸ਼ਟੀ, ਉਹ ਦੇ ਸਨਮੁੱਖ ਥਰ-ਥਰ ਕਰੋ ! ੧੦ ਕੌਮਾਂ ਵਿੱਚ ਆਖੋ ਕਿ ਯਹੋਵਾਹ ਰਾਜ ਕਰਦਾ ਹੈ, ਤਾਂ ਈ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ, ਉਹ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ । ੧੧ ਅਕਾਸ਼ ਅਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ, ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, ੧੨ ਮਦਾਨ ਅਤੇ ਜੋ ਕੁੱਝ ਉਹ ਦੇ ਵਿੱਚ ਹੈ ਬਾਗ ਬਾਗ ਹੋਵੇ ! ਫੇਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ, ੧੩ ਯਹੋਵਾਹ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ, ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ, ਅਤੇ ਲੋਕਾਂ ਦਾ ਆਪਣੀ ਸਚਿਆਈ ਨਾਲ ਨਿਆਂ ਕਰੇਗਾ ।