੯੮
ਪਰਮੇਸ਼ੁਰ ਦੀ ਸੱਚਾਈ ਦੇ ਲਈ ਉਸਤਤ ਦਾ ਗੀਤ
ਭਜਨ
੧ ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫਤਿਹ ਪਾਈ ਹੈ । ੨ ਯਹੋਵਾਹ ਨੇ ਆਪਣੀ ਫਤਿਹ ਪਰਗਟ ਕੀਤੀ ਹੈ, ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ । ੩ ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫਤਿਹ ਨੂੰ ਡਿੱਠਾ ਹੈ । ੪ ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ, ੫ ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, ਰਸੀਲੇ ਸੁਰ ਨਾਲ ਬਰਬਤ ਵਜਾ ਕੇ ੬ ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ । ੭ ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, ਜਗਤ ਅਤੇ ਉਹ ਦੇ ਵਾਸੀ ਵੀ । ੮ ਨਦੀਆਂ ਤਾਲ ਦੇਣ, ਪਹਾੜ ਰਲ ਕੇ ਜੈ ਜੈ ਕਾਰ ਕਰਨ, ੯ ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ ।