੧੦੨
ਸੰਕਟ ਦੇ ਫਸੇ ਨੌਜਵਾਨ ਦੀ ਪ੍ਰਾਰਥਨਾ
ਦੀਨ ਜਨ ਦੀ ਉਸ ਸਮੇਂ ਦੀ ਪ੍ਰਾਰਥਨਾ ਜਦੋਂ ਉਹ ਦੁੱਖ ਦਾ ਮਾਰਿਆ ਆਪਣੇ ਸੋਗ ਦੀਆਂ ਸਾਰੀਆਂ ਗੱਲਾਂ ਯਹੋਵਾਹ ਦੇ ਅੱਗੇ ਖੋਲ੍ਹ ਕੇ ਕਹਿੰਦਾ ਹੈ
੧ ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ ! ੨ ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣਾ ਕੰਨ ਮੇਰੀ ਵੱਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ ! ੩ ਮੇਰੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ । ੪ ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ । ੫ ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ । ੬ ਮੈਂ ਉਜਾੜ ਦੇ ਲੰਮਢੀਂਗ ਦੇ ਤੁੱਲ ਹੋਇਆ, ਅਤੇ ਵਿਰਾਨੇ ਦਾ ਉੱਲੂ ਬਣਿਆ ! ੭ ਮੈਂ ਜਾਗਦਾ ਰਿਹਾ ਅਤੇ ਉਸ ਚਿੜੀ ਵਰਗਾ ਬਣਿਆ, ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ । ੮ ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ, ਅਤੇ ਮੇਰੇ ਜਾਨੀ ਦੁਸ਼ਮਨ ਮੇਰਾ ਨਾਉਂ ਲੈ ਕੇ ਫਿਟਕਾਰਾਂ ਪਾਉਂਦੇ ਹਨ । ੯ ਮੈਂ ਤਾਂ ਰੋਟੀ ਵਾਂਗੂੰ ਸੁਆਹ ਫੱਕਦਾ ਹਾਂ, ਅਤੇ ਆਪਣੇ ਪੀਣ ਵਿੱਚ ਅੰਝੂ ਮਿਲਾਉਂਦਾ ਹਾਂ । ੧੦ ਇਹ ਤੇਰੇ ਗੁੱਸੇ ਤੇ ਕਹਿਰ ਕਾਰਨ ਹੋਇਆ, ਕਿਉਂ ਜੋ ਤੂੰ ਚੁੱਕ ਕੇ ਮੈਨੂੰ ਫੇਰ ਪਟਕਾ ਸੁੱਟ ਦਿੱਤਾ ! ੧੧ ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ । ੧੨ ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, ਅਤੇ ਤੇਰਾ ਸਿਮਰਨ ਪੀੜ੍ਹੀਓ ਪੀੜ੍ਹੀ ਤੱਕ ! ੧੩ ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ, ਕਿਉਂ ਜੋ ਤਰਸ ਖਾਣ ਦਾ ਸਮਾਂ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ । ੧੪ ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ ਹਨ, ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ । ੧੫ ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈ ਖਾਣਗੀਆਂ, ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ । ੧੬ ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, ਤਾਂ ਉਹ ਆਪਣੇ ਪਰਤਾਪ ਵਿੱਚ ਪ੍ਰਗਟ ਹੋਇਆ । ੧੭ ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ । ੧੮ ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ, ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ । ੧੯ ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ, ੨੦ ਕਿ ਗ਼ੁਲਾਮ ਦਾ ਹਾਹੁਕਾ ਸੁਣੇ, ਅਤੇ ਮਰਨ ਵਾਲਿਆਂ ਨੂੰ ਛੁਡਾਵੇ, ੨੧ ਤਾਂ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ, ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ ਕਰਨ, ੨੨ ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ । ੨੩ ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ, ਉਸ ਨੇ ਮੇਰੀ ਆਯੂ ਨੂੰ ਘਟਾਇਆ । ੨੪ ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ ਵਿੱਚ ਮੈਨੂੰ ਉਠਾ ਨਾ ਲੈ, ਪੀੜ੍ਹੀਓ ਪੀੜ੍ਹੀ ਤੇਰੇ ਵਰ੍ਹੇ ਹਨ ! ੨੫ ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦਾ ਕਾਰਜ ਹੈ । ੨੬ ਓਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, ਓਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, ਸੋ ਓਹ ਬਦਲ ਹੀ ਜਾਣਗੇ ! ੨੭ ਪਰ ਤੂੰ ਓਹੀ ਹੈਂ, ਅਤੇ ਤੇਰੇ ਵਰ੍ਹੇ ਮੁਕਣਗੇ ਨਹੀਂ । ੨੮ ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ, ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁੱਖ ਕਾਇਮ ਰਹੇਗੀ ।