੧੦੪
ਸਿਰਜਣਹਾਰ ਦੀ ਉਸਤਤ
੧ ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੂੰ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ ! ੨ ਤੂੰ ਚਾਨਣ ਨੂੰ ਪੁਸ਼ਾਕ ਵਾਂਗੂੰ ਹੈਂ, ਤੂੰ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈਂ, — ੩ ਤੂੰ ਜੋ ਆਪਣੇ ਚੁਬਾਰਿਆਂ ਦੇ ਸ਼ਤੀਰਾਂ ਨੂੰ ਪਾਣੀਆਂ ਉੱਤੇ ਬੀੜਦਾ ਹੈਂ, ਜੋ ਘਟਾ ਨੂੰ ਆਪਣੇ ਰਥ ਬਣਾਉਂਦਾ ਹੈਂ, ਅਤੇ ਹਵਾ ਦੇ ਪਰਾਂ ਉੱਤੇ ਸੈਲ ਕਰਦਾ ਹੈਂ, ੪ ਤੂੰ ਹਵਾਵਾਂ ਨੂੰ ਆਪਣੇ ਹਲਕਾਰੇ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈਂ । ੫ ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਕਿ ਉਹ ਸਦਾ ਤੱਕ ਅਟੱਲ ਰਹੇ । ੬ ਤੂੰ ਉਹ ਨੂੰ ਡੂੰਘਿਆਈ ਨਾਲ ਇਉਂ ਕੱਜਿਆ ਜਿਵੇਂ ਪੁਸ਼ਾਕ ਨਾਲ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ । ੭ ਓਹ ਤੇਰੇ ਨਾਲ ਦਬਕੇ ਨਾਲ ਨੱਠ ਗਏ, ਉਹ ਤੇਰੀ ਗੜ੍ਹਕ ਦੀ ਅਵਾਜ਼ ਤੋਂ ਸ਼ਤਾਬੀ ਭੱਜੇ, ੮ ਉਸ ਥਾਂ ਨੂੰ ਜਿਸ ਦੀ ਤੂੰ ਨੀਂਹ ਰੱਖੀ ਹੋਈ ਸੀ ― ਪਹਾੜ ਉਤਾਂਹ ਚੜ੍ਹੇ, ਦੂਣਾ ਹੇਠਾਂ ਉੱਤਰੀਆਂ ― ੯ ਤੂੰ ਉਨ੍ਹਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ ਕਿ ਓਹ ਅੱਗੇ ਨਾ ਲੰਘਣ, ਅਤੇ ਨਾ ਹੀ ਮੁੜ ਕੇ ਧਰਤੀ ਨੂੰ ਢੱਕ ਲੈਣ । ੧੦ ਤੂੰ ਚਸ਼ਮੇਂ ਵਾਦੀਆਂ ਵਿੱਚ ਵਗਾਉਂਦਾ ਹੈਂ, ਓਹ ਪਹਾੜਾਂ ਵਿੱਚ ਵੀ ਚੱਲਦੇ ਹਨ । ੧੧ ਰੜ ਦੇ ਜਾਨਵਰ ਉਨ੍ਹਾਂ ਤੋਂ ਪੀਂਦੇ ਹਨ, ਜੰਗਲੀ ਖੋਤੇ ਵੀ ਆਪਣੀ ਤੇਹ ਬੁਝਾਉਂਦੇ ਹਨ । ੧੨ ਉਨ੍ਹਾਂ ਦੇ ਲਾਗੇ ਅਕਾਸ਼ ਦੇ ਪੰਖੇਰੂ ਵਸੇਰਾ ਕਰਦੇ ਹਨ, ਅਤੇ ਟਹਿਣੀਆਂ ਤੋਂ ਬੋਲਦੇ ਹਨ । ੧੩ ਤੂੰ ਆਪਣਿਆਂ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈਂ, ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ । ੧੪ ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਕਿ ਧਰਤੀ ਵਿਚੋਂ ਆਹਾਰ ਕੱਢੇਂ, ੧੫ ਦਾਖ਼ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ । ੧੬ ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ, ੧੭ ਜਿੱਥੇ ਚਿੜੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ, ਅਤੇ ਲੰਮਢੀਂਗ ਦਾ ਘਰ ਚੀਲ ਦੇ ਰੁੱਖਾਂ ਉੱਤੇ ਹੈ । ੧੮ ਉੱਚੇ ਪਹਾੜ ਬਣ ਬੱਕਰਿਆਂ ਲਈ ਹਨ, ਢਿਗਾਂ ਪਹਾੜੀ ਸਹਿਆਂ ਲਈ ਓਟ ਹਨ । ੧੯ ਉਹ ਨੇ ਚੰਦ ਨੂੰ ਥਿਤਾਂ ਲਈ ਬਣਾਇਆ, ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ । ੨੦ ਤੂੰ ਅਨ੍ਹੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਬਣਚਰ ਦੱਬੀਂ ਪੈਰੀਂ ਨਿੱਕਲਦੇ ਹਨ । ੨੧ ਜੁਆਨ ਬੱਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ, ਅਤੇ ਪਰਮੇਸ਼ੁਰ ਕੋਲੋਂ ਆਪਣਾ ਅਹਾਰ ਮੰਗਦੇ ਹਨ, ੨੨ ਸੂਰਜ ਚੜਦੇ ਹੀ ਓਹ ਖਿਸਕ ਜਾਂਦੇ ਹਨ, ਅਤੇ ਆਪਣਿਆਂ ਘੁਰਨਿਆਂ ਵਿੱਚ ਜਾ ਬਹਿੰਦੇ ਹਨ । ੨੩ ਇਨਸਾਨ ਆਪਣੇ ਕੰਮ ਧੰਧੇ ਨੂੰ ਨਿੱਕਲਦਾ ਹੈ, ਅਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾਂ ਤੋੜੀ ਕਰਦਾ ਹੈ । ੨੪ ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ ! ਤੂੰ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ ! ੨੫ ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ, ਜਿੱਥੇ ਭੁੜਕਣ ਵਾਲੇ ਅਣਗਿਣਤ ਹਨ, ਓਹ ਨਿੱਕੇ ਨਿੱਕੇ ਤੇ ਵੱਡੇ-ਵੱਡੇ ਜੀਵ ਹਨ ! ੨੬ ਉੱਥੇ ਜਹਾਜ਼ ਚੱਲਦੇ ਹਨ, ਅਤੇ ਤੂੰ ਲਿਵਯਾਥਾਨ ਨੂੰ ਉਹ ਦੇ ਖੇਡਣ ਲਈ ਰਚਿਆ । ੨੭ ਏਹ ਸਾਰੇ ਤੇਰੀ ਉਡੀਕ ਵਿੱਚ ਹਨ, ਕਿ ਤੂੰ ਵੇਲੇ ਸਿਰ ਉਨ੍ਹਾਂ ਦਾ ਅਹਾਰ ਪਹੁੰਚਾਵੇਂ । ੨੮ ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਓਹ ਚੁਗ ਲੈਂਦੇ ਹਨ, ਤੂੰ ਆਪਣੀ ਮੁੱਠੀ ਖੋਲ੍ਹਦਾ ਹੈਂ, ਓਹ ਪਦਾਰਥਾਂ ਨਾਲ ਰੱਜ ਜਾਂਦੇ ਹਨ । ੨੯ ਤੂੰ ਆਪਣਾ ਮੁਖੜਾ ਲੁਕਾਉਂਦਾ ਹੈਂ, ਓਹ ਘਾਬਰ ਜਾਂਦੇ ਹਨ, ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ । ੩੦ ਤੂੰ ਆਪਣਾ ਆਤਮਾ ਭੇਜਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ, ਅਤੇ ਤੂੰ ਜ਼ਮੀਨ ਨੂੰ ਨਵਾਂ ਬਣਾ ਦਿੰਦਾ ਹੈਂ । ੩੧ ਯਹੋਵਾਹ ਦਾ ਪਰਤਾਪ ਸਦਾ ਲਈ ਹੋਵੇ, ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ, — ੩੨ ਜੋ ਧਰਤੀ ਵੱਲ ਨਿਗਾਹ ਮਾਰਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਟੁੰਬਦਾ ਹੈ ਅਤੇ ਧੂੰਆਂ ਨਿੱਕਲਦਾ ਹੈ ! ੩੩ ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ ! ੩੪ ਮੇਰਾ ਧਿਆਨ ਉਹ ਨੂੰ ਭਾਵੇ, ਮੈਂ ਯਹੋਵਾਹ ਵਿੱਚ ਮਗਨ ਰਹਾਂਗਾ । ੩੫ ਪਾਪੀ ਧਰਤੀ ਤੋਂ ਮਿਟ ਜਾਣ, ਅਤੇ ਦੁਸ਼ਟ ਬਾਕੀ ਨਾ ਰਹਿਣ ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹਲਲੂਯਾਹ ! ।