੧੧੩
ਉਸਤਤ ਦੇ ਯੋਗ ਨਾਮ
੧ ਹਲਲੂਯਾਹ ! ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ, ਯਹੋਵਾਹ ਦੇ ਨਾਮ ਦੀ ਉਸਤਤ ਕਰੋ ! ੨ ਯਹੋਵਾਹ ਦਾ ਨਾਮ ਮੁਬਾਰਕ ਹੋਵੇ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ! ੩ ਸੂਰਜ ਦੇ ਚੜਨ ਤੋਂ ਉਹ ਦੇ ਲਹਿਣ ਤੱਕ ਯਹੋਵਾਹ ਦੇ ਨਾਮ ਦੀ ਉਸਤਤ ਹੋਵੇ ! ੪ ਯਹੋਵਾਹ ਸਭ ਕੌਮਾਂ ਉੱਤੇ ਮਹਾਨ ਹੈ, ਉਹ ਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ । ੫ ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ ? ਜਿਹੜਾ ਉਚਿਆਈ ਤੇ ਵੱਸਦਾ ਹੈ, ੬ ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਕਿ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, ੭ ਜਿਹੜਾ ਗਰੀਬ ਨੂੰ ਖਾਕ ਵਿਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ, ੮ ਕਿ ਉਹ ਨੂੰ ਪਤਵੰਤਾਂ ਵਿੱਚ, ਸਗੋਂ ਉਹ ਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ, ੯ ਉਹ ਬੇਉਲਾਦਾ ਤੀਵੀਂ ਦਾ ਘਰ ਵਸਾਉਂਦਾ, ਅਤੇ ਬੱਚਿਆਂ ਦੀ ਮਾਂ ਬਣਾ ਕੇ ਉਹ ਨੂੰ ਅਨੰਦ ਕਰਦਾ ਹੈ । ਹਲਲੂਯਾਹ ! ।