੧੧੯
ਪਰਮੇਸ਼ੁਰ ਦੀ ਬਿਵਸਥਾ
ਅਲਫ਼
੧ ਧੰਨ ਓਹ ਹਨ ਜਿਹੜੇ ਪਰਮ ਚਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਨ ! ੨ ਧੰਨ ਓਹ ਹਨ ਜਿਹੜੇ ਇਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਤਨੋ ਮਨੋ ਉਹ ਨੂੰ ਭਾਲਦੇ ਹਨ ! ੩ ਓਹ ਤਾਂ ਬਦੀ ਨਹੀਂ ਕਰਦੇ, ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ । ੪ ਤੂੰ ਸਾਨੂੰ ਆਪਣੇ ਫਰਮਾਨਾਂ ਦਾ ਹੁਕਮ ਦਿੱਤਾ, ਕਿ ਅਸੀਂ ਮਨ ਲਾ ਕੇ ਉਨ੍ਹਾਂ ਦੀ ਪਾਲਣਾ ਕਰੀਏ । ੫ ਕਾਸ਼ ਕਿ ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ ! ੬ ਜਦ ਮੈਂ ਤੇਰੇ ਹੁਕਮਾਂ ਉੱਤੇ ਗੌਹ ਕਰਾਂਗਾ, ਤਦ ਮੈਂ ਲੱਜਿਆਵਾਨ ਨਾ ਹੋਵਾਂਗਾ । ੭ ਜਦ ਮੈਂ ਤੇਰਿਆਂ ਸੱਚਿਆਂ ਨਿਆਵਾਂ ਨੂੰ ਸਿੱਖ ਲਵਾਂਗਾ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ । ੮ ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਾਂਗਾ, ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇ !
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ
ਬੇਥ
੯ ਜੁਆਨ ਕਿੱਦਾਂ ਆਪਣੀ ਚਾਲ ਨੂੰ ਸੁੱਧ ਰੱਖੇ ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ । ੧੦ ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ ! ੧੧ ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ । ੧੨ ਹੇ ਯਹੋਵਾਹ, ਤੂੰ ਮੁਬਾਰਕ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ ! ੧੩ ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਮੂੰਹ ਦੇ ਸਾਰੇ ਨਿਆਵਾਂ ਦਾ ਨਿਰਨਾ ਕੀਤਾ । ੧੪ ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ, ਜਿਵੇਂ ਸਾਰੀ ਦੌਲਤ ਉੱਤੇ । ੧੫ ਮੈਂ ਤੇਰੇ ਫਰਮਾਨਾ ਵਿੱਚ ਲੀਨ ਹੋਵਾਂਗਾ, ਅਤੇ ਤੇਰੇ ਮਾਰਗਾਂ ਉੱਤੇ ਗੌਹ ਕਰਾਂਗਾ । ੧੬ ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ ।
ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਅਨੰਦ
ਗਿਮੇਲ
੧੭ ਆਪਣੇ ਸੇਵਕ ਉੱਤੇ ਉਪਕਾਰ ਕਰ ਕਿ ਮੈਂ ਜਿਉਂਦਾ ਰਹਾਂ, ਤੇ ਤੇਰੇ ਬਚਨ ਦੀ ਪਾਲਣਾ ਕਰਾਂ । ੧੮ ਮੇਰੀਆਂ ਅੱਖਾਂ ਖੋਲ੍ਹ, ਕਿ ਮੈਂ ਤੇਰੀ ਬਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ ! ੧੯ ਮੈਂ ਧਰਤੀ ਉੱਤੇ ਪਰਦੇਸੀ ਹਾਂ, ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ । ੨੦ ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਵਾਂ ਦੀ ਤਾਂਘ ਵਿੱਚ ਟੁੱਟਦੀ ਹੈ । ੨੧ ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ, ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ । ੨੨ ਮੇਰੇ ਉੱਤੋਂ ਨਿੰਦਿਆ ਤੇ ਨਫ਼ਰਤ ਦੁਰ ਕਰ, ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ ! ੨੩ ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ, ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ । ੨੪ ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ, ਅਤੇ ਮੇਰੇ ਲਈ ਸਲਾਹਕਾਰ ਹਨ ।
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣ ਦਾ ਸੰਕਲਪ
ਦਾਲਥ
੨੫ ਮੇਰੀ ਜਾਨ ਖਾਕ ਵਿੱਚ ਰਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਜੀਵਾਲ ! ੨੬ ਮੈਂ ਆਪਣੀ ਚਾਲ ਨੂੰ ਪਰਗਟ ਕੀਤਾ ਅਤੇ ਤੂੰ ਮੈਨੂੰ ਉੱਤਰ ਦਿੱਤਾ, ਆਪਣੀਆ ਬਿਧੀਆਂ ਮੈਨੂੰ ਸਿਖਲਾ ! ੨੭ ਆਪਣੇ ਫਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਮੈਂ ਤੇਰੇ ਅਚਰਜ ਕੰਮਾਂ ਉੱਤੇ ਧਿਆਨ ਲਾਵਾਂਗਾ । ੨੮ ਮੇਰੀ ਜਾਨ ਉਦਾਸੀ ਦੇ ਕਾਰਨ ਢਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ ਕਰ ! ੨੯ ਝੂਠ ਦਾ ਰਾਹ ਮੈਥੋਂ ਦੂਰ ਕਰ, ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖਸ਼ ਦੇ ! ੩੦ ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ, ਮੈਂ ਤੇਰਿਆਂ ਨਿਆਵਾਂ ਨੂੰ ਆਪਣੇ ਸਨਮੁੱਖ ਰੱਖਿਆ । ੩੧ ਮੈਂ ਤੇਰੀਆਂ ਸਾਖੀਆਂ ਨੂੰ ਫੜ ਛੱਡਿਆ ਹੈ, ਹੇ ਯਹੋਵਾਹ, ਮੈਨੂੰ ਲੱਜਿਆਵਾਨ ਨਾ ਕਰ ! ੩੨ ਜਦ ਤੂੰ ਮੇਰੇ ਮਨ ਨੂੰ ਵਧਾਵੇਂਗਾ, ਤਦ ਮੈ ਤੇਰੇ ਹੁਕਮਾਂ ਦੇ ਮਾਰਗ ਉੱਤੇ ਦੌੜਿਆ ਜਾਂਵਾਂਗਾ !
ਸਮਝ ਦੇ ਲਈ ਪ੍ਰਾਰਥਨਾ
ਹੇ
੩੩ ਹੇ ਯਹੋਵਾਹ,ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, ਤਾਂ ਮੈਂ ਅੰਤ ਤੱਕ ਉਹ ਨੂੰ ਸੰਭਾਲੀ ਰੱਖਾਂਗਾ । ੩੪ ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ । ੩੫ ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ ! ੩੬ ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ, ੩੭ ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ ! ੩੮ ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ, ਜਿਹੜਾ ਤੇਰੇ ਭੈ ਮੰਨਣ ਵਾਲਿਆਂ ਦੇ ਲਈ ਹੈ । ੩੯ ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇ, ਤੇਰੇ ਨਿਆਂ ਭਲੇ ਹਨ ! ੪੦ ਵੇਖ, ਤੇਰੇ ਫ਼ਰਮਾਨਾਂ ਲਈ ਲੋਚਿਆ ਹੈ, ਆਪਣੇ ਧਰਮ ਵਿੱਚ ਮੈਨੂੰ ਜਿਵਾਲ !
ਪਰਮੇਸ਼ੁਰ ਦੀ ਬਿਵਸਥਾ ਉੱਤੇ ਭਰੋਸਾ
ਵਾਵ
੪੧ ਹੇ ਯਹੋਵਾਹ, ਤੇਰੀ ਦਯਾ ਮੇਰੇ ਉੱਤੇ ਆਵੇ, ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ ! ੪੨ ਤਾਂ ਮੈ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ, ੪੩ ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ, ਕਿਉਂ ਜੋ ਤੇਰੇ ਨਿਆਵਾਂ ਉੱਤੇ ਮੇਰੀ ਆਸ ਹੈ, ੪੪ ਤਾਂ ਮੈ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੱਕ ਪਾਲਣਾ ਕਰਾਂਗਾ, ੪੫ ਅਤੇ ਮੈਂ ਖੁਲਮਖੁਲਾ ਚੱਲਦਾ ਫਿਰਾਂਗਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ । ੪੬ ਮੈਂ ਪਾਤਸ਼ਾਹਾਂ ਦੇ ਸਨਮੁੱਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, ਅਤੇ ਲੱਜਿਆਵਾਨ ਨਾ ਹੋਵਾਂਗਾ । ੪੭ ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ । ੪੮ ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ ।
ਪਰਮੇਸ਼ੁਰ ਦੀ ਬਿਵਸਥਾ ਵਿੱਚ ਆਸ
ਜ਼ੈਨ
੪੯ ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ,ਜਿਹ ਦੇ ਉੱਤੇ ਤੂੰ ਮੈਨੂੰ ਆਸ ਦੁਆਈ ਹੈ ! ੫੦ ਏਹੀ ਮੇਰੇ ਦੁੱਖ ਵਿੱਚ ਮੇਰੀ ਤੱਸਲੀ ਹੈ, ਕਿ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ । ੫੧ ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁਖ ਨਾ ਹੋਇਆ । ੫੨ ਹੇ ਯਹੋਵਾਹ, ਮੈਂ ਤੇਰੇ ਪਰਾਚੀਨ ਨਿਆਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ । ੫੩ ਮੇਰਾ ਗੁੱਸਾ ਭਖ ਉੱਠਿਆ ਹੈ, ਕਿ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ । ੫੪ ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ । ੫੫ ਹੇ ਯਹੋਵਾਹ,ਮੈਂ ਰਾਤੀਂ ਤੇਰੇ ਨਾਮ ਨੂੰ ਚੇਤੇ ਕੀਤਾ ਹੈ, ਅਤੇ ਤੇਰੀ ਬਿਵਸਥਾ ਦੀ ਪਾਲਣਾ ਕੀਤੀ ੫੬ ਇਹ ਮੈਨੂੰ ਇਸ ਲਈ ਹੋਇਆ, ਕਿ ਮੈਂ ਤੇਰੇ ਫ਼ਰਮਾਨਾਂ ਨੂੰ ਸੰਭਾਲਿਆ ਹੈ ।
ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਭਗਤੀ
ਖੇਥ
੫੭ ਯਹੋਵਾਹ ਮੇਰਾ ਭਾਗ ਹੈ, ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਣਾ ਕਰਾਂਗਾ । ੫੮ ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਣ ਲਈ ਬੇਨਤੀ ਕੀਤੀ ਹੈ, ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ । ੫੯ ਮੈਂ ਆਪਣੇ ਚਾਲ-ਚਲਣ ਨੂੰ ਸੋਚਿਆ, ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫੇਰੇ ਹਨ । ੬੦ ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਕਿ ਤੇਰੇ ਹੁਕਮਾਂ ਦੀ ਪਾਲਣਾ ਕਰਾਂ । ੬੧ ਦੁਸ਼ਟਾਂ ਦੇ ਬੰਨਾਂ ਨੇ ਮੈਨੂੰ ਵਲ ਲਿਆ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀ ਵਿਸਾਰਿਆ । ੬੨ ਤੇਰੇ ਧਰਮ ਦਿਆਂ ਨਿਆਵਾਂ ਦੇ ਕਾਰਨ, ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ । ੬੩ ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈ ਰੱਖਦੇ ਹਨ, ਅਤੇ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਦੇ ਹਨ । ੬੪ ਹੇ ਯਹੋਵਾਹ,ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ,ਆਪਣੀਆਂ ਬਿਧੀਆਂ ਮੈਨੂੰ ਸਿਖਲਾ !
ਪਰਮੇਸ਼ੁਰ ਦੀ ਬਿਵਸਥਾ ਦਾ ਮੁੱਲ
ਟੇਥ
੬੫ ਆਪਣੇ ਸੇਵਕ ਨਾਲ ਤੂੰ ਭਲਿਆਈ ਕੀਤੀ ਹੈ,ਹੇ ਯਹੋਵਾਹ, ਆਪਣੇ ਬਚਨ ਅਨੁਸਾਰ ੬੬ ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ,ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ । ੬੭ ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸੀ,ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ । ੬੮ ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ,ਆਪਣੀਆਂ ਬਿਧੀਆਂ ਮੈਨੂੰ ਸਿਖਲਾ । ੬੯ ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ,ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਗਾ । ੭੦ ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ,ਪਰ ਮੈਂ ਤੇਰੀ ਬਿਵਸਥਾ ਵਿੱਚ ਖੁਸ਼ ਹਾਂ । ੭੧ ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ,ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ । ੭੨ ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ !
ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ
ਯੋਧ
੭੩ ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ,ਮੈਨੂੰ ਗਿਆਨ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ । ੭੪ ਜਿਹੜੇ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਅਨੰਦ ਹੋਣਗੇ,ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ । ੭੫ ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ, ਸੋ ਤੂੰ ਵਫ਼ਾਦਾਰੀ ਨਾਲ ਮੈਨੂੰ ਦੁੱਖ ਦਿੱਤਾ । ੭੬ ਤੇਰੀ ਦਯਾ ਮੈਨੂੰ ਸ਼ਾਂਤ ਦੇਵੇ, ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ । ੭੭ ਤੇਰੀਆਂ ਦਿਆਲਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ,ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ ! ੭੮ ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਨ੍ਹਾਂ ਨੇ ਝੂਠ ਨਾਲ ਮੈਨੂੰ ਡੇਗ ਦਿੱਤਾ ਹੈ,ਪਰ ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਰਹਾਂਗਾ । ੭੯ ਤੇਰੇ ਭੈ ਮੰਨਣ ਵਾਲੇ ਮੇਰੀ ਵੱਲ ਫਿਰਨ,ਅਤੇ ਉਹ ਜੋ ਤੇਰੀਆਂ ਸਾਖੀਆਂ ਜਾਣਦੇ ਹਨ । ੮੦ ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ,ਕਿ ਮੈਂ ਲੱਜਿਆਵਾਨ ਨਾ ਹੋਵਾਂ !
ਛੁਟਕਾਰੇ ਦੇ ਲਈ ਪ੍ਰਾਰਥਨਾ
ਕਾਫ
੮੧ ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ,ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ । ੮੨ ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ, ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ ? ੮੩ ਮੈਂ ਤਾਂ ਧੂੰਏਂ ਵਿੱਚ ਦੀ ਮਸ਼ਕ ਵਾਙੁ ਹੋਇਆ,ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ । ੮੪ ਤੇਰੇ ਸੇਵਕ ਦੇ ਦਿਨ ਕਿੰਨੇ ਕੁ ਹਨ ? ਤੂੰ ਕਦੋਂ ਮੇਰਾ ਪਿੱਛਾ ਕਰਨ ਵਾਲਿਆਂ ਦਾ ਨਿਆਂ ਕਰੇਂਗਾ ? ੮੫ ਜਿਹੜੇ ਤੇਰੀ ਬਿਵਸਥਾ ਦੇ ਅਨੁਸਾਰ ਨਹੀਂ ਚੱਲਦੇ,ਉਨ੍ਹਾਂ ਹੰਕਾਰੀਆਂ ਨੇ ਮੇਰੇ ਲਈ ਟੋਏ ਪੁੱਟੇ । ੮੬ ਤੇਰੇ ਸਾਰੇ ਹੁਕਮ ਸੱਚੇ ਹਨ,ਉਹ ਝੂਠ ਨਾਲ ਮੇਰੇ ਪਿੱਛੇ ਪਏ ਹੋਏ ਹਨ,ਤੂੰ ਮੇਰੀ ਸਹਾਇਤਾ ਕਰ ! ੮੭ ਉਹ ਧਰਤੀ ਉੱਤੋ ਮੈਨੂੰ ਮਿਟਾ ਦੇਣ ਨੂੰ ਸਨ,ਪਰ ਮੈਂ ਤੇਰੇ ਫ਼ਰਮਾਨਾਂ ਨੂੰ ਨਾ ਤਿਆਗਿਆ । ੮੮ ਆਪਣੀ ਦਯਾ ਦੇ ਅਨੁਸਾਰ ਮੈਨੂੰ ਜੀਂਉਦਾ ਰੱਖ,ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਣਾ ਕਰਾਂਗਾ ।
ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਵਿਸ਼ਵਾਸ
ਲਾਮੇਧ
੮੯ ਹੇ ਯਹੋਵਾਹ,ਸਦਾ ਤੱਕ ਤੇਰਾ ਬਚਨ ਅਕਾਸ਼ ਉੱਤੇ ਇਸਥਿਰ ਹੈ ! ੯੦ ਤੇਰੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਹੈ,ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ । ੯੧ ਉਹ ਤੇਰੇ ਨਿਆਵਾਂ ਅਨੁਸਾਰ ਅੱਜ ਤੱਕ ਖੜੇ ਹਨ,ਕਿਉਂ ਜੋ ਸੱਭੋ ਤੇਰੇ ਸੇਵਕ ਹਨ । ੯੨ ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ,ਤਾਂ ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ । ੯੩ ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ,ਕਿਉਂਕਿ ਉਨ੍ਹਾਂ ਨਾਲ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ । ੯੪ ਮੈਂ ਤੇਰਾ ਹੀ ਹਾਂ,ਮੈਨੂੰ ਬਚਾ,ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ ! ੯੫ ਦੁਸ਼ਟ ਮੇਰੇ ਨਾਸ ਕਰਨ ਲਈ ਘਾਤ ਵਿੱਚ ਬੈਠੇ ਸਨ,ਪਰ ਮੈਂ ਤੇਰੀਆਂ ਸਾਖੀਆਂ ਦਾ ਵਿਚਾਰ ਕਰਾਂਗਾ । ੯੬ ਸਾਰੇ ਕਮਾਲ ਦਾ ਅੰਤ ਮੈਂ ਵੇਖਿਆ,ਪਰ ਤੇਰਾ ਹੁਕਮਨਾਮਾ ਬਹੁਤ ਲੰਮਾ ਚੌੜਾ ਹੈ ।
ਪਰਮੇਸ਼ੁਰ ਦੀ ਬਿਵਸਥਾ ਦੇ ਲਈ ਪ੍ਰੇਮ
ਮੀਮ
੯੭ ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ,ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ ! ੯੮ ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ,ਕਿਉਂ ਜੋ ਉਹ ਸਦਾ ਮੇਰੇ ਨਾਲ ਹੈ । ੯੯ ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ,ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ । ੧੦੦ ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਚਦਾ ਹਾਂ,ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ । ੧੦੧ ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ,ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰਾਂ । ੧੦੨ ਤੇਰਿਆਂ ਨਿਆਵਾਂ ਤੋਂ ਮੈਂ ਨਹੀਂ ਹਟਿਆ,ਕਿਉਂ ਜੋ ਤੂੰ ਮੈਨੂੰ ਸਿੱਖਿਆ ਦਿੱਤੀ ਹੈ । ੧੦੩ ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, ਸ਼ਹਿਤ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ ! ੧੦੪ ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ ।
ਪਰਮੇਸ਼ੁਰ ਦੀ ਬਿਵਸਥਾ ਦਾ ਪਰਕਾਸ਼
ਨੂਨ
੧੦੫ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ । ੧੦੬ ਮੈਂ ਸਹੁੰ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ, ਕਿ ਮੈਂ ਤੇਰੇ ਧਰਮ ਦੇ ਨਿਆਵਾਂ ਦੀ ਪਾਲਣਾ ਕਰਾਂਗਾ । ੧੦੭ ਹੇ ਯਹੋਵਾਹ,ਮੈਂ ਬਹੁਤ ਹੀ ਦੁਖੀ ਹੋਇਆ ਹਾਂ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜਿਉਂਦਾ ਰੱਖ ! ੧੦੮ ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰਕੇ ਕਬੂਲ ਕਰ, ਅਤੇ ਆਪਣਾ ਨਿਆਂ ਮੈਨੂੰ ਸਿਖਲਾ । ੧੦੯ ਮੇਰੀ ਜਾਨ ਹਰ ਵੇਲੇ ਤਲੀ ਉੱਤੇ ਹੈ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਦਾ ! ੧੧੦ ਦੁਸ਼ਟਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ, ਪਰ ਮੈਂ ਤੇਰੇ ਫ਼ਰਮਾਨਾਂ ਤੋਂ ਆਵਾਰਾ ਨਹੀਂ ਹੋਇਆ । ੧੧੧ ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, ਉਹ ਤਾਂ ਮੇਰੇ ਮਨ ਦੀ ਖੁਸ਼ੀ ਹਨ । ੧੧੨ ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ, ਕਿ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੱਕ ਸਦਾ ਹੀ ਪੂਰਾ ਕਰਾ ।
ਪਰਮੇਸ਼ੁਰ ਦੀ ਬਿਵਸਥਾ ਵਿੱਚ ਸੁਰੱਖਿਆ
ਸਾਮੇਖ
੧੧੩ ਮੈਂ ਦੁਚਿੱਤਿਆ ਨਾਲ ਖੁਣਸ ਕਰਦਾ ਹਾਂ,ਪਰ ਤੇਰੀ ਬਿਵਸਥਾ ਨਾਲ ਪ੍ਰੀਤ ਰੱਖਦਾ ਹਾਂ । ੧੧੪ ਤੂੰ ਮੇਰੀ ਪਨਾਹਗਾਹ ਤੇ ਮੇਰੀ ਢਾਲ ਹੈਂ, ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ । ੧੧੫ ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ, ਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂ ! ੧੧੬ ਆਪਣੇ ਬਚਨ ਅਨੁਸਾਰ ਮੈਨੂੰ ਥਮ ਕਿ ਮੈਂ ਜਿਉਂਦਾ ਰਹਾਂ, ਅਤੇ ਆਪਣੀ ਤਾਂਘ ਤੋਂ ਸ਼ਰਮਿੰਦਾ ਨਾ ਹੋਵਾਂ ! ੧੧੭ ਮੈਨੂੰ ਸਾਂਭ ਤਾਂ ਮੈਂ ਬਚ ਜਾਂਵਾਂਗਾ, ਅਤੇ ਤੇਰੀਆਂ ਬਿਧੀਆਂ ਤੇ ਸਦਾ ਗੌਹ ਕਰਾਂਗਾ । ੧੧੮ ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ । ੧੧੯ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖੋਟ ਵਾਂਗੂੰ ਦੂਰ ਸੁੱਟਦਾ ਹੈਂ,ਤਾਂ ਹੀ ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ । ੧੨੦ ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ, ਅਤੇ ਮੈਂ ਤੇਰੇ ਨਿਆਵਾਂ ਤੋਂ ਡਰਦਾ ਹਾਂ ।
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ
ਏਨ
੧੨੧ ਮੈਂ ਨਿਆਂ ਤੇ ਧਰਮ ਕੀਤਾ ਹੈ, ਤੂੰ ਮੈਨੂੰ ਮੇਰੇ ਦਬਾਉਣ ਵਾਲਿਆਂ ਕੋਲ ਨਾ ਛੱਡ ! ੧੨੨ ਭਲਿਆਈ ਲਈ ਆਪਣੇ ਸੇਵਕ ਦਾ ਜਾਮਨ ਬਣ, ਹੰਕਾਰੀ ਮੈਨੂੰ ਨਾ ਦਬਾਉਣ ! ੧੨੩ ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ । ੧੨੪ ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ, ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ । ੧੨੫ ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖਸ਼, ਕਿ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ । ੧੨੬ ਏਹ ਯਹੋਵਾਹ ਦੇ ਕੰਮ ਦਾ ਵੇਲਾ ਹੈ, — ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ ! ੧੨੭ ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ ! ੧੨੮ ਇਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫਰਮਾਨ ਠੀਕ ਸਮਝਦਾ ਹਾਂ, ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ ।
ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਦੀ ਇੱਛਾ
ਪੇ
੧੨੯ ਤੇਰੀਆਂ ਸਾਖੀਆਂ ਅਚਰਜ ਹਨ, ਇਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਣਾ ਕਰਦੀ ਹੈ ! ੧੩੦ ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖਸ਼ਦਾ ਹੈ । ੧੩੧ ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸੀ । ੧੩੨ ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ, ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੀ । ੧੩੩ ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾਂ ਦੇ, ਕਿ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ । ੧੩੪ ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ, ਕਿ ਮੈਂ ਤੇਰੇ ਫਰਮਾਨਾਂ ਦੀ ਪਾਲਣਾ ਕਰਾਂ । ੧੩੫ ਆਪਣੇ ਮੁਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ, ਅਤੇ ਆਪਣੀਆਂ ਬਿਧੀਆਂ ਸਾਨੂੰ ਸਿਖਲਾ । ੧੩੬ ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ ।
ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ
ਸਾਂਦੇ
੧੩੭ ਹੇ ਯਹੋਵਾਹ, ਤੂੰ ਧਰਮੀ ਹੈਂ, ਅਤੇ ਤੇਰੇ ਨਿਆਂ ਸਿੱਧੇ ਹਨ । ੧੩੮ ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ । ੧੩੯ ਮੇਰੀ ਗੈਰਤ ਨੇ ਮੈਨੂੰ ਖ਼ਤਮ ਕੀਤਾ, ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ । ੧੪੦ ਤੇਰਾ ਬਚਨ ਅੱਤ ਤਾਇਆ ਹੋਇਆ ਹੈ, ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ । ੧੪੧ ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, ਤਾਂ ਵੀ ਮੈਂ ਤੇਰੇ ਫਰਮਾਨ ਨਹੀਂ ਭੁੱਲਿਆ ! ੧੪੨ ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸੱਚ ਹੈ । ੧੪੩ ਦੁੱਖ ਤੇ ਰੰਜ ਮੈਨੂੰ ਲੱਭਾ, ਪ੍ਰ ਤੇਰੇ ਹੁਕਮ ਮੇਰੀ ਖੁਸ਼ੀ ਹਨ । ੧੪੪ ਤੇਰੀਆਂ ਸਾਖੀਆਂ ਸਦਾ ਤੱਕ ਧਰਮ ਦੀਆਂ ਹਨ, ਮੈਨੂੰ ਸਮਝ ਦੇ ਤਾਂ ਮੈਂ ਜਿਉਂਦਾ ਰਹਾਂਗਾ ।
ਛੁਟਕਾਰੇ ਦੇ ਲਈ ਪ੍ਰਾਰਥਨਾ
ਕਾਫ਼
੧੪੫ ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ ! ੧੪੬ ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਣਾ ਕਰਾਂਗਾ ! ੧੪੭ ਮੈਂ ਪੌਹ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ, ਮੈਂ ਤੇਰੇ ਬਚਨ ਲਈ ਆਸਾ ਰੱਖੀ । ੧੪੮ ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁਲ੍ਹੀਆਂ ਰਹੀਆਂ, ਕਿ ਤੇਰੇ ਬਚਨ ਵਿੱਚ ਲੀਨ ਹੋਵਾਂ । ੧੪੯ ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ, ਹੇ ਯਹੋਵਾਹ, ਆਪਣੇ ਨਿਆਂ ਅਨੁਸਾਰ ਮੈਨੂੰ ਜਿਉਂਦਾ ਰੱਖ ! ੧੫੦ ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ, ਓਹ ਤੇਰੀ ਬਿਵਸਥਾ ਤੋਂ ਦੂਰ ਹਨ । ੧੫੧ ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ ! ੧੫੨ ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ, ਕਿ ਤੂੰ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ ! ।
ਸਹਾਇਤਾ ਦੇ ਲਈ ਬੇਨਤੀ
ਰੇਸ਼
੧੫੩ ਮੇਰੇ ਦੁੱਖ ਦੇ ਵੇਲੇ ਵੇਖ ਤੇ ਮੈਨੂੰ ਛੁਡਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ ! ੧੫੪ ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇ, ਆਪਣੇ ਬਚਨ ਨਾਲ ਮੈਨੂੰ ਜਿਉਂਦਾ ਰੱਖ ! ੧੫੫ ਮੁਕਤੀ ਦੁਸ਼ਟਾਂ ਤੋਂ ਦੂਰ ਹੈ, ਇਸ ਲਈ ਕਿ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ । ੧੫੬ ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ, ਆਪਣੇ ਨਿਆਵਾਂ ਅਨੁਸਾਰ ਮੈਨੂੰ ਜਿਉਂਦਾ ਰੱਖ ! ੧੫੭ ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ, ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ । ੧੫੮ ਮੈਂ ਚਾਲ ਬਾਜ਼ਾਂ ਨੂੰ ਵੇਖਿਆ ਤੇ ਘਿਣ ਕੀਤੀ, ਜਿਹੜੇ ਤੇਰੇ ਬਚਨ ਦੀ ਪਾਲਣਾ ਨਹੀਂ ਕਰਦੇ । ੧੫੯ ਵੇਖ, ਕਿ ਮੈਂ ਤੇਰੇ ਫਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ, ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜਿਉਂਦਾ ਰੱਖ ! ੧੬੦ ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ ।
ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਸਮਰਪਣ
ਸ਼ੀਨ
੧੬੧ ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ, ਪਰ ਮੇਰਾ ਮਨ ਤੇਰੇ ਬਚਨ ਤੋਂ ਭੈ ਰੱਖਦਾ ਹੈ । ੧੬੨ ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, ਜਿਦਾਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ ! ੧੬੩ ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ । ੧੬੪ ਤੇਰੇ ਧਰਮ ਦੇ ਨਿਆਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਚ ਵਾਰ ਤੇਰੀ ਉਸਤਤ ਕਰਦਾ ਹਾਂ । ੧੬੫ ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ । ੧੬੬ ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ, ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ । ੧੬੭ ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ ! ੧੬੮ ਮੈਂ ਤੇਰੇ ਫਰਮਾਨਾਂ ਤੇ ਤੇਹੀਆਂ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, ਇਸ ਲਈ ਕਿ ਮੇਰੀਆਂ ਸਾਰੀਆਂ ਚਾਲਾਂ ਤੇਰੇ ਸਾਹਮਣੇ ਹਨ ।
ਸਹਾਇਤਾ ਦੇ ਲਈ ਪ੍ਰਾਰਥਨਾ
ਤਾਵ
੧੬੯ ਮੇਰੀ ਪੁਕਾਰ, ਹੇ ਯਹੋਵਾਹ, ਤੇਰੇ ਹਜ਼ੂਰ ਪਹੁੰਚੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਸਮਝ ਦੇ ! ੧੭੦ ਮੇਰੀ ਅਰਜੋਈ ਤੇਰੇ ਹਜ਼ੂਰ ਆਵੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਛੁਡਾ ! ੧੭੧ ਮੇਰੇ ਬੁੱਲ੍ਹ ਤੇਰੀ ਉਸਤਤ ਉਚਰਨ, ਕਿਉਂ ਜੋ ਤੂੰ ਆਪਣੀਆਂ ਬਿਧੀਆਂ ਮੈਨੂੰ ਸਿਖਾਉਂਦਾ ਹੈਂ । ੧੭੨ ਮੇਰੀ ਜੀਭ ਤੇਰੇ ਬਚਨ ਦਾ ਗੀਤ ਗਾਵੇ, ਕਿਉਂ ਜੋ ਤੇਰੇ ਸਾਰੇ ਹੁਕਮ ਧਰਮ ਦੇ ਹਨ । ੧੭੩ ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਫਰਮਾਨ ਚੁਣ ਲਏ ਹਨ । ੧੭੪ ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ ! ੧੭੫ ਮੇਰੀ ਜਾਨ ਜਿਉਂਦੀ ਰਹੇ ਕਿ ਉਹ ਤੇਰੀ ਉਸਤਤ ਕਰੇ, ਅਤੇ ਤੇਰੇ ਨਿਆਂ ਮੇਰੀ ਸਹਾਇਤਾ ਕਰਨ । ੧੭੬ ਮੈਂ ਗੁਆਚੀ ਹੋਈ ਭੇਡ ਵਾਂਗੂੰ ਭਟਕ ਗਿਆ ਹਾਂ, ਆਪਣੇ ਦਾਸ ਨੂੰ ਭਾਲ, ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ ।