੧੨੪
ਪਰਮੇਸ਼ੁਰ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ
ਦਾਊਦ ਦਾ ਯਾਤਰਾ ਦਾ ਗੀਤ
੧ ਜੇ ਯਹੋਵਾਹ ਸਾਡੀ ਵੱਲ ਨਾ ਹੁੰਦਾ, ਇਸਰਾਏਲ ਇਹ ਆਖੇ, ੨ ਜੇ ਯਹੋਵਾਹ ਉਸ ਵੇਲੇ ਸਾਡੇ ਵੱਲ ਨਾ ਹੁੰਦਾ, ਜਦ ਮਨੁੱਖ ਸਾਡੇ ਵਿਰੁੱਧ ਉੱਠੇ, ੩ ਤਾਂ ਓਹ ਸਾਨੂੰ ਜਿਉਂਦਿਆਂ ਨੂੰ ਨਿਗਲ ਲੈਂਦੇ, ਜਦੋਂ ਉਨ੍ਹਾਂ ਦਾ ਕ੍ਰੋਧ ਸਾਡੇ ਉੱਤੇ ਭੜਕ ਉੱਠਿਆ, ੪ ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ, ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ, ੫ ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ ! ੬ ਯਹੋਵਾਹ ਮੁਬਾਰਕ ਹੋਵੇ, ਜਿਸ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਨਾ ਹੋਣ ਦਿੱਤਾ ! ੭ ਸਾਡੀ ਜਾਨ ਚਿੜੀ ਵਾਂਗੂੰ ਚਿੜੀਮਾਰ ਦੀ ਫਾਹੀ ਤੋਂ ਛੁਡਾਈ ਗਈ, ਫਾਹੀ ਟੁੱਟੀ, ਸਾਡੀ ਜਾਨ ਛੁੱਟੀ । ੮ ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ, ਜਿਹੜਾ ਅਕਾਸ਼ ਅਤੇ ਧਰਤੀ ਦਾ ਕਰਤਾ ਹੈ ।