੧੪੬
ਮੁਕਤੀਦਾਤਾ ਪਰਮੇਸ਼ੁਰ ਦੀ ਉਸਤਤ
੧ ਹਲਲੂਯਾਹ ! ਹੇ ਮੇਰੀ ਜਾਨ, ਯਹੋਵਾਹ ਦੀ ਉਸਤਤ ਕਰ ! ੨ ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ । ੩ ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ । ੪ ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ ! ੫ ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ ! ੬ ਉਹ ਨੇ ਅਕਾਸ਼ ਤੇ ਧਰਤੀ ਨੂੰ ਸਮੁੰਦਰ ਨੂੰ ਤੇ ਜੋ ਕੁੱਝ ਉਸ ਵਿੱਚ ਹੈ ਬਣਾਇਆ, ਉਹ ਵਫ਼ਾਦਾਰੀ ਦੀ ਸਦਾ ਤੱਕ ਪਾਲਣਾ ਕਰਦਾ ਹੈ । ੭ ਉਹ ਦਬਾਏ ਹੋਇਆਂ ਦਾ ਨਿਆਂ ਕਰਦਾ ਹੈ, ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, ਯਹੋਵਾਹ ਗ਼ੁਲਾਮਾਂ ਨੂੰ ਛੁਡਾ ਦਿੰਦਾ ਹੈ । ੮ ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, ਯਹੋਵਾਹ ਝੁਕਿਆ ਹੋਇਆਂ ਨੂੰ ਸਿੱਧਾ ਕਰਦਾ ਹੈ, ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ । ੯ ਯਹੋਵਾਹ ਪਰਦੇਸੀਆਂ ਦੀ ਪਾਲਣਾ ਕਰਦਾ ਹੈ, ਯਤੀਮਾਂ ਤੇ ਵਿਧਵਾ ਨੂੰ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ । ੧੦ ਯਹੋਵਾਹ ਸਦਾ ਤੱਕ ਰਾਜ ਕਰੇਗਾ, ਤੇਰਾ ਪਰਮੇਸ਼ੁਰ, ਹੇ ਸੀਯੋਨ, ਪੀੜ੍ਹੀਓ ਪੀੜ੍ਹੀ ਤੱਕ । ਹਲਲੂਯਾਹ !